ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਾਂਝੇ ਤੌਰ 'ਤੇ ਸੰਸਦ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਦਾ ਘਿਰਾਓ
ਬਰਨਾਲਾ ਨਗਰ ਨਿਗਮ ਦੇ ਮੇਅਰ ਹੁਸਨਪ੍ਰੀਤ ਭਾਰਦਵਾਜ ਨੂੰ ਸੌਪਿਆਂ ਚੇਤਾਵਨੀ ਪੱਤਰ
ਅਸ਼ੋਕ ਵਰਮਾ
ਬਰਨਾਲਾ, 6 ਜੁਲਾਈ 2026:ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਫਰੰਟ ਵੱਲੋਂ ਸਾਂਝੇ ਤੌਰ 'ਤੇ 'ਆਪ' ਆਗੂ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਦਾ ਘਿਰਾਓ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਮੁਲਾਜ਼ਮ ਆਗੂ ਬਲਜਿੰਦਰ ਪ੍ਰਭੂ, ਤਰਸੇਮ ਭੱਠਲ, ਦਰਸ਼ਨ ਚੀਮਾ, ਮੋਹਣ ਸਿੰਘ ਛੰਨਾਂ,ਮਨੋਹਰ ਲਾਲ ਅਰੋੜਾ,
ਜਗਰਾਜ ਰਾਮਾ ,ਸੁਖਜੰਟ ਸਿੰਘ, ਗਮਦੂਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਕਚਹਿਰੀ ਚੌਂਕ ਵਿੱਚ ਧਰਨਾ ਦੇਣ ਉਪਰੰਤ ਸੰਸਦ ਮੈਂਬਰ ਦੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ।
ਇਸ ਮੌਕੇ ਬੁਲਾਰਿਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ 18% ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ , ਏ.ਸੀ.ਪੀ. ਭੱਤਾ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੰਜਾਬ ਦੇ ਮੁਲਾਜ਼ਮਾਂ ਤੇ 17.07.2020 ਦੇ ਪੱਤਰ ਰਾਹੀਂ ਲਾਗੂ ਕੇਂਦਰੀ ਤਨਖਾਹ ਕਮਿਸ਼ਨ ਰੱਦ ਕਰਨ, ਪ੍ਰੋਬੇਸ਼ਨ ਪੀਰੀਅਡ ਵਿੱਚ ਵਾਧੇ ਵਾਲਾ 15.01.2015 ਦਾ ਪੱਤਰ ਰੱਦ ਕਰਨ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਦੇਣ, ਕੱਚੇ ਕਾਮਿਆਂ ਨੂੰ ਪੱਕਾ ਕਰਨ, ਮਾਣ ਭੱਤੇ ਤੇ ਕੰਮ ਕਰਦੀਆਂ ਬੀਬੀਆਂ ਤੇ ਘੱਟੋ ਘੱਟ ਉਜਰਤ ਲਾਗੂ ਕਰਨ ਆਦਿ ਅਹਿਮ ਮੰਗਾਂ ਲਈ ਸਾਂਝੇ ਸੰਘਰਸ਼ ਦਾ ਆਗਾਜ਼ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਦਾ ਦੂਜਾ ਪੜਾਅ ਹੈ।
ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਅਗਲੇ ਪੜਾਅ ਵਜੋਂ 17 ਜੁਲਾਈ ਨੂੰ ਲੱਖਾਂ ਦੀ ਤਾਦਾਦ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਜ਼ ਮੋਹਾਲੀ ਵੱਲ ਕੂਚ ਕਰਨਗੇ। ਇਨ੍ਹਾਂ ਸੰਘਰਸ਼ਾਂ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦੇਣ ਦੀ ਅਪੀਲ ਕੀਤੀ। ਆਗੂਆਂ ਨੇ ਬਰਨਾਲਾ ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੂੰ ਚੇਤਾਵਨੀ ਪੱਤਰ ਸੌਂਪਦਿਆਂ ਕਿਹਾ ਕਿ ਸੰਘਰਸ਼ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਤੱਕ ਨਾ ਸਿਰਫ਼ ਜਾਰੀ ਰਹੇਗਾ ਸਗੋਂ ਹੋਰ ਵੱਧ ਵਿਸ਼ਾਲ ਅਤੇ ਤਿੱਖਾ ਹੋਵੇਗਾ।
ਇਸ ਮੌਕੇ ਕਰਮਜੀਤ ਬੀਹਲਾ,ਨਰੈਣ ਦੱਤ, ਰਾਜੀਵ ਕੁਮਾਰ, ਨਿਰਮਲਜੀਤ ਸਿੰਘ,ਪਰਮਿੰਦਰ ਬਰਨਾਲਾ,ਸਿੰਦਰ ਸਿੰਘ ਧੌਲਾ,ਲਖਵੀਰ ਠੁੱਲੀਵਾਲ,ਅੰਮ੍ਰਿਤਪਾਲ ਕੋਟਦੁੱਨਾ,ਚੰਚਲ ਕੌਸ਼ਲ,ਅੰਸ਼ੂ ਗੁਪਤਾ,ਰਵਿੰਦਰ ਸ਼ਰਮਾ,ਹਰਭੋਲ ਸਿੰਘ, ਕੇਵਲ ਸਿੰਘ ਪਾਵਰਕੌਮ, ਜਗਤਾਰ ਸਿੰਘ ਬਿਜਲੀ ਬੋਰਡ, ਰੂਪ ਚੰਦ ਪੀ ਐੱਸ ਪੀ ਸੀ ਐੱਲ, ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤੋਂ ਪ੍ਰਿੰਸੀਪਲ ਕੌਰ ਸਿੰਘ, ਜਗਵੰਤ ਸਿੰਘ,ਜਗਰਾਜ ਟੱਲੇਵਾਲ, ਹਰਜੀਤ ਖਿਆਲੀ,ਪਰਮਜੀਤ ਸਿੰਘ, ਟਹਿਲ ਸਿੰਘ ਕੱਟੂ, ਗੁਰਨਾਮ ਸਿੰਘ, ਦਰਸ਼ਨ ਸਿੰਘ,ਗੁਰਲਾਭ ਸਿੰਘ ਮੌੜ,ਕੁਲਵੀਰ ਸਿੰਘ ਔਲਖ, ਕੁਲਵੰਤ ਸਿੰਘ ਢਿੱਲਵਾਂ, ਪੁਲਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤੋਂ ਮਨਜੀਤ ਸਿੰਘ,ਜੋਰਾ ਸਿੰਘ,ਕੇਵਲ ਸਿੰਘ ਧਨੌਲਾ, ਗੁਰਮੇਲ ਸਿੰਘ ਰੂੜੇਕੇ,ਸੁਖਪ੍ਰੀਤ ਬੜੀ,ਮੁਨੀਸ਼ ਕੁਮਾਰ ਠੀਕਰੀਵਾਲ, ਜਸਵੀਰ ਭੋਤਨਾ,ਕੰਪਿਊਟਰ ਅਧਿਆਪਕ ਯੂਨੀਅਨ ਪ੍ਰਦੀਪ ਕੁਮਾਰ, ਵਿਪੁਲ ਕੁਮਾਰ,ਬਲਵੰਤ ਸਿੰਘ, ਤੀਰਥ ਸਿੰਘ, ਅਜਿੰਦਰਪਾਲ ਸਿੰਘ, ਈਸ਼ਰ ਸਿੰਘ ਚੀਮਾ,ਆਦਿ ਆਗੂ ਹਾਜਰ ਸਨ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਸਮੱਸਿਆਵਾਂ ਦਾ ਹੱਲ ਤਾਂ ਕੀ ਕਰਨਾ ਸੀ, ਉਲਟਾ ਮੁੱਖ ਮੰਤਰੀ ਲੋਕਾਂ ਨਾਲ ਸੰਪਰਕ ਕਰਨ ਦਾ ਢਕਵੰਜ ਕਰਨ ਮੌਕੇ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਜੇਲ੍ਹਾਂ/ਥਾਣਿਆਂ ਵਿੱਚ ਡੱਕਣ ਲੱਗੀ ਹੋਈ ਹੈ। ਮਹਿਲਕਲਾਂ ਅਤੇ ਦੋ ਦਿਨ ਪਹਿਲਾਂ ਬੇਰੁਜ਼ਗਾਰ 5994 ਈਟੀਟੀ ਅਧਿਆਪਕਾਂ ਨਾਲ ਵਾਪਰੀਆਂ ਘਟਨਾਵਾਂ ਇਸ ਦੀ ਸ਼ਾਹਦੀ ਭਰਦੀਆਂ ਹਨ।ਬੁਲਾਰਿਆਂ ਨੇ ਬੇਰੁਜ਼ਗਾਰਾਂ ਦੀ ਆਵਾਜ ਨੂੰ ਦਬਾਉਣ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ।