ED ਦੀ ਵੱਡੀ ਕਾਰਵਾਈ! ਮੋਹਾਲੀ 'ਚ ਚੱਲ ਰਹੇ ਫਰਜ਼ੀ ਕਾਲ ਸੈਂਟਰ ਮਾਮਲੇ 'ਚ 8 ਥਾਵਾਂ 'ਤੇ ਛਾਪੇਮਾਰੀ; 20 ਲੱਖ ਦੀ ਨਕਦੀ ਤੇ 50 ਲੱਖ ਦੇ ਬੈਂਕ ਖਾਤੇ ਸੀਜ਼
Ravi Jakhu
ਚੰਡੀਗੜ੍ਹ, 24 ਅਗਸਤ 2026- ED ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਵੱਲੋਂ ਮਨੀ ਲਾਂਡਰਿੰਗ ਐਕਟ (PMLA) ਅਧੀਨ ਪੰਜਾਬ, ਚੰਡੀਗੜ੍ਹ/ਮੋਹਾਲੀ ਅਤੇ ਮੱਧ ਪ੍ਰਦੇਸ਼ ਵਿੱਚ 8 ਥਾਵਾਂ 'ਤੇ ਵੱਡੀ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਮੋਹਾਲੀ ਦੇ ਸੋਹਾਣਾ ਥਾਣੇ ਵਿੱਚ ਦਰਜ FIR ਦੇ ਆਧਾਰ 'ਤੇ ਫਰਜ਼ੀ ਕਾਲ ਸੈਂਟਰ ਚਲਾ ਕੇ ਵਿਦੇਸ਼ੀ ਨਾਗਰਿਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਕੀਤੀ ਗਈ ਹੈ।
ED ਦੀ ਇਹ ਕਾਰਵਾਈ ਵਿਜੇ ਰਾਜ ਕਪੂਰੀਆ, ਵਰਿੰਦਰ ਰਾਜ, M/s Infimum Enterprises LLP ਅਤੇ ਉਨ੍ਹਾਂ ਨਾਲ ਜੁੜੀਆਂ ਹੋਰ ਸੰਸਥਾਵਾਂ/ਵਿਅਕਤੀਆਂ ਦੇ ਠਿਕਾਣਿਆਂ 'ਤੇ ਕੀਤੀ ਗਈ ਹੈ। ਇਹ ਮਾਮਲਾ ਮੋਹਾਲੀ ਦੇ ਸੈਕਟਰ 108 (ਈਮਾਰ) ਸਥਿਤ ਪਲਾਟ ਨੰਬਰ 29 ਤੋਂ ਚਲਾਏ ਜਾ ਰਹੇ ਇੱਕ ਗੈਰ-ਕਾਨੂੰਨੀ ਕਾਲ ਸੈਂਟਰ ਨਾਲ ਸਬੰਧਤ ਹੈ, ਜਿਸ ਸਬੰਧੀ ਪੰਜਾਬ ਪੁਲਿਸ ਪਹਿਲਾਂ ਹੀ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ।
ED ਵੱਲੋਂ ਜਾਰੀ ਕੀਤੇ ਗਏ ਦਾਅਵੇ ਮੁਤਾਬਿਕ, ਮੁਲਜ਼ਮ ਵਿਦੇਸ਼ੀ ਸਾਥੀਆਂ ਨਾਲ ਮਿਲ ਕੇ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨੂੰ ਕੰਪਿਊਟਰ, ਆਈਪੈਡ, ਪ੍ਰਿੰਟਰ ਜਾਂ ਐਪਲ/ਮਾਈਕ੍ਰੋਸਾਫਟ ਟੈਕਨੀਕਲ ਸਪੋਰਟ ਦੇ ਝੂਠੇ ਪੌਪ-ਅੱਪ (Pop-ups) ਭੇਜਦੇ ਸਨ। ਸਿਸਟਮ ਵਿੱਚ ਖਰਾਬੀ ਦਾ ਡਰ ਦਿਖਾ ਕੇ ਗਾਹਕਾਂ ਨੂੰ ਕਾਲ ਸੈਂਟਰ ਦੇ ਟੋਲ-ਫ੍ਰੀ ਨੰਬਰਾਂ 'ਤੇ ਸੰਪਰਕ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਮੁਲਜ਼ਮ ਗਾਹਕਾਂ ਦੇ ਸਿਸਟਮ ਦਾ ਰਿਮੋਟ ਐਕਸੈਸ ਲੈ ਕੇ ਉਨ੍ਹਾਂ ਕੋਲੋਂ ਝੂਠੀਆਂ ਸੇਵਾਵਾਂ ਦੇ ਨਾਂ 'ਤੇ ਮੋਟੀਆਂ ਰਕਮਾਂ ਠੱਗਦੇ ਸਨ।
ਠੱਗੀ ਦੇ ਪੈਸੇ PayPal, Stripe, ਬੈਂਕਿੰਗ ਚੈਨਲਾਂ, ਬਿਟਕੋਇਨ/ਕ੍ਰਿਪਟੋਕਰੰਸੀ ਅਤੇ ਹਵਾਲਾ ਰਾਹੀਂ ਬਾਹਰਲੇ ਦੇਸ਼ਾਂ ਵਿੱਚ ਭੇਜੇ ਜਾਂਦੇ ਸਨ। ਈ.ਡੀ. ਜਾਂਚ ਵਿੱਚ ਸ਼ੈੱਲ/ਡਮੀ ਕੰਪਨੀਆਂ ਰਾਹੀਂ ਖਾਤਿਆਂ ਵਿੱਚ ਫੰਡ ਪ੍ਰਾਪਤ ਕਰਨ ਦਾ ਖੁਲਾਸਾ ਹੋਇਆ ਹੈ।
ਛਾਪੇਮਾਰੀ ਦੌਰਾਨ ਕੀ-ਕੀ ਬਰਾਮਦ ਹੋਇਆ?
ਲਗਭਗ ₹20 ਲੱਖ ਦੀ ਬਿਨਾਂ ਹਿਸਾਬ-ਕਿਤਾਬ ਵਾਲੀ ਨਕਦੀ (Cash) ਜ਼ਬਤ ਕੀਤੀ ਗਈ। ਵੱਖ-ਵੱਖ ਬੈਂਕ ਖਾਤਿਆਂ ਵਿੱਚ ਪਏ ਲਗਭਗ ₹50 ਲੱਖ ਦਾ ਬੈਲੇਂਸ ਜ਼ਬਤ/ਫ੍ਰੀਜ਼ ਕੀਤਾ ਗਿਆ। ਮਾਮਲੇ ਨਾਲ ਸਬੰਧਤ ਕਈ ਇਲੈਕਟ੍ਰੌਨਿਕ ਉਪਕਰਣ ਅਤੇ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ED ਅਧਿਕਾਰੀਆਂ ਅਨੁਸਾਰ ਮਾਮਲੇ ਦੀ ਅੱਗੇ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
- Download Babushahi App
-
-