ਵੱਡੇ ਸੁਪਨੇ ਅਤੇ ਨਿਰੰਤਰ ਮਿਹਨਤ ਹੀ ਉੱਚੀਆਂ ਮੰਜ਼ਿਲਾਂ ਤੱਕ ਪਹੁੰਚਣ ਦਾ ਰਾਹ : ਮੁਕੇਸ਼ ਵਰਮਾ
ਡਾਇਟ ਗੁਰਦਾਸਪੁਰ ਵਿਖੇ ਮੋਟੀਵੇਸ਼ਨਲ ਸੈਸ਼ਨ ਦੌਰਾਨ ਭਵਿੱਖ ਦੇ ਅਧਿਆਪਕਾਂ ਨੂੰ ਰਾਸ਼ਟਰ ਨਿਰਮਾਣ ਅਤੇ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਯੋਗਦਾਨ ਪਾਉਣ ਦਾ ਦਿੱਤਾ ਸੰਦੇਸ਼
ਰੋਹਿਤ ਗੁਪਤਾ
ਗੁਰਦਾਸਪੁਰ, 9 ਜੂਨ
ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਰਾਜੇਸ਼ ਸ਼ਰਮਾ ਅਤੇ ਐਸ.ਸੀ.ਈ.ਆਰ.ਟੀ. ਦੀ ਸਹਾਇਕ ਡਾਇਰੈਕਟਰ ਪੰਜਾਬ ਸ੍ਰੀਮਤੀ ਸਰੂਤੀ ਸ਼ੁਕਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਵੱਲੋਂ ਡਾਇਟ ਗੁਰਦਾਸਪੁਰ ਵਿਖੇ ਈ.ਟੀ.ਟੀ. ਦੀ ਪੜ੍ਹਾਈ ਕਰ ਰਹੇ ਅਧਿਆਪਕ ਵਿਦਿਆਰਥੀਆਂ ਨਾਲ ਇੱਕ ਵਿਸ਼ੇਸ਼ ਪ੍ਰੇਰਣਾਦਾਇਕ ਅਤੇ ਮੋਟੀਵੇਸ਼ਨਲ ਸੈਸ਼ਨ ਦੌਰਾਨ ਵਿਚਾਰ ਸਾਂਝੇ ਕੀਤੇ ਗਏ।
ਆਪਣੇ ਸੰਬੋਧਨ ਦੌਰਾਨ ਮੁਕੇਸ਼ ਵਰਮਾ ਨੇ ਕਿਹਾ ਕਿ ਇੱਕ ਆਦਰਸ਼ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਕਿਉਂਕਿ ਉਸ ਵੱਲੋਂ ਤਿਆਰ ਕੀਤੇ ਗਏ ਵਿਦਿਆਰਥੀ ਅੱਗੇ ਚੱਲ ਕੇ ਡਾਕਟਰ, ਇੰਜੀਨੀਅਰ, ਅਧਿਆਪਕ, ਵਕੀਲ, ਜੱਜ, ਆਈ.ਏ.ਐਸ., ਆਈ.ਪੀ.ਐਸ. ਅਤੇ ਹੋਰ ਉੱਚ ਅਹੁਦਿਆਂ ਤੱਕ ਪਹੁੰਚ ਕੇ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਕੇਵਲ ਗਿਆਨ ਦਾ ਪ੍ਰਚਾਰ ਕਰਨ ਵਾਲਾ ਹੀ ਨਹੀਂ, ਸਗੋਂ ਚੰਗੇ ਸਮਾਜ ਅਤੇ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖਣ ਵਾਲਾ ਸੱਚਾ ਮਾਰਗਦਰਸ਼ਕ ਹੁੰਦਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਜੀਵਨ ਨੂੰ ਸਿਰਫ਼ ਈ.ਟੀ.ਟੀ. ਅਧਿਆਪਕ ਬਣਨ ਤੱਕ ਸੀਮਿਤ ਨਾ ਰੱਖਣ, ਬਲਕਿ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਨਿਰੰਤਰ ਯਤਨ ਕਰਨ। ਉਨ੍ਹਾਂ ਕਿਹਾ ਕਿ ਯੂ.ਪੀ.ਐਸ.ਸੀ., ਪੀ.ਸੀ.ਐਸ. ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਰਾਹੀਂ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਜਾ ਕੇ ਵੀ ਦੇਸ਼ ਦੀ ਸੇਵਾ ਕਰਨ ਦੇ ਅਨੇਕ ਮੌਕੇ ਮੌਜੂਦ ਹਨ। ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਆਤਮ-ਵਿਸ਼ਵਾਸ ਦੇ ਬਲ 'ਤੇ ਕੋਈ ਵੀ ਵਿਅਕਤੀ ਜੀਵਨ ਦੀਆਂ ਉੱਚੀਆਂ ਮੰਜ਼ਿਲਾਂ ਹਾਸਲ ਕਰ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਹੁਨਰਾਂ ਨੂੰ ਲਗਾਤਾਰ ਨਿਖਾਰਨ ਅਤੇ ਸਮੇਂ ਦੇ ਨਾਲ ਆਪਣੇ ਆਪ ਨੂੰ ਅਪਡੇਟ ਰੱਖਣ ਦੀ ਵੀ ਪ੍ਰੇਰਣਾ ਦਿੱਤੀ।
ਇਸ ਮੌਕੇ ਡਾਇਟ ਇੰਚਾਰਜ ਨਰੇਸ਼ ਕੁਮਾਰ ਅਤੇ ਤਰੁਣਜੋਤ ਕੌਰ ਵੱਲੋਂ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਦਾ ਨਿੱਘਾ ਸਵਾਗਤ ਕੀਤਾ ਗਿਆ। ਡਾਇਟ ਇੰਚਾਰਜ ਨਰੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਦਿੱਤੇ ਗਏ ਪ੍ਰੇਰਣਾਦਾਇਕ ਅਤੇ ਮਾਰਗਦਰਸ਼ਨ ਭਰਪੂਰ ਲੈਕਚਰ ਲਈ ਮੁਕੇਸ਼ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮੋਟੀਵੇਸ਼ਨਲ ਸੈਸ਼ਨ ਵਿਦਿਆਰਥੀਆਂ ਵਿੱਚ ਨਵੀਂ ਊਰਜਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਟੀਚਿਆਂ ਪ੍ਰਤੀ ਹੋਰ ਜਾਗਰੂਕ ਬਣਾਉਂਦੇ ਹਨ।
ਸਮਾਗਮ ਦੀ ਇੱਕ ਵਿਸ਼ੇਸ਼ ਖਿੱਚ ਡਾਇਟ ਦੇ ਵਿਦਿਆਰਥੀ ਅਤੇ ਉਭਰਦੇ ਲੇਖਕ ਜੁਗਲ ਕਿਸ਼ੋਰ ਦੀ ਤੀਜੀ ਪੁਸਤਕ ‘ਪਰਛਾਵਾਂ’ ਦਾ ਲੋਕ ਅਰਪਣ ਸਮਾਰੋਹ ਰਿਹਾ।