Canada: ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦੇ ਕਵੀ ਦਰਬਾਰ ਵਿੱਚ ਕਵੀਆਂ ਨੇ ਗੀਤਾਂ, ਕਵਿਤਾਵਾਂ ਰਾਹੀਂ ਖੂਬ ਰੰਗ ਬੰਨ੍ਹਿਆਂ
ਹਰਦਮ ਮਾਨ
ਸਰੀ, 28 ਜੁਲਾਈ 2026 -ਇੰਡੋ ਕੈਨੇਡੀਅਨ ਸੀਨੀਅਰ ਸੈਂਟਰ, ਸਰੀ-ਡੈਲਟਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਸੈਂਟਰ ਦੇ ਉਪਰਲੇ ਹਾਲ ਵਿੱਚ ਕਰਵਾਏ ਗਏ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਕੀਤੀ।
ਕਵੀ ਦਰਬਾਰ ਵਿੱਚ ਸਥਾਨਕ ਕਵੀਆਂ ਨੇ ਸਮਾਜਿਕ ਸਰੋਕਾਰਾਂ, ਪ੍ਰਵਾਸੀ ਜੀਵਨ, ਮਨੁੱਖੀ ਕਦਰਾਂ-ਕੀਮਤਾਂ ਅਤੇ ਸਮਕਾਲੀ ਹਾਲਾਤਾਂ ਨੂੰ ਕੇਂਦਰ ਵਿੱਚ ਰੱਖਦੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀਆਂ ਦੀਆਂ ਰਚਨਾਵਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਗਿੱਲ, ਦਰਸ਼ਨ ਸਿੰਘ ਅਟਵਾਲ, ਦਵਿੰਦਰ ਕੌਰ ਜੌਹਲ, ਅਮਰਜੀਤ ਕੌਰ, ਮਨਜੀਤ ਸਿੰਘ ਮੱਲ੍ਹਾ, ਗੁਰਦਰਸ਼ਨ ਸਿੰਘ ਤਤਲਾ, ਗੁਰਚਰਨ ਸਿੰਘ ਬਰਾੜ, ਗੁਰਮੀਤ ਸਿੰਘ ਕਾਲਕਟ, ਬਲਬੀਰ ਸਿੰਘ ਸੰਘਾ, ਹਰਚੰਦ ਸਿੰਘ ਗਿੱਲ, ਸਵਰਨਜੀਤ ਸਿੰਘ ਸੰਧੂ, ਪਵਨ ਭਾਮੀਆ, ਇੰਦਰਜੀਤ ਕੌਰ ਸੰਧੂ, ਮਲੂਕ ਚੰਦ ਕਲੇਰ, ਸੁਖਪ੍ਰੀਤ, ਠਾਣਾ ਸਿੰਘ ਖੋਸਾ, ਅਮਰਜੀਤ ਕੌਰ ਚਾਹਲ, ਸਰਬਜੀਤ ਔਖਲਾ, ਹਰਚਰਨ ਸਿੰਘ ਸੰਧੂ, ਜਗਜੀਤ ਸਿੰਘ ਸੇਖੋਂ ਅਤੇ ਬੇਅੰਤ ਸਿੰਘ ਢਿੱਲੋਂ ਸਮੇਤ ਹੋਰ ਕਈ ਕਵੀਆਂ ਨੇ ਸ਼ਿਰਕਤ ਕੀਤੀ। ਕਵੀ ਦਰਬਾਰ ਦਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਸੁਚੱਜੇ ਢੰਗ ਨਾਲ ਕੀਤਾ।
ਇਸ ਮੌਕੇ ਸਾਬਕਾ ਲੇਬਰ ਮੰਤਰੀ ਹੈਰੀ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਵਾਸ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਜਿਉਂਦਾ ਰੱਖਣ ਲਈ ਅਜਿਹੇ ਸਾਹਿਤਕ ਮੰਚਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਵੱਲੋਂ ਕੀਤੇ ਜਾ ਰਹੇ ਸਾਹਿਤਕ ਅਤੇ ਸੱਭਿਆਚਾਰਕ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਅੰਤ ਵਿੱਚ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ, ਕਵੀਆਂ ਅਤੇ ਹਾਜਰ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹੀਨਾਵਾਰ ਕਵੀ ਦਰਬਾਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਨਿਰੰਤਰ ਸੇਵਾ ਲਈ ਸੈਂਟਰ ਦੀ ਇੱਕ ਮਹੱਤਵਪੂਰਨ ਪਰੰਪਰਾ ਬਣ ਚੁੱਕਾ ਹੈ, ਜਿਸ ਰਾਹੀਂ ਰਚਨਾਕਾਰਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਸਾਰਥਕ ਮੰਚ ਪ੍ਰਾਪਤ ਹੋ ਰਿਹਾ ਹੈ।
- Download Babushahi App
-
-