ਦੁੱਧ ਅਤੇ ਪੁੱਤ ਦੀਆਂ ਖੈਰਾਂ ਮੰਗਣ ਵਾਲੇ ਹੁਣ ਜ਼ਹਿਰਾਂ ਕਿਉਂ ਵੰਡਣ ਲੱਗੇ....?
ਕੋਈ ਸਮਾਂ ਸੀ ਜਦੋਂ "ਦੁੱਧਾਂ ਨਹਾਓ, ਪੁੱਤਾਂ ਫਲੋ" ਵਰਗੀ ਇਹ ਅਸੀਸ ਪੰਜਾਬ ਦੇ ਲੋਕਾਂ ਦੀ ਜ਼ੁਬਾਨ ਤੇ ਇੱਕ ਦੁਆ ਅਤੇ ਸੱਭਿਆਚਾਰ ਦੀ ਰੂਹ ਹੁੰਦੀ ਸੀ। ਸਾਡੇ ਬਜ਼ੁਰਗ ਜਦੋਂ ਕਿਸੇ ਨੂੰ ਮਿਲਦੇ ਸਨ ਤਾਂ ਉਨ੍ਹਾਂ ਦੇ ਮੂੰਹੋਂ ਇਹੋ ਦੁਆਵਾਂ ਆਪ ਮੁਹਾਰੇ ਨਿਕਲਦੀਆਂ ਸਨ। ਉਹ ਹਮੇਸ਼ਾਂ ਹਰੇਕ ਦੇ ਘਰ ਦੀ ਖੁਸ਼ਹਾਲੀ, ਸੰਤਾਨ ਦੀ ਤਰੱਕੀ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਸਨ। ਪਿੰਡਾਂ ਦੀਆਂ ਸੱਥਾਂ ਵਿੱਚ ਵੀ ਸੁਮਾਰ ਪਿਆਰ ਅਤੇ ਸਤਿਕਾਰ ਹੁੰਦਾ ਸੀ, ਗਲੀਆਂ ਵਿੱਚ ਆਪਣਾਪਣ ਸੀ ਅਤੇ ਰਿਸ਼ਤਿਆਂ ਵਿੱਚ ਨਿੱਘ ਅਤੇ ਵਿਸ਼ਵਾਸ ਸੀ। ਇਨਸਾਨ ਦੀ ਦੌਲਤ ਉਸ ਦੀ ਜ਼ਮੀਨ ਨਹੀਂ, ਸਗੋਂ ਉਸ ਦਾ ਚੰਗਾ ਚਰਿੱਤਰ ਅਤੇ ਮਿਲਾਪੜਾ ਸੁਭਾਅ ਮੰਨਿਆ ਜਾਂਦਾ ਸੀ।
ਪਰ ਸਮੇਂ ਨੇ ਅਜਿਹਾ ਪਾਸਾ ਬਦਲਿਆ ਕਿ ਅੱਜ ਉਹੀ ਸਮਾਜ ਅਤੇ ਲੋਕ ਅਨੇਕਾਂ ਚੁਣੌਤੀਆਂ ਨਾਲ ਜੂਝ ਰਹੇ ਹਨ। ਜਿੱਥੇ ਘਰ ਘਰ ਵਿਚ ਕਦੇ ਦੁੱਧ ਅਤੇ ਮੱਖਣ, ਲੱਸੀ ਆਦਿ ਦੀਆਂ ਗੱਲਾਂ ਹੁੰਦੀਆਂ ਸਨ, ਉੱਥੇ ਅੱਜ ਨਸ਼ਿਆਂ, ਹਿੰਸਾ, ਨਫ਼ਰਤ, ਧੋਖੇ ਅਤੇ ਲਾਲਚ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਮਨ ਵਿੱਚ ਇੱਕ ਸਵਾਲ ਉੱਠਦਾ ਹੈ,ਕੀ ਸੱਚਮੁੱਚ ਅਸੀਂ ਇੰਨੇ ਬਦਲ ਗਏ ਹਾਂ ਕਿ ਦੁਆਵਾਂ ਦੀ ਥਾਂ ਜ਼ਹਿਰ ਵੰਡਣ ਲੱਗ ਪਏ ਹਾਂ ਅਤੇ ਇਹੋ ਜ਼ਹਿਰਾਂ ਅਸਰ ਕਰਦੀਆਂ ਆਮ ਹੀ ਨਜ਼ਰ ਆ ਰਹੀਆਂ ਹਨ।
ਅੱਜ ਦਾ "ਜ਼ਹਿਰ" ਸਿਰਫ਼ ਚਿੱਟਾ, ਹੈਰੋਇਨ ਜਾਂ ਹੋਰ ਨਸ਼ੇ ਨਹੀਂ ਹਨ। ਇਸ ਤੋਂ ਵੀ ਵੱਡਾ ਜ਼ਹਿਰ ਅਤੇ ਸਭ ਤੋਂ ਖ਼ਤਰਨਾਕ ਹੈ ਨਫ਼ਰਤ, ਝੂਠ, ਲਾਲਚ, ਭ੍ਰਿਸ਼ਟਾਚਾਰ, ਫੁੱਟ, ਧਾਰਮਿਕ ਕੱਟੜਤਾ, ਸੋਸ਼ਲ ਮੀਡੀਆ 'ਤੇ ਫੈਲਾਇਆ ਜਾਣ ਵਾਲਾ ਝੂਠਾ ਪ੍ਰਚਾਰ ਅਤੇ ਦੂਜਿਆਂ ਨੂੰ ਹੇਠਾਂ ਦਿਖਾਉਣ ਦੀ ਸੋਚ। ਜਦੋਂ ਮਨੁੱਖ ਦਾ ਜ਼ਮੀਰ ਮਰ ਜਾਂਦਾ ਹੈ ਤਾਂ ਉਹ ਸਮਾਜ ਵਿੱਚ ਅਜਿਹੇ ਜ਼ਹਿਰ ਘੋਲਦਾ ਹੈ, ਜਿਸ ਦਾ ਅਸਰ ਸਾਡੀਆਂ ਪੀੜ੍ਹੀਆਂ ਤੱਕ ਰਹਿੰਦਾ ਹੈ।
ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਮਿਹਨਤ, ਬਹਾਦਰੀ ਅਤੇ ਇਨਸਾਨੀਅਤ ਦਾ ਹਮੇਸ਼ਾਂ ਸੰਦੇਸ਼ ਦਿੱਤਾ ਹੈ। ਇਸ ਧਰਤੀ ਨੇ ਦੇਸ਼ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ। ਹਰੀ ਕ੍ਰਾਂਤੀ ਨਾਲ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਅੱਜ ਆਪਣੇ ਹੀ ਨੌਜਵਾਨਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਬੇਰੁਜ਼ਗਾਰੀ, ਨਸ਼ਿਆਂ ਦੀ ਮਾਰ, ਵਿਦੇਸ਼ ਜਾਣ ਦੀ ਦੌੜ ਅਤੇ ਟੁੱਟਦੇ ਪਰਿਵਾਰ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਜਦੋਂ ਨੌਜਵਾਨ ਨਿਰਾਸ਼ ਹੁੰਦਾ ਹੈ, ਤਾਂ ਬੁਰਾਈਆਂ ਉਸ ਨੂੰ ਆਸਾਨੀ ਨਾਲ ਆਪਣੀ ਲਪੇਟ ਵਿੱਚ ਲੈ ਲੈਂਦੀਆਂ ਹਨ।
ਇਹੋ ਜਿਹੀ ਸਥਿਤੀ ਲਈ ਸਿਰਫ਼ ਇੱਕ ਧਿਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਸਖ਼ਤ ਕਾਰਵਾਈ ਕਰਨ, ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ। ਪਰਿਵਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਸਮਾਂ ਦੇਣ, ਉਨ੍ਹਾਂ ਦੇ ਦੋਸਤ ਬਣਨ ਅਤੇ ਚੰਗੇ ਸੰਸਕਾਰ ਦੇਣ। ਸਕੂਲਾਂ ਨੂੰ ਸਿਰਫ਼ ਕਿਤਾਬੀ ਗਿਆਨ ਨਹੀਂ, ਸਗੋਂ ਨੈਤਿਕ ਸਿੱਖਿਆ ਵੀ ਦੇਣੀ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਮਨੁੱਖਤਾ, ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਹੋਰ ਮਜ਼ਬੂਤੀ ਨਾਲ ਫੈਲਾਉਣਾ ਚਾਹੀਦਾ ਹੈ।
ਜੇਕਰ ਅੱਜ ਦੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਇਸ ਸੋਸ਼ਲ ਮੀਡੀਆ ਨੇ ਸਮਾਜ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਕੰਮ ਕੀਤਾ ਹੈ। ਬਿਨਾਂ ਸੱਚਾਈ ਦੀ ਜਾਂਚ ਕੀਤੇ ਝੂਠੀਆਂ ਖ਼ਬਰਾਂ ਫੈਲਾਈਆਂ ਜਾਂਦੀਆਂ ਹਨ। ਲੋਕ ਇੱਕ-ਦੂਜੇ ਦੀ ਬੇਇੱਜ਼ਤੀ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਕਈ ਵਾਰ ਮੂੰਹੋ ਨਿਕਲੇ ਸ਼ਬਦ ਵੀ ਜ਼ਹਿਰ ਬਣ ਜਾਂਦੇ ਹਨ ਅਤੇ ਕਈ ਵਾਰ ਇਹੋ ਜ਼ਹਿਰ ਹਥਿਆਰਾਂ ਨਾਲੋਂ ਵੀ ਵੱਧ ਖ਼ਤਰਨਾਕ ਸਾਬਤ ਹੁੰਦਾ ਹੈ।
ਸਾਨੂੰ ਆਪਣੇ ਇਤਿਹਾਸ ਤੋਂ ਸਿੱਖਣਾ ਹੋਵੇਗਾ। ਸਾਡੇ ਗੁਰੂਆਂ ਨੇ ਪਿਆਰ, ਸੇਵਾ, ਬਰਾਬਰੀ ਅਤੇ ਮਨੁੱਖਤਾ ਦਾ ਰਾਹ ਦਿਖਾਇਆ। ਉਨ੍ਹਾਂ ਨੇ ਕਦੇ ਵੀ ਨਫ਼ਰਤ ਨਹੀਂ ਸਿਖਾਈ। ਸਾਡੇ ਬਜ਼ੁਰਗਾਂ ਨੇ ਹਮੇਸ਼ਾ ਦੂਜਿਆਂ ਦੀ ਖੁਸ਼ਹਾਲੀ ਵਿੱਚ ਆਪਣੀ ਖੁਸ਼ੀ ਲੱਭੀ। ਅੱਜ ਲੋੜ ਹੈ ਕਿ ਅਸੀਂ ਉਹੀ ਵਿਰਾਸਤ ਆਪਣੇ ਬੱਚਿਆਂ ਤੱਕ ਪਹੁੰਚਾਈਏ ਅਤੇ ਭਾਈਵਾਲ਼ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾਵੇਂ ਤਾਂ ਜੋਂ ਇਨਸਾਨੀਅਤ ਬਰਕਰਾਰ ਰੱਖਣ ਵਿੱਚ ਕਾਮਯਾਬ ਹੋਈਏ।
ਸਮਾਜ ਦੀ ਤਬਦੀਲੀ ਕਿਸੇ ਇੱਕ ਦਿਨ ਵਿੱਚ ਨਹੀਂ ਆਉਂਦੀ ਨਾ ਹੀ ਕੋਈ ਇਕਦਮ ਆਪਣੀ ਪੁਰਾਣੀ ਆਦਤ ਛਡਦਾ ਹੈ, ਉਸ ਨੂੰ ਵਖਤ ਲੱਗਦਾ ਹੈ। ਇਹ ਹਰ ਘਰ, ਹਰ ਸਕੂਲ, ਹਰ ਪਿੰਡ ਅਤੇ ਹਰ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ। ਜੇ ਹਰ ਵਿਅਕਤੀ ਇਹ ਫ਼ੈਸਲਾ ਕਰ ਲਵੇ ਕਿ ਉਹ ਝੂਠ ਨਹੀਂ ਫੈਲਾਏਗਾ, ਨਫ਼ਰਤ ਨਹੀਂ ਬੋਵੇਗਾ, ਨਸ਼ਿਆਂ ਦਾ ਵਿਰੋਧ ਕਰੇਗਾ ਅਤੇ ਲੋੜਵੰਦ ਦੀ ਮਦਦ ਕਰੇਗਾ, ਤਾਂ ਇੱਕ ਨਵਾਂ ਸਮਾਜ ਸਿਰਜਿਆ ਜਾ ਸਕਦਾ ਹੈ।
ਅੱਜ ਲੋੜ ਇਸ ਗੱਲ ਦੀ ਨਹੀਂ ਕਿ ਅਸੀਂ ਇੱਕ-ਦੂਜੇ ਨੂੰ ਦੋਸ਼ ਦੇਈਏ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਪ ਤੋਂ ਪੁੱਛੀਏ—ਕੀ ਅਸੀਂ ਆਪਣੇ ਹਿੱਸੇ ਦਾ ਚਾਨਣ ਕਰ ਰਹੇ ਹਾਂ ਜਾਂ ਹਨੇਰਾ ਵਧਾ ਰਹੇ ਹਾਂ? ਕੀ ਸਾਡੇ ਸ਼ਬਦ ਕਿਸੇ ਦਾ ਹੌਸਲਾ ਵਧਾਉਂਦੇ ਹਨ ਜਾਂ ਕਿਸੇ ਦਾ ਦਿਲ ਤੋੜਦੇ ਹਨ? ਕੀ ਅਸੀਂ ਆਪਣੇ ਬੱਚਿਆਂ ਲਈ ਅਜਿਹਾ ਸਮਾਜ ਛੱਡ ਕੇ ਜਾ ਰਹੇ ਹਾਂ, ਜਿਸ 'ਤੇ ਉਹ ਮਾਣ ਕਰ ਸਕਣ?
ਆਓ ਇੱਕ ਵਾਰ ਫਿਰ ਉਹ ਰਿਵਾਇਤ ਜਿਉਂਦੀ ਕਰੀਏ ਜਿਸ ਵਿੱਚ ਦੁਆਵਾਂ ਵੰਡੀਆਂ ਜਾਂਦੀਆਂ ਸਨ ਇੱਕ ਦੂਜੇ ਦੀਆਂ ਖੈਰਾਂ ਮੰਗੀਆ ਜਾਂਦੀਆਂ ਸਨ , ਨਾ ਕਿ ਜ਼ਹਿਰ। ਪਿਆਰ ਵੰਡਿਆ ਜਾਂਦਾ ਸੀ, ਨਾ ਕਿ ਨਫ਼ਰਤ। ਇਨਸਾਨੀਅਤ ਦੀ ਕਦਰ ਹੁੰਦੀ ਸੀ, ਨਾ ਕਿ ਸਵਾਰਥ ਦੀ।ਜਦੋਂ ਅਸੀਂ ਮੁੜ ਇੱਕ-ਦੂਜੇ ਲਈ ਦੁੱਧ ਅਤੇ ਪੁੱਤ ਦੀਆਂ ਖੈਰਾਂ ਮੰਗਣ ਲੱਗ ਪਵਾਂਗੇ ਤਾਂ ਉਦੋਂ ਹੀ ਇਹ ਜ਼ਹਿਰ ਭਰਿਆ ਮਾਹੌਲ ਖ਼ਤਮ ਹੋਵੇਗਾ ਅਤੇ ਪੰਜਾਬ ਫਿਰ ਤੋਂ ਪਿਆਰ, ਭਾਈਚਾਰੇ ਅਤੇ ਚੜ੍ਹਦੀ ਕਲਾ ਦੀ ਧਰਤੀ ਬਣੇਗਾ। ਇਹੀ ਸਮੇਂ ਦੀ ਪੁਕਾਰ ਹੈ ਅਤੇ ਇਹੀ ਸਾਡੀ ਸਾਂਝੀ ਜ਼ਿੰਮੇਵਾਰੀ ਵੀ ਹੈ। ਆਓ ਇੱਕ ਚੰਗੇ ਸਮਾਜ ਲਈ ਸਾਰੇ ਰਲ਼ਕੇ ਹੰਭਲਾ ਮਾਰੀਏ ਤੇ ਆਉਣ ਵਾਲ਼ੀ ਪੀੜ੍ਹੀ ਨੂੰ ਚੰਗਾ ਸਮਾਜ ਦੇਕੇ ਜਾਈਏ ।
ਗੁਰਪ੍ਰੀਤ ਸਿੰਘ ਜਖਵਾਲੀ (ਸ਼੍ਰੀ ਫ਼ਤਹਿਗੜ੍ਹ ਸਾਹਿਬ)
ਮੋਬਾਈਲ:-98550 36444

-
ਗੁਰਪ੍ਰੀਤ ਸਿੰਘ ਜਖਵਾਲੀ, writer
jakhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.