ਗਣਤੰਤਰ ਦਿਵਸ-2027 ਮੌਕੇ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਅਵਾਰਡਾਂ ਲਈ ਅਰਜ਼ੀਆਂ/ਨਾਮਜ਼ਦਗੀਆਂ ਦੀ ਮੰਗ
ਯੋਗ ਅਤੇ ਵਿਲੱਖਣ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦੀਆਂ ਨਾਮਜ਼ਦਗੀਆਂ ਭੇਜਣ ਦੀ ਅਪੀਲ – ਡਿਪਟੀ ਕਮਿਸ਼ਨਰ
ਅਰਜੀਆਂ ਦੇਣ ਦੀ ਆਖਰੀ ਮਿਤੀ 31 ਜੁਲਾਈ
ਮੋਗਾ, 28 ਜੁਲਾਈ:
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਗਣਤੰਤਰ ਦਿਵਸ-2027 ਮੌਕੇ ਐਲਾਨੇ ਜਾਣ ਵਾਲੇ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਅਵਾਰਡਾਂ ਲਈ ਯੋਗ ਵਿਅਕਤੀਆਂ ਦੀਆਂ ਨਾਮਜ਼ਦਗੀਆਂ/ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸਰਕਾਰੀ ਵਿਭਾਗਾਂ, ਵਿਦਿਅਕ ਸੰਸਥਾਵਾਂ, ਸਮਾਜ ਸੇਵੀ ਸੰਗਠਨਾਂ, ਉਦਯੋਗਿਕ ਅਤੇ ਵਪਾਰਕ ਸੰਸਥਾਵਾਂ, ਸਥਾਨਕ ਸਰਕਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਵਿੱਚ ਸ਼ਾਨਦਾਰ ਅਤੇ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੀਆਂ ਨਾਮਜ਼ਦਗੀਆਂ ਭੇਜਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਦਮ ਅਵਾਰਡ ਦੇਸ਼ ਦੇ ਸਰਵੋੱਚ ਨਾਗਰਿਕ ਸਨਮਾਨਾਂ ਵਿੱਚ ਸ਼ਾਮਲ ਹਨ। ਇਹ ਸਨਮਾਨ ਵੱਖ-ਵੱਖ ਖੇਤਰਾਂ ਵਿੱਚ ਅਸਾਧਾਰਣ ਅਤੇ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਵਿਅਕਤੀਆਂ ਨੂੰ ਪ੍ਰਦਾਨ ਕੀਤੇ ਜਾਂਦੇ ਹਨ। ਪਦਮ ਅਵਾਰਡ ਤਿੰਨ ਸ਼੍ਰੇਣੀਆਂ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਅਧੀਨ ਦਿੱਤੇ ਜਾਂਦੇ ਹਨ। ਇਨ੍ਹਾਂ ਲਈ ਕਲਾ, ਸਾਹਿਤ ਅਤੇ ਸਿੱਖਿਆ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਚਿਕਿਤਸਾ, ਖੇਡਾਂ, ਲੋਕ ਪ੍ਰਸ਼ਾਸਨ, ਵਪਾਰ ਅਤੇ ਉਦਯੋਗ, ਖੇਤੀਬਾੜੀ, ਵਾਤਾਵਰਣ ਸੰਭਾਲ ਅਤੇ ਹੋਰ ਅਨੇਕਾਂ ਖੇਤਰਾਂ ਵਿੱਚ ਵਿਲੱਖਣ ਯੋਗਦਾਨ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਦਮ ਅਵਾਰਡਾਂ ਲਈ ਨਾਮਜ਼ਦਗੀਆਂ ਕੇਂਦਰ ਸਰਕਾਰ ਦੇ ਆਨਲਾਈਨ ਪੋਰਟਲ https://awards.gov.in ਰਾਹੀਂ ਭੇਜੀਆਂ ਜਾਣਗੀਆਂ। ਨਾਮਜ਼ਦਗੀ ਕਰਦੇ ਸਮੇਂ ਉਮੀਦਵਾਰ ਦਾ ਸੰਖੇਪ ਜੀਵਨ ਵੇਰਵਾ, ਉਸ ਦੀਆਂ ਉਪਲਬਧੀਆਂ, ਵਿਸ਼ੇਸ਼ ਯੋਗਦਾਨ ਅਤੇ ਹੋਰ ਲੋੜੀਂਦੀ ਜਾਣਕਾਰੀ ਪੋਰਟਲ 'ਤੇ ਦਰਜ ਕਰਨੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਣਤੰਤਰ ਦਿਵਸ-2027 ਲਈ ਪਦਮ ਅਵਾਰਡਾਂ ਦੀਆਂ ਨਾਮਜ਼ਦਗੀਆਂ ਭੇਜਣ ਦੀ ਆਖਰੀ ਮਿਤੀ 31 ਜੁਲਾਈ, 2026 ਨਿਰਧਾਰਤ ਕੀਤੀ ਗਈ ਹੈ। ਇਸ ਲਈ ਸਾਰੀਆਂ ਸੰਸਥਾਵਾਂ ਅਤੇ ਆਮ ਨਾਗਰਿਕ ਨਿਰਧਾਰਤ ਸਮਾਂ-ਸੀਮਾ ਅੰਦਰ ਯੋਗ ਵਿਅਕਤੀਆਂ ਦੀਆਂ ਨਾਮਜ਼ਦਗੀਆਂ ਭੇਜਣ ਨੂੰ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੋਗਾ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਅਜਿਹੇ ਯੋਗ ਵਿਅਕਤੀਆਂ ਦੀ ਪਛਾਣ ਕਰਨ, ਜਿਨ੍ਹਾਂ ਨੇ ਆਪਣੇ ਕੰਮ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਦੇਸ਼ ਦੀ ਤਰੱਕੀ ਵਿੱਚ ਵਿਲੱਖਣ ਯੋਗਦਾਨ ਪਾਇਆ ਹੋਵੇ। ਉਨ੍ਹਾਂ ਕਿਹਾ ਕਿ ਯੋਗ ਸ਼ਖ਼ਸੀਅਤਾਂ ਦੀਆਂ ਵੱਧ ਤੋਂ ਵੱਧ ਨਾਮਜ਼ਦਗੀਆਂ ਭੇਜ ਕੇ ਅਸੀਂ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਬਣਦਾ ਮਾਣ-ਸਨਮਾਨ ਦਿਵਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।
- Download Babushahi App
-
-