ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਸੂਬੇ ’ਚ ਜਨ ਜਾਗ੍ਰਤੀ ਮੁਹਿੰਮ ਆਰੰਭਣ ਦਾ ਐਲਾਨ
ਅਸ਼ੋਕ ਵਰਮਾ
ਜਲੰਧਰ ,8 ਜੁਲਾਈ 2026: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ’ ਦੀ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਸਾਥੀ ਸੁਖਦਰਸ਼ਨ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਆਰ.ਐਸ.ਐਸ.-ਬੀਜੇਪੀ ਦੇ ਦੇਸ਼ ਨੂੰ ਪੂਰੀ ਤਰ੍ਹਾਂ ਅਮਰੀਕੀ ਸਾਮਰਾਜ ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਕੋਝੇ ਮਨਸੂਬਿਆਂ ਅਤੇ ਸੰਵਿਧਾਨਕ ਲੋਕਤੰਤਰ ਦੀ ਥਾਂ ਤਾਨਾਸ਼ਾਹ ਫਾਸ਼ੀਵਾਦੀ ਨਿਜ਼ਾਮ ਪੱਕਾ ਕਰਨ ਦੇ ਮਨੂੰਵਾਦੀ ਅਜੰਡੇ ਖਿਲਾਫ ਸਿਆਸੀ ਜਾਗਰਤੀ ਮੁਹਿੰਮ ਜ਼ਮੀਨੀ ਪੱਧਰ ’ਤੇ ਹੋਰ ਤੇਜ਼ ਕਰਨ ਦਾ ਨਿਰਣਾ ਲਿਆ ਹੈ।
ਮੀਟਿੰਗ ਵਿੱਚ ਆਰ.ਐਮ.ਪੀ.ਆਈ. ਵਲੋਂ ਸਾਥੀ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ ਤੇ ਮਹੀਪਾਲ, ਸੀਪੀਆਈ ਵਲੋਂ ਸਾਥੀ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੀਪੀਆਈ (ਐਮ.ਐਲ.) ਨਿਊ ਡੈਮੋਕ੍ਰੇਸੀ ਵਲੋਂ ਸਾਥੀ ਅਜਮੇਰ ਸਿੰਘ ਸਮਰਾ ਤੇ ਸ.ਸ. ਮਾਹਲ, ਸੀਪੀਆਈ (ਐਮ.ਐਲ.) ਲਿਬਰੇਸ਼ਨ ਵਲੋਂ ਸਾਥੀ ਸੁਖਦੇਵ ਸਿੰਘ ਝਾਮਕਾ, ਐਮਸੀਪੀਆਈ-ਯੂ ਵਲੋਂ ਸਾਥੀ ਕਿਰਨਜੀਤ ਸਿੰਘ ਸੇਖੋਂ ਸ਼ਾਮਲ ਹੋਏ।
ਮੀਟਿੰਗ ਨੇ ਲੰਘੀ 22 ਜੂਨ ਨੂੰ ਫਿਰਕੂ-ਫਾਸ਼ੀ ਹੱਲਿਆਂ ਅਤੇ ਸਾਮਰਾਜੀ ਤੇ ਕਾਰਪੋਰੇਟੀ ਲੁੱਟ-ਖਸੁੱਟ ਵਿਰੁੱਧ ਜਿਲ੍ਹਾ ਕੇਂਦਰਾਂ ’ਤੇ ਜੱਥੇਬੰਦ ਕੀਤੇ ਗਏ ਰੈਲੀ-ਮੁਜ਼ਾਹਰਿਆਂ ਬਾਰੇ ਤਸੱਲੀ ਜਾਹਿਰ ਕਰਦਿਆਂ ਇੰਨਾਂ ਮੁੱਦਿਆਂ ਨੂੰ ਲੈ ਕੇ ਪਿੰਡਾਂ ਤੇ ਸ਼ਹਿਰਾਂ-ਕਸਬਿਆਂ ’ਚ ਜਾਗਰੂਕਤਾ ਮੁਹਿੰਮ ਨਿਰੰਤਰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਉਕਤ ਮੁਹਿੰਮ ਦੇ ਸ਼ਿਖਰ ’ਤੇ ਫਰੰਟ ’ਚ ਸ਼ਾਮਲ ਪਾਰਟੀਆਂ ਵਲੋਂ ਸੂਬਾ ਪੱਧਰ ਦੀ ਇਕ ਵਿਸ਼ਾਲ ਜਨਤਕ ਰੈਲੀ ਵੀ ਕੀਤੀ ਜਾਵੇਗੀ।