Police Special ਪੁਲਿਸ ਨੂੰ ਮਖੌਲ ਦੀ ਘੱਗਰੀ ਸਮਝਣ ਵਾਲਿਆਂ ਨੂੰ ਪੁੱਠੇ ਟੰਗਣ ਲਈ ਖੁੱਲ੍ਹਿਆ ਤੀਜਾ ਨੇਤਰ
ਅਸ਼ੋਕ ਵਰਮਾ
ਬਠਿੰਡਾ , 25 ਅਗਸਤ 2026 : ਬਠਿੰਡਾ ’ਚ ਜੁਰਮ ਕਰਨ ਵਾਲਿਓ ਹੁਣ ਸ਼ਹਿਰ ’ਚ ਕੋਈ ਵਾਰਦਾਤ ਕਰਕੇ ਭੱਜਣ ਦਾ ਸੌਦਾ ਤਹਾਨੂੰ ਮਹਿੰਗਾ ਪੈ ਸਕਦਾ ਹੈ। ਖਾਸ ਤੌਰ ’ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਤਾਂ ਰਤਾ ਵੀ ਖੈਰ ਨਹੀਂ ਰਹਿਣੀ ਹੈ। ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਬਠਿੰਡਾ ਪੁਲਿਸ ਨੇ ਮਹੱਤਵਪੂਰਨ ਪਹਿਲਕਦਮੀ ਕੀਤੀ ਹੈ ਜਿਸ ਤਹਿਤ ਅਪਰਾਧੀਆਂ ’ਤੇ ਸ਼ਿਕੰਜਾ ਕਸਣ ਲਈ ਸ਼ਹਿਰ ’ਚ 282 ਅਤੀਆਧੁਨਿਕ ਕੈਮਰੇ ਲਾਏ ਗਏ ਹਨ ਜੋ ਦਿਨ ਰਾਤ ਪਹਿਰੇਦਾਰੀ ਕਰਨ ਦੇ ਨਾਲ ਨਾਲ ਹਰ ਪ੍ਰਕਾਰ ਦੀਆਂ ਸਰਗਰਮੀਆਂ ਤੇ ਬਾਜ ਅੱਖ ਰੱਖਣਗੇ। ਮੁਹਾਲੀ ਤੋਂ ਬਾਅਦ ਮਹਾਂਨਗਰ ਬਠਿੰਡਾ ਅਜਿਹੀ ਤਕਨੀਕ ਦੇ ਕੈਮਰਿਆਂ ਨਾਲ ਲੈਸ ਹੋਣ ਵਾਲਾ ਦੂਸਰਾ ਸ਼ਹਿਰ ਬਣ ਗਿਆ ਹੈ ਜਿੰਨ੍ਹਾਂ ਨੂੰ ਕੰਟਰੋਲ ਕਰਨ ਲਈ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਡੀਜੀਪੀ ਗੌਰਵ ਯਾਦਵ ਨੇ ਕੀਤਾ ਸੀ।
ਇਸੇ ਸੈਂਟਰ ਰਾਹੀਂ ਸ਼ਹਿਰ ਦੀਆਂ 59 ਮਹੱਤਵਪੂਰਨ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਇਹ 282 ਕੈਮਰੇ ਲਾਏ ਗਏ ਹਨ । ਇੰਨ੍ਹਾਂ ਕੈਮਰਿਆਂ ਦੀ ਬਦੌਲਤ ਪੁਲਿਸ ਲਗਾਤਾਰ 24 ਘੰਟੇ ਸ਼ਹਿਰ ’ਚ ਹੋਣ ਵਾਲੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲੱਗੀ ਹੈ। ਕੈਮਰਿਆਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਕਿਸੇ ਵਾਰਦਾਤ , ਸ਼ੱਕੀ ਗਤੀਵਿਧੀ ਜਾਂ ਹੰਗਾਮੀ ਹਾਲਤ ਦੀ ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪੁੱਜੇਗੀ। ਇਸ ਸੈਂਟਰ ਨੂੰ ਐਮਰਜੈਂਸੀ ਰਿਸਪਾਂਸ ਸਿਸਟਮ ਨੰਬਰ 112 ਨਾਲ ਜੋੜਿਆ ਗਿਆ ਹੈ। ਇਹੋ ਹੀ ਨਹੀਂ ਇਸੇ ਨੰਬਰ ’ਤੇ ਆਉਣ ਵਾਲੀਆਂ ਫੋਨ ਕਾਲਾਂ , ਸੀਸੀਟੀਵੀ , ਵਾਇਰਲੈਸ ਸੰਪਰਕ , ਵੀਡੀਓ ਐਨਲਾਟਿਕਸ ਅਤੇ ਰੀਅਲ ਟਾਈਮ ਕ੍ਰਾਈਮ ਮਾਨੀਟਰਿੰਗ ਡੈਟਾ ਸਾਰੇ ਇੱਕ ਹੀ ਪਲੇਟਫਾਰਮ ’ਤੇ ਆਪਸ ਵਿੱਚ ਜੋੜੇ ਗਏ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਸ ਪ੍ਰਕਿਰਿਆ ਤਹਿਤ ਪੁਲਿਸ ਨੂੰ ਘਟਨਾਵਾਂ ਦੀ ਜਾਣਕਾਰੀ ਇਕੱਤਰ ਕਰਨ ਅਤੇ ਫੌਰੀ ਤੌਰ ’ਤੇ ਕਾਰਵਾਈ ਦੌਰਾਨ ਸਹਾਇਤਾ ਮਿਲੇਗੀ।
ਇੱਕ ਪੁਲਿਸ ਅਧਿਕਾਰੀ ਅਨੁਸਾਰ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਨੇ 83 ਲੱਖ ਦੀ ਲਾਗਤ ਨਾਲ 30 ਪ੍ਰਮੁੱਖ ਸਥਾਨਾਂ ’ਤੇ 153 ਨਵੇਂ ਸਰਵਿਲਾਂਸ ਕੈਮਰੇ ਲੱਗ ਚੁੱਕੇ ਹਨ। ਇੰਨ੍ਹਾਂ ਚੋਂ 45 ਐਨਪੀਆਰ ( ਨੰਬਰ ਪਲੇਟ ਦੀ ਪਛਾਣ ਕਰਨ ਵਾਲੇ) ਅਤੇ 108 ਐਚਡੀ ਕੈਮਰੇ ਹਨ। ਇਹ ਰਾਸ਼ੀ ਮਾਈਨਿੰਗ ਚੋਂ ਪ੍ਰਾਪਤ ਰਾਇਲਟੀ ਤਹਿਤ ਜਿਲ੍ਹਾ ਖਣਿੱਜ ਫੰਡ ਚੋਂ ਮਨਜੂਰ ਕੀਤੀ ਗਈ ਹੈ। ਇੰਨ੍ਹਾਂ ਕੈਮਰਿਆਂ ਦੇ ਲੱਗਣ ਤੋਂ ਬਾਅਦ ਸ਼ਹਿਰ ਦੇ ਪ੍ਰਮੁੱਖ ਰਸਤਿਆਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਨਿਗਰਾਨੀ ਹੋਰ ਵੀ ਮਜਬੂਤ ਹੋਈ ਹੈ। ਉਨ੍ਹਾਂ ਦੱਸਿਆ ਕਿ ਐਨਪੀਆਰ ਕੈਮਰੇ ਲੰਘਣ ਵਾਲੀਆਂ ਗੱਡੀਆਂ ਦੀ ਨੰਬਰ ਪਲੇਟ ਨੂੰ ਆਪਣੇ ਆਪ ਰਿਕਾਰਡ ਕਰਨ ਦੇ ਸਮਰੱਥ ਹਨ ਜਦੋਂਕਿ ਐਚਡੀ ਕੈਮਰੇ ਦਿਨ ਦੇ ਨਾਲ ਨਾਲ ਰਾਤ ਨੂੰ ਵੀ ਸਾਫ ਸੁਥਰੀ ਰਿਕਾਰਡਿੰਗ ਕਰ ਸਕਦੇ ਹਨ । ਕੈਮਰਿਆਂ ਸਦਕਾ ਕਿਸੇ ਜੁਰਮ ਜਾਂ ਸ਼ੱਕੀ ਗਤੀਵਿਧੀ ਦੀ ਜਾਂਚ ਦੌਰਾਨ ਪੁਲਿਸ ਨੂੰ ਮਹੱਤਵਪੂਰਨ ਡਿਜ਼ੀਟਲ ਸਬੂਤ ਉਪਲਬਧ ਹੋ ਸਕਣਗੇ।
ਬੇਹੱਦ ਲਾਭਦਾਇਕ ਨੇ ਕੈਮਰੇ
ਜਾਣਕਾਰੀ ਅਨੁਸਾਰ ਸ਼ਹਿਰ ’ਚ ਸਥਾਪਿਤ ਇੰਨ੍ਹਾਂ ਕੈਮਰਿਆਂ ਦੀ ਲਾਈਵ ਫੀਡ ’ਤੇ ਇੱਕ ਸਮਰਪਿਤ ਕੰਟਰੋਲ ਰੂਮ ’ਚ ਨਜ਼ਰਸਾਨੀ ਕੀਤੀ ਜਾਂਦੀ ਹੈ ਅਤੇ ਇੱਕ ਵਿਸ਼ੇਸ਼ ਸਾਫਟਵੇਅਰ ਦੀ ਸਹਾਇਤਾ ਨਾਲ ਫੁਟੇਜ਼ ਦਾ ਵਿਸ਼ਲੇਸ਼ਣ ਕੀਤਾ ਜਾਇਆ ਕਰੇਗਾ। ਇਸ ਦੌਰਾਨ ਕਿਸੇ ਕਿਸਮ ਦੀ ਸ਼ੱਕੀ ਗੱਡੀ ਜਾਂ ਗਤੀਵਿਧੀ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਉਸ ਦੀ ਨਕਲੋ ਹਰਕਤ ਦੀ ਪੈੜ ਨੱਪ ਸਕੇਗੀ। ਜਰੂਰਤ ਪੈਣ ’ਤੇ ਗੱਡੀ ਦੇ ਨੰਬਰ ਦੇ ਅਧਾਰ ’ਤੇ ਉਸ ਦੇ ਮਾਲਿਕ ਨਾਲ ਸਬੰਧਤ ਜਾਣਕਾਰੀ ਨੂੰ ਵੀ ਜਾਂਚ ਦੌਰਾਨ ਹਾਸਲ ਕੀਤਾ ਜਾ ਸਕੇਗਾ।
ਕੈਮਰੇ ਸਾਹਮਣੇ ਆਉਂਦੇ ਹੀ ਫੋਟੋ
ਬਠਿੰਡਾ ਪੁਲਿਸ ਨੇ ਬੇਲਵੇ ਸਟੇਸ਼ਨ ਅਤੇ ਆਲੇ ਦੁਆਲੇ ਦੇ ਮਹੱਤਵਪੂਰਨ ਇਲਾਕਿਆਂ ’ਚ ਕੁੱਝ ਨਿਵੇਕਲੇ ਕੈਮਰੇ ਵੀ ਲਾਏ ਹਨ। ਇੰਨ੍ਹਾਂ ਕੈਮਰਿਆਂ ਦੀ ਖਾਸੀਅਤ ਇਹ ਹੈ ਕਿ ਕੋਈ ਵੀ ਅਪਰਾਧੀ ਜਦੋਂ ਇੰਨ੍ਹਾਂ ਦੇ ਕੋਲ ਦੀ ਲੰਘੇਗਾ ਤਾਂ ਉਸ ਦੀ ਆਪਣੇ ਆਪ ਫੋਟੋ ਖਿੱਚੀਂ ਜਾਏਗੀ। ਇਹ ਫੋਟੋ ਫੌਰੀ ਤੌਰ ’ਤੇ ਪੁਲਿਸ ਅਧਿਕਾਰੀਆਂ ਕੋਲ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ ਪੁਲਿਸ ਵਕਤ ਰਹਿੰਦਿਆਂ ਹੀ ਅਪਰਾਧੀ ਨੂੰ ਗ੍ਰਿਫਤਾਰ ਕਰ ਸਕਣ ’ਚ ਸਮਰੱਥ ਹੋਵੇਗੀ।
ਨਿਯਮ ਤੋੜਨੇ ਪੈਣਗੇ ਮਹਿੰਗੇ
ਸ਼ਹਿਰ ਵਾਸੀਆਂ ਨੇ ਸ਼ੱਕ ਜਤਾਇਆ ਹੈ ਕਿ ਕੈਮਰਿਆਂ ਦੇ ਚਾਲੂ ਹੋਣ ਕਾਰਨ ਹੁਣ ਲਾਲ ਬੱਤੀ ਜੰਪ ਕਰਨੀ ਜਾਂ ਫਿਰ ਮੋਟਰਸਾਈਕਲ ਆਦਿ ਚਲਾਉਂਦਿਆਂ ਮੋਬਾਇਲ ਸੁਣਨਾ ਮਹਿੰਗਾ ਪੈਣਾ ਤੈਅ ਹੈ ਕਿਉਂਕਿ ਕੈਮਰੇ ਝੱਟ ਪਛਾਣ ਕਰ ਸਕਦੇ ਹਨ। ਚਲਾਨ ਹੋਣ ਦੀ ਸੂਰਤ ’ਚ ਜਿੱਥੇ ਲੋਕਾਂ ਦੀਆਂ ਜੇਬਾਂ ਢਿੱਲੀਆਂ ਹੋਣਗੀਆਂ ਉੱਥੇ ਹੀ ਸਰਕਾਰੀ ਖਜਾਨਾ ਭਰੇਗਾ। ਟਰੈਫਿਕ ਪੁਲਿਸ ਅਨੁਸਾਰ ਦੁਪਹੀਆ ਗੱਡੀਆਂ ਚਲਾਉਣ ਮੌਕੇ ਮੋਬਾਇਲ ਸੁਣਨ ਵਾਲਿਆਂ ਨਾਲੋਂ ਲਾਲ ਬੱੱਤੀ ਜੰਪ ਕਰਨ ਵਾਲੇ ਜਿਆਦਾ ਹਨ।
ਫਿਲਹਾਲ ਚਲਾਨ ਨਹੀਂ : ਐਸਐਸਪੀ
ਐਸਐਸਪੀ ਬਠਿੰਡਾ ਡਾ ਜੋਤੀ ਯਾਦਵ ਦਾ ਕਹਿਣਾ ਸੀ ਕਿ ਐਨਪੀਆਰ ਕੈਮਰਿਆਂ ਦਾ ਮੰਤਵ ਫਿਲਾਹਲ ਆਵਾਜਾਈ ਦੇ ਨਿਯਮ ਭੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਨਹੀਂ ਬਲਕਿ ਕਾਨੂੰਨ ਵਿਵਸਥਾ ਅਤੇ ਅਪਰਾਧੀਆਂ ਦੀ ਨਿਗਰਾਨੀ ਮਜਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੈਮਰਿਆਂ ਅਤੇ ਸਾਫਟਵੇਅਰ ਰਾਹੀਂ ਪੁਲਿਸ ਸ਼ੱਕੀ ਗੱਡੀਆਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਤੋਂ ਇਲਾਵਾ ਲੋੜ ਪੈਣ ’ਤੇ ਉਨ੍ਹਾਂ ਦੀਆਂ ਸਰਗਰਮੀਆਂ ਸਬੰਧੀ ਪੈੜ ਨੱਪ ਸਕੇਗੀ। ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ ਬਾਅਦ ਹੁਣ ਇਸੇ ਤਰਜ਼ ’ਤੇ ਤਲਵੰਡੀ ਸਾਬੋ ਵਿੱਚ ਵੀ ਡਿੀਜ਼ੀਟਲ ਸੁਰੱਖਿਆ ਨੈਟਵਰਕ ਵਿਕਸਤ ਕਰਨ ਦੀ ਯੋਜਨਾ ਹੈ।
- Download Babushahi App
-
-