ਅਕਾਲੀ ਦਲ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਚੋਣ ਪ੍ਰਕਿਰਿਆ ਵਿਚੋਂ ਸਿੱਖ ਉਮੀਦਵਾਰ ਬਾਹਰ ਰੱਖਣ ’ਤੇ ਚੁੱਕੇ ਸਵਾਲ
ਚੋਣ ਪ੍ਰਕਿਰਿਆ ਵਿਚ ਪੂਰੀ ਪਾਰਦਰਸ਼ਤਾ ਹੋਵੇ: ਮਹੇਸ਼ਇੰਦਰ ਸਿੰਘ ਗਰੇਵਾਲ
ਚੰਡੀਗੜ੍ਹ, 7 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਵਾਸਤੇ ਚੋਣ ਪ੍ਰਕਿਰਿਆ ਵਿਚੋਂ ਸਿੱਖ ਉਮੀਦਵਾਰਾਂ ਨੂੰ ਬਾਹਰ ਕੀਤੇ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇੰਟਰਵਿਊ ਵਾਸਤੇ ਕੋਈ ਵੀ ਸਿੱਖ ਬਿਨੈਕਾਰ ਨਹੀਂ ਸੱਦਿਆ ਗਿਆ ਹਾਲਾਂਕਿ ਬਿਨੈਕਾਰਾਂ ਵਿਚ ਅਨੇਕਾਂ ਚੰਗੇ ਵਿਦਵਾਨ ਤੇ ਤਜ਼ਰਬੇਕਾਰ ਅਕਾਦਮਿਕ ਪ੍ਰਸ਼ਾਸਕ ਸ਼ਾਮਲ ਸਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇੰਟਰਵਿਊ ਪ੍ਰਕਿਰਿਆ ਜੋ 3 ਜੁਲਾਈ ਨੂੰ ਸ਼ੁਰੂ ਹੋਈ ਨੇ ਚੋਣ ਪ੍ਰਕਿਰਿਆ ਵਿਚ ਸਭ ਦੀ ਸ਼ਮੂਲੀਅਤ, ਨਿਰਪੱਖਤਾ ਅਤੇ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਕਿਹਾ ਕਿ ਚੁਣੇ ਗਏ ਬਿਨੈਕਾਰਾਂ ਵਿਚ ਸਿੱਖ ਬਿਨੈਕਾਰਾਂ ਦਾ ਨਾ ਹੋਣਾ ਇਹ ਪ੍ਰਭਾਵ ਦਿੰਦਾ ਹੈ ਕਿ ਸਿੱਖ ਕੌਮ ਦੇ ਮੈਂਬਰ ਜੋ ਯੋਗ ਸਨ, ਨੂੰ ਅਣਡਿੱਠ ਕੀਤਾ ਗਿਆ ਹੈ।
ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਇਸ ਅਹੁਦੇ ਵਾਸਤੇ ਚੋਟੀ ਦੀਆਂ ਯੂਨੀਵਰਸਿਟੀਆਂ ਦੇ ਅਨੇਕਾਂ ਮੌਜੂਦਾ ਤੇ ਸਾਬਕਾ ਵਾਈਸ ਚਾਂਸਲਰਾਂ, ਪ੍ਰਮੁੱਖ ਸਿੱਖ ਅਕਾਦਮਿਕ ਸ਼ਖਸੀਅਤਾਂ ਤੇ ਪ੍ਰਸ਼ਾਸਕੀ ਤਜ਼ਰਬੇਕਾਰਾਂ ਨੇ ਅਪਲਾਈ ਕੀਤਾ ਸੀ। ਉਹਨਾਂ ਕਿਹਾ ਕਿ ਇੰਟਰਵਿਊ ਵਾਸਤੇ ਅਜਿਹੇ ਉਮੀਦਵਾਰਾਂ ਨੂੰ ਦਰ ਕਿਨਾਰ ਕਰਨਾ ਇਹ ਸਵਾਲ ਖੜ੍ਹੇ ਕਰਦਾ ਹੈ ਕਿ ਉਮੀਦਵਾਰਾਂ ਦੀ ਚੋਣ ਵਾਸਤੇ ਕੀ ਪੈਮਾਨਾ ਅਪਣਾਇਆ ਗਿਆ।
ਸਰਦਾਰ ਗਰੇਵਾਲ ਨੇ ਕਿਹਾ ਕਿ ਇਸ ਘਟਨਾਕ੍ਰਮ ਨੇ ਦੇਸ਼ ਦੀਆਂ ਪ੍ਰਮੁੱਖ ਉਚੇਰੀ ਸਿੱਖਿਆ ਸੰਸਥਾਵਾਂ ਵਿਚ ਨਿਯੁਕਤੀ ਵਾਸਤੇ ਬਰਾਬਰ ਦਾ ਮੌਕਾ ਦਿੱਤੇ ਜਾਣ ਤੇ ਪਾਰਦਰਸ਼ਤਾ ਯਕੀਨੀ ਬਣਾਉਣ ਸਬੰਧੀ ਵਾਜਬ ਚਿੰਤਾਵਾਂ ਨੂੰ ਉਭਾਰਿਆ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਚੋਣ ਪ੍ਰਕਿਰਿਆ ਹਮੇਸ਼ਾ ਪੱਖਪਾਤ ਦੇ ਪ੍ਰਭਾਵ ਤੋਂ ਉਪਰ ਹੋਣੀ ਚਾਹੀਦੀ ਹੈ ਤੇ ਇਸ ਵਿਚ ਸ਼ਾਮਲ ਸਭ ਪਾਤਰਾਂ ਨੂੰ ਇਸ ’ਤੇ ਵਿਸ਼ਵਾਸ ਹੋਣਾ ਚਾਹੀਦਾ ਹੈ।
ਪੰਜਾਬ ਯੂਨੀਵਰਸਿਟੀ ਦੀ ਵਿਰਾਸਤ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੰਸਥਾ ਹਮੇਸ਼ਾ ਆਪਣੀ ਸਰਵੋਤਮ ਅਕਾਦਮਿਕ ਕਾਰਗੁਜ਼ਾਰੀ, ਵਿਭਿੰਨਤਾ ਤੇ ਸਭ ਨੂੰ ਨਾਲ ਲੈ ਕੇ ਚੱਲਣ ਦੇ ਸਰੂਪ ਕਰ ਕੇ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸਦੇ ਵਾਈਸ ਚਾਂਸਲਰ ਦੀ ਨਿਯੁਕਤੀ ਦੀ ਪ੍ਰਕਿਰਿਆ ਵਿਚ ਇਸਦੀਆਂ ਕਦਰਾਂ ਕੀਮਤਾਂ ਤੇ ਨਿਰੋਲ ਮੈਰਿਟ ਹੀ ਆਧਾਰ ਹੈ, ਇਹ ਪ੍ਰਭਾਵ ਝਲਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਇਹ ਪ੍ਰਭਾਵ ਜਾਂਦਾ ਹੈ ਕਿ ਕਿਸੇ ਫਿਰਕੇ ਵਿਸ਼ੇਸ਼ ਦੇ ਆਧਾਰ ’ਤੇ ਉਸਦੇ ਮੈਂਬਰ ਰੱਖੇ ਗਏ ਹਨ ਤਾਂ ਇਸਦਾ ਇਸਦੀ ਸਾਖ਼ ’ਤੇ ਉਲਟ ਪ੍ਰਭਾਵ ਪਵੇਗਾ ਤੇ ਨਿਰਪੱਖਤਾ ਤੇ ਸਭ ਨੂੰ ਨਾਲ ਲੈ ਕੇ ਚੱਲਣ ਦੇ ਇਸਦੇ ਅਕਸ ਨੂੰ ਢਾਹ ਵੱਜੇਗੀ।
ਉਹਨਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਵਾਈਸ ਚਾਂਸਲਰ ਦੀ ਨਿਯੁਕਤੀ ਦੀ ਪ੍ਰਕਿਰਿਆ ਪਾਰਦਰਸ਼ੀ, ਉਦੇਸ਼ ਭਰਪੂਰ ਤੇ ਮੈਰਿਟ ਆਧਾਰਿਤ ਹੋਵੇ ਤਾਂ ਜੋ ਲੋਕਾਂ ਦਾ ਸੰਸਥਾ ਤੇ ਇਸਦੇ ਪ੍ਰਸ਼ਾਸਨ ’ਤੇ ਵਿਸ਼ਵਾਸ ਬਹਾਲ ਰਹੇ।
- Download Babushahi App
-
-