ਜਦੋਂ ਹੋਵੇ ਸਤਰਕ ਨਾਗਰਿਕ ਤੇ ਫੁਰਤੀਲੀ ਪੁਲਿਸ:..ਤਾਂ ਅਪਰਾਧੀਆਂ ਲਈ ਕੋਈ ਥਾਂ ਨਹੀਂ!
ਲਿਨਫੀਲਡ ਸੁਪਰਮਾਰਕੀਟ ’ਚ ਚੋਰੀ ਦੀ ਕੋਸ਼ਿਸ਼ ਨਾਕਾਮ, ਡਿਊਟੀ ਤੋਂ ਛੁੱਟੀ ’ਤੇ ਆਏ ਪੁਲਿਸ ਅਧਿਕਾਰੀ ਨੇ ਮੁਲਜ਼ਮ ਨੂੰ ਦਬੋਚਿਆ
-ਧੱਕਾਮੁੱਕੀ ਅਤੇ ਧਮਕੀਆਂ ਤੋਂ ਬਾਅਦ ਪੁਲਿਸ ਨੇ ਦੋਵਾਂ ਆਰੋਪੀਆਂ ਨੂੰ ਲਿਆ ਹਿਰਾਸਤ ’ਚ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24 ਅਗਸਤ 2026:-ਔਕਲੈਂਡ ਦੇ ਲਿਨਫੀਲਡ ਇਲਾਕੇ ’ਚ ਸਥਿਤ ਇਕ ਸੁਪਰਮਾਰਕੀਟ ’ਚੋਂ ਸਾਮਾਨ ਚੋਰੀ ਕਰਕੇ ਭੱਜ ਰਹੇ ਵਿਅਕਤੀ ਨੂੰ ਡਿਊਟੀ ਤੋਂ ਛੁੱਟੀ ’ਤੇ ਆਏ ਇਕ ਪੁਲਿਸ ਅਧਿਕਾਰੀ ਨੇ ਆਮ ਜਨਤਾ ਦੀ ਮਦਦ ਨਾਲ ਰੰਗੇ ਹੱਥੀਂ ਕਾਬੂ ਕਰ ਲਿਆ। ਇਹ ਘਟਨਾ ਬੀਤੇ ਕੱਲ੍ਹ ਦੁਪਹਿਰ ਲਗਭਗ 1:15 ਵਜੇ ਵਾਪਰੀ, ਜਦੋਂ ਛੁੱਟੀ ’ਤੇ ਆਏ ਪੁਲਿਸ ਅਧਿਕਾਰੀ ਨੇ ਇਕ ਵਿਅਕਤੀ ਨੂੰ ਕਰਿਆਨੇ ਦੇ ਸਾਮਾਨ ਨਾਲ ਭਰੀ ਟਰਾਲੀ ਬਿਨਾਂ ਭੁਗਤਾਨ ਕੀਤੇ ਬਾਹਰ ਲੈ ਜਾਂਦੇ ਦੇਖਿਆ। ਆਕਲੈਂਡ ਸਿਟੀ ਵੈਸਟ ਏਰੀਆ ਰਿਸਪੌਂਸ ਮੈਨੇਜਰ, ਸੀਨੀਅਰ ਸਰਜੈਂਟ ਗਾਈ ਬਾਲਡਵਿਨ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਇਕ ਆਮ ਨਾਗਰਿਕ ਨੇ ਵੀ ਪੁਲਿਸ ਅਧਿਕਾਰੀ ਦੀ ਮਦਦ ਕੀਤੀ। ਆਰੋਪੀ ਨੇ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ, ਜਿਸ ਕਾਰਨ ਦੋਵਾਂ ਵਿਚਾਲੇ ਕਾਫ਼ੀ ਧੱਕਾਮੁੱਕੀ ਹੋਈ। ਇਸੇ ਦੌਰਾਨ, ਆਰੋਪੀ ਦੀ ਮਹਿਲਾ ਭਾਈਵਾਲ ਮੌਕੇ ਤੋਂ ਚਲੀ ਗਈ ਅਤੇ ਥੋੜ੍ਹੀ ਦੇਰ ਬਾਅਦ ਇਕ ਗੱਡੀ ’ਚ ਵਾਪਸ ਆਈ। ਉਸ ਨੇ ਪੁਲਿਸ ਅਧਿਕਾਰੀ ਅਤੇ ਮਦਦ ਕਰ ਰਹੇ ਨਾਗਰਿਕ ਨੂੰ ਗੰਭੀਰ ਧਮਕੀਆਂ ਦਿੱਤੀਆਂ। ਸੀਨੀਅਰ ਸਰਜੈਂਟ ਬਾਲਡਵਿਨ ਅਨੁਸਾਰ, ਇਸ ਖਿੱਚੋਤਾਣ ਦੌਰਾਨ ਆਰੋਪੀ ਛੁੱਟ ਕੇ ਆਪਣੀ ਸਾਥੀ ਦੀ ਗੱਡੀ ’ਚ ਬੈਠ ਕੇ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਿਆ। ਹਾਲਾਂਕਿ, ਪੁਲਿਸ ਟੀਮ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਗੱਡੀ ਦਾ ਪਿੱਛਾ ਕੀਤਾ ਅਤੇ ਕੈਲਟੈਕਸ ਬਲਾਕਹਾਊਸ ਬੇਅ ਕੋਲ ਗੱਡੀ ਨੂੰ ਘੇਰ ਕੇ ਦੋਵਾਂ ਨੂੰ ਬਿਨਾਂ ਕਿਸੇ ਹੋਰ ਵਿਵਾਦ ਦੇ ਹਿਰਾਸਤ ’ਚ ਲੈ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਪੂਰੀ ਘਟਨਾ ’ਚ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਚੋਰੀ ਕੀਤਾ ਸਾਮਾਨ ਬਰਾਮਦ ਕਰਕੇ ਸੁਪਰਮਾਰਕੀਟ ਨੂੰ ਵਾਪਸ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਦੁਕਾਨ ’ਚ ਚੋਰੀ ਹੁੰਦੀ ਦੇਖੇ ਤਾਂ ਤੁਰੰਤ 111 ’ਤੇ ਕਾਲ ਕਰੇ, ਜਾਂ ਘਟਨਾ ਤੋਂ ਬਾਅਦ ਸੂਚਨਾ ਦੇਣ ਲਈ 105 ’ਤੇ ਸੰਪਰਕ ਕਰੇ। ਇਸ ਮਾਮਲੇ ’ਚ 27 ਸਾਲਾ ਵਿਅਕਤੀ, ਜਿਸ ’ਤੇ ਪੁਲਿਸ ਅਧਿਕਾਰੀ ’ਤੇ ਹਮਲਾ ਕਰਨ, ਚੋਰੀ ਕਰਨ ਅਤੇ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਦੇ ਆਰੋਪ ਹਨ, ਨੂੰ ਅੱਜ ਆਕਲੈਂਡ ਡਿਸਟ੍ਰਿਕਟ ਕੋਰਟ ’ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਆਰੋਪ ’ਚ 26 ਸਾਲਾ ਮਹਿਲਾ 28 ਅਗਸਤ ਨੂੰ ਔਕਲੈਂਡ ਡਿਸਟ੍ਰਿਕਟ ਕੋਰਟ ’ਚ ਪੇਸ਼ ਹੋਵੇਗੀ।
- Download Babushahi App
-
-