ਫਾਜ਼ਿਲਕਾ: ਗਵਰਨਰ ਕਟਾਰੀਆ ਮੌਜ਼ਮ ਵਿਖੇ BSF ਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕਰਨ ਪਹੁੰਚੇ
ਜਵਾਨਾਂ ਨੂੰ ਰੱਖੜੀ ਦੀਆਂ ਦਿੱਤੀਆਂ ਵਧਾਈਆਂ
ਫਾਜ਼ਿਲਕਾ, 23 ਅਗਸਤ 2026: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਫਾਜ਼ਿਲਕਾ ਦੇ ਪਿੰਡ ਮੌਜ਼ਮ ਵਿਖੇ ਬੀ.ਐਸ.ਐਫ. ਦੇ ਜਵਾਨਾਂ ਦੀ ਹੌਸਲਾ-ਅਫ਼ਜ਼ਾਈ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਬੀ.ਐਸ.ਐਫ. ਦੇ ਜਵਾਨਾਂ ਨੂੰ ਰੱਖੜੀ ਦੀਆਂ ਵਧਾਈਆਂ ਵੀ ਦਿੱਤੀਆਂ। ਜਵਾਨਾਂ ਨਾਲ ਮੁਲਾਕਾਤ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਾਨੂੰ ਆਪਣੇ ਬਹਾਦਰ ਜਵਾਨਾਂ ’ਤੇ ਮਾਣ ਹੈ, ਜੋ ਸਾਡੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਹੱਦਾਂ ’ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਸਾਡੇ ਇਨ੍ਹਾਂ ਬਹਾਦਰ ਜਵਾਨਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦ ਫ਼ਿਜ਼ਾ ਦਾ ਆਨੰਦ ਮਾਣ ਰਹੇ ਹਾਂ।
ਉਨ੍ਹਾਂ ਬੀ.ਐਸ.ਐਫ. ਦੇ ਜਵਾਨਾਂ ਨੂੰ ਰੱਖੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣਾਂ ਅਤੇ ਭਰਾਵਾਂ ਦੇ ਪਿਆਰ ਤੇ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਲਈ ਅਨੇਕਾਂ ਉਮੰਗਾਂ ਅਤੇ ਚਾਵਾਂ ਨਾਲ ਰੱਖੜੀ ਲੈ ਕੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਜ਼ਿਲ੍ਹੇ ਦੀਆਂ ਮਹਿਲਾਵਾਂ ਅਤੇ ਧੀਆਂ ਦੇ ਵੀ ਧੰਨਵਾਦੀ ਹਨ, ਜੋ ਇਸ ਪਵਿੱਤਰ ਤਿਉਹਾਰ ਮੌਕੇ ਬੀ.ਐਸ.ਐਫ. ਦੇ ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਪਹੁੰਚੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਅਤੇ ਐਸ.ਐਸ.ਪੀ. ਗਗਨਜੀਤ ਸਿੰਘ ਵੀ ਮੌਜੂਦ ਸਨ।
- Download Babushahi App
-
-