ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵੱਲੋ ਬੀ.ਐਲ.ਓਜ਼ ਨੂੰ ਨਵੀਆਂ ਵੋਟਾਂ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ
ਅਸ਼ੋਕ ਵਰਮਾ
ਮਾਨਸਾ, 7 ਜੁਲਾਈ 2026 : ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਵਿੱਚ ਇਨੀਂ ਦਿਨੀਂ ਐੱਸ.ਆਈ.ਆਰ. ਪ੍ਰਕਿਰਿਆ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਤਹਿਤ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਅਤੇ ਹਰ ਇੱਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਨਵਜੋਤ ਕੌਰ ਨੇ ਸਮੂਹ ਬੂਥ ਲੈਵਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਆਪੋ-ਆਪਣੇ ਇਲਾਕਿਆਂ ਵਿੱਚ ਸਰਗਰਮ ਰਹਿਣ ਅਤੇ ਨਵੀਂ ਵੋਟ ਬਣਾਉਣ ਲਈ ਨਾਗਰਿਕਾਂ ਕੋਲੋਂ ਨਿਰੰਤਰ ‘ਫਾਰਮ ਨੰਬਰ 6’ ਪ੍ਰਾਪਤ ਕਰਦੇ ਰਹਿਣ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਫਾਰਮ ਨੰਬਰ 6 ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਫਾਰਮ ਦੇਸ਼ ਦੇ ਲੋਕਤੰਤਰ ਵਿੱਚ ਹਿੱਸੇਦਾਰ ਬਣਨ ਦਾ ਪਹਿਲਾ ਕਦਮ ਹੈ।ਉਨ੍ਹਾਂ ਕਿਹਾ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰ ਉਸ ਨਾਗਰਿਕ ਲਈ ਇਹ ਫਾਰਮ ਭਰਨਾ ਲਾਜ਼ਮੀ ਹੈ, ਜਿਸ ਦੀ ਅਜੇ ਤੱਕ ਵੋਟ ਨਹੀਂ ਬਣੀ।ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯੋਗ ਨਾਗਰਿਕ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਸਮੂਹ ਬੂਥ ਲੈਵਲ ਅਫ਼ਸਰਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਇਸ ਰਾਸ਼ਟਰੀ ਕਾਰਜ ਨੂੰ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ। ਬੀ.ਐੱਲ.ਓਜ਼ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਿਨ੍ਹਾਂ ਨਾਗਰਿਕਾਂ ਦੀ ਉਮਰ 18 ਸਾਲ ਹੋ ਚੁੱਕੀ ਹੈ, ਦੇ ਫਾਰਮ-6 ਭਰਵਾਉਣ ਵਿੱਚ ਨਿੱਜੀ ਦਿਲਚਸਪੀ ਲੈਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਬੀ.ਐੱਲ.ਓ. ਨਾਲ ਸੰਪਰਕ ਕਰਕੇ ਦਸਤੀ ਤੌਰ ਉੱਤੇ ਜਾਂ ਚੋਣ ਕਮਿਸ਼ਨ ਦੇ ਪੋਰਟਲ ਰਾਹੀਂ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਜ਼ਰੂਰ ਬਣਵਾਉਣ, ਤਾਂ ਜੋ ਉਹ ਦੇਸ਼ ਦੇ ਭਵਿੱਖ ਨੂੰ ਚੁਣਨ ਵਿੱਚ ਆਪਣਾ ਯੋਗਦਾਨ ਪਾ ਸਕਣ।