ਲਖੀਮਪੁਰ ਖੀਰੀ ਹਿੰਸਾ ਕਾਂਡ ਦੇ ਗਵਾਹ ਦੀ ਸੁਰੱਖਿਆ 'ਚ ਤਾਇਨਾਤ ਸਿਪਾਹੀ ਦੀ ਰੇਲਵੇ ਟਰੈਕ 'ਤੇ ਮਿਲੀ ਲਾਸ਼, ਜਾਂਚ ਸ਼ੁਰੂ
ਲਖੀਮਪੁਰ ਖੀਰੀ, 28 ਜੁਲਾਈ 2026: ਸਾਲ 2021 ਦੇ ਬਹੁਚਰਚਿਤ ਤਿਕੁਨੀਆ ਹਿੰਸਾ ਕਾਂਡ ਦੇ ਗਵਾਹ ਅੰਗਰੇਜ਼ ਸਿੰਘ ਦੀ ਸੁਰੱਖਿਆ ਵਿੱਚ ਤਾਇਨਾਤ ਉੱਤਰ ਪ੍ਰਦੇਸ਼ ਪੁਲਿਸ ਦੇ ਸਿਪਾਹੀ ਉਮਾਸ਼ੰਕਰ ਭਾਰਤੀ ਦੀ ਲਾਸ਼ ਫਿਰੋਜ਼ਾਬਾਦ ਜ਼ਿਲ੍ਹੇ ਵਿੱਚ ਉਸਦੇ ਪਿੰਡ ਨੇੜੇ ਰੇਲਵੇ ਟਰੈਕ ਤੋਂ ਬਰਾਮਦ ਹੋਈ ਹੈ। ਮੁੱਢਲੀ ਜਾਂਚ ਵਿੱਚ ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਹਾਲਾਂਕਿ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ 2019 ਬੈਚ ਦੇ ਸਿਪਾਹੀ ਉਮਾਸ਼ੰਕਰ ਭਾਰਤੀ ਨੂੰ 7 ਦਸੰਬਰ 2024 ਤੋਂ ਤਿਕੁਨੀਆ ਹਿੰਸਾ ਕਾਂਡ ਦੇ ਗਵਾਹ ਅੰਗਰੇਜ਼ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਤਿੰਨ-ਚਾਰ ਦਿਨ ਪਹਿਲਾਂ ਬਿਨਾਂ ਕਿਸੇ ਅਧਿਕਾਰਕ ਸੂਚਨਾ ਦੇ ਆਪਣੇ ਜੱਦੀ ਪਿੰਡ ਜਲਾਲਪੁਰ (ਜ਼ਿਲ੍ਹਾ ਫਿਰੋਜ਼ਾਬਾਦ) ਚਲੇ ਗਏ ਸਨ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਗਵਾਹ ਅੰਗਰੇਜ਼ ਸਿੰਘ ਤੋਂ ਵੀ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਸਿਹਤ ਖ਼ਰਾਬ ਹੋਣ ਕਾਰਨ ਉਹ ਸਿਪਾਹੀ ਦੇ ਜਾਣ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕਰ ਸਕੇ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਪਾਹੀ ਬਿਨਾਂ ਜਾਣਕਾਰੀ ਦਿੱਤੇ ਘਰ ਕਿਵੇਂ ਪਹੁੰਚਿਆ ਅਤੇ ਉਹ ਰੇਲਵੇ ਟਰੈਕ ਤੱਕ ਕਿਹੜੇ ਹਾਲਾਤਾਂ ਵਿੱਚ ਗਿਆ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ ਦੇ ਆਲੇ-ਦੁਆਲੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਪੁਲਿਸ ਨੇ ਸਿਪਾਹੀ ਦੇ ਘਰ ਤੋਂ ਉਸ ਦੀ ਸਰਕਾਰੀ ਕਾਰਬਾਈਨ, ਕਾਰਤੂਸ ਅਤੇ ਮੈਗਜ਼ੀਨ ਵੀ ਬਰਾਮਦ ਕਰ ਲਈ ਹੈ। ਏਐਸਪੀ ਪੱਛਮੀ ਅਮਿਤ ਰਾਏ ਨੇ ਦੱਸਿਆ ਕਿ ਸਿਪਾਹੀ ਦੀ ਲਾਸ਼ ਮਿਲਣ ਤੋਂ ਬਾਅਦ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਰੋਜ਼ਾਬਾਦ ਪੁਲਿਸ ਤੋਂ ਵੀ ਸਾਰੇ ਤੱਥ ਇਕੱਠੇ ਕੀਤੇ ਜਾ ਰਹੇ ਹਨ।
- Download Babushahi App
-
-