ਸਾਵਣ ਮੁਸ਼ਾਇਰੇ ’ਚ ਸ਼ਾਇਰਾਂ ਨੇ ਲਾਈ ਕਾਵਿ ਛਹਿਬਰ- ਨਵਜੋਤ ਸਾਹਿਤ ਸੰਸਥਾ ਦੇ ਸਾਹਿਤਕ ਉਪਰਾਲਿਆਂ ਦੀ ਸ਼ਲਾਘਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 27 ਜੁਲਾਈ, 2026
ਨਵਜੋਤ ਸਾਹਿਤ ਸੰਸਥਾ ਔੜ ਵਲੋਂ ਬੰਗਾ ਦੇ ਕਰਨ ਹਸਪਤਾਲ ਦੇ ਵਿਹੜੇ ‘ਸਾਵਣ ਮੁਸ਼ਾਇਰਾ-2026’ ਦਾ ਆਯੋਜਨ ਕੀਤਾ ਗਿਆ। ਇਸ ਮੁਸ਼ਾਇਰੇ ’ਚ ਨਾਮਵਰ ਸ਼ਾਇਰਾਂ ਨੇ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਰਾਹੀਂ ਹਾਜ਼ਰੀਨ ਨੂੰ ਮੰਤਰ ਮੁਗਧ ਕੀਤਾ। ਮੁਸ਼ਾਇਰੇ ਦੀ ਆਰੰਭਤਾ ਸ਼ਮਾਂ ਰੌਸ਼ਨ ਦੀ ਰਸਮ ਨਾਲ ਕੀਤੀ ਗਈ ਜਿਸ ਨੂੰ ਡਾ. ਬਖਸ਼ੀਸ਼ ਸਿੰਘ ਅਤੇ ਡਾ. ਬਲਵੀਰ ਕੌਰ ਵਲੋਂ ਸਾਂਝੇ ਤੌਰ ’ਤੇ ਨਿਭਾਇਆ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਡਾ. ਬਖਸ਼ੀਸ਼ ਸਿੰਘ ਸੰਸਥਾਪਕ ਕਰਨ ਹਸਪਤਾਲ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਾਹਿਤ ਨੂੰ ਸਮਾਜ ਦਾ ਮਾਰਗ ਦਰਸ਼ਨ ਦੱਸਿਆ ਅਤੇ ਨਵਜੋਤ ਸਾਹਿਤ ਸੰਸਥਾ ਔੜ ਦੇ ਬਹੁਪੱਖੀ ਸਾਹਿਤਕ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਸੰਸਥਾ ਦੇ ਸਕੱਤਰ ਡਾ. ਕੇਵਲ ਰਾਮ ਨੇ ਮੰਚ ਸੰਚਾਲਨ ਕਰਦਿਆਂ ਸੰਸਥਾਂ ਦੇ 44ਵੇਂ ਸਾਲ ਤੱਕ ਦੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸੰਸਥਾ ਦੇ ਮੈਂਬਰਾਂ ਦੀਆਂ 44 ਪੁਸਤਕਾਂ ਦੇ ਪ੍ਰਕਾਸ਼ਨ ਦਾ ਜਿਕਰ ਕੀਤਾ।
ਮੁਸ਼ਾਇਰੇ ਵਿੱਚ ਕਾਵਿ ਰਚਨਾਵਾਂ ਪੇਸ਼ ਕਰਨ ਵਾਲਿਆਂ ਵਿੱਚ ਰਜਨੀ ਸ਼ਰਮਾ, ਕੁਲਵਿੰਦਰ ਕੁੱਲਾ, ਸੁਰਜੀਤ ਮਜਾਰੀ, ਹਾਫ਼ਿਜ਼ ਅਲੀ ਇਸਲਾਹੀ, ਤਲਵਿੰਦਰ ਸ਼ੇਰਗਿੱਲ, ਕ੍ਰਿਸ਼ਨ ਹੀਉਂ, ਨਰਿੰਦਰ ਮਾਹੀ, ਸੀਤਲ ਝਿੱਕਾ, ਹਰੀ ਕਿਸ਼ਨ ਪਟਵਾਰੀ, ਦੇਸ ਰਾਜ ਬਾਲੀ, ਰਾਜਿੰਦਰ ਜੱਸਲ, ਰੇਸ਼ਮ ਕਰਨਾਣਵੀ, ਨੀਰੂ ਜੱਸਲ, ਪਰਮਜੀਤ ਮਹਿਰਮਪੁਰੀ, ਲਖਵੀਰ ਬੀਸਲਾ, ਬਬੀਤਾ ਆਦਿ ਸ਼ਾਮਲ ਸਨ।
ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਸਮੂਹ ਆਮਦ ਦਾ ਸਵਾਗਤ ਕੀਤਾ ਅਤੇ ਸਾਵਣ ਮੁਸ਼ਾਇਰੇ ਦੀ ਸਫ਼ਲਤਾ ਲਈ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਇਹ ਸੰਸਥਾ ਪੇਂਡੂ ਖਿੱਤੇ ਅੰਦਰ ਲੋਕਾਂ ਨੂੰ ਸਾਹਿਤ ਨਾਲ ਜੋੜਣ ਅਤੇ ਵਿਦਿਆਰਥੀ ਵਰਗ ਅੰਦਰ ਸਾਹਿਤਕ ਚਿਣਗ ਲਾਉਣ ਪੱਖੋੋਂ ਸੁਬਾਈ ਪਛਾਣ ਰੱਖਦੀ ਹੈ। ਇਸ ਮੌਕੇ ਸਮੂਹ ਸਾਇਰਾਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਸਲਰ ਹਿੰਮਤ ਤੇਜਪਾਲ, ਸਰਪੰਚ ਹਰਮਿੰਦਰ ਸਿੰਘ ਤਲਵੰਡੀ, ਸਾਬਕਾ ਬੈਂਕ ਅਧਿਕਾਰੀ ਮਲਕੀਤ ਸਿੰਘ ਵੀ ਹਾਜ਼ਰ ਸਨ।