CBI ਅਦਾਲਤ ਵੱਲੋਂ ਮੁਅੱਤਲ DIG ਭੁੱਲਰ ਮਾਮਲੇ 'ਚ ਵੱਡੀ ਖ਼ਬਰ, ਪੜ੍ਹੋ ਵੇਰਵੇ
ਮੁੱਦਈ ਆਕਾਸ਼ ਬੱਤਾ ਦੀ ਵਾਧੂ ਸੁਰੱਖਿਆ ਵਾਲੀ ਅਰਜ਼ੀ ਖਾਰਿਜ ਚੰਡੀਗੜ੍ਹ:-
ਰਵੀ ਜੱਖੂ / ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 28 ਜੁਲਾਈ 2026: ਚੰਡੀਗੜ੍ਹ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਮੁੱਦਈ (ਸ਼ਿਕਾਇਤਕਰਤਾ) ਆਕਾਸ਼ ਬੱਤਾ ਵੱਲੋਂ ਦਾਇਰ ਕੀਤੀ ਗਈ ਸੁਰੱਖਿਆ ਸਬੰਧੀ ਅਰਜ਼ੀ ਨੂੰ ਖਾਰਜ/ਰੱਦ ਕਰ ਦਿੱਤਾ ਹੈ।
ਮੁੱਦਈ ਆਕਾਸ਼ ਬੱਤਾ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਸੀ ਕਿ ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਨੂੰ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਾਧੂ ਤੇ ਪੁਖ਼ਤਾ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ, ਪਰ ਅਦਾਲਤ ਨੇ ਮੁੱਦਈ ਦੀ ਇਸ ਮੰਗ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਅਰਜ਼ੀ ਰੱਦ ਕਰ ਦਿੱਤੀ। ਆਕਾਸ਼ ਬੱਤਾ ਨੇ ਦਾਅਵਾ ਕੀਤਾ ਸੀ ਕਿ ਕੇਸ ਵਿੱਚ ਗਵਾਹੀ ਦੀ ਤਾਰੀਖ਼ (12 ਅਗਸਤ 2026) ਨੇੜੇ ਆਉਣ ਕਰਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ। ਦੋਸ਼ੀ ਪੱਖ ਵੱਲੋਂ ਕੇਸ 'ਚ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਗੰਭੀਰ ਸਿੱਟੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਰਜ਼ੀ ਵਿੱਚ ਖ਼ਦਸ਼ਾ ਜਤਾਇਆ ਗਿਆ ਸੀ ਕਿ ਦੋਸ਼ੀ ਹਾਈ-ਪ੍ਰੋਫਾਈਲ ਅਧਿਕਾਰੀ ਹੋਣ ਕਰਕੇ ਗਵਾਹਾਂ ਅਤੇ ਸਬੂਤਾਂ ਨੂੰ ਨਸ਼ਟ ਕਰਨ ਲਈ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕਿਸੇ ਹਾਦਸੇ ਵਿੱਚ ਮਾਰਨ ਦੀ ਸਾਜ਼ਿਸ਼ ਰਚੀ ਜਾ ਸਕਦੀ ਹੈ। ਮੁੱਦਈ ਨੇ ਦੱਸਿਆ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੀ.ਬੀ.ਆਈ. ਨੇ ਐਸ.ਐਸ.ਪੀ. ਫ਼ਤਹਿਗੜ੍ਹ ਸਾਹਿਬ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੱਤਰ ਲਿਖੇ ਸਨ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਵੱਲੋਂ 16 ਅਕਤੂਬਰ 2025 ਨੂੰ ਤਤਕਾਲੀ ਡੀ.ਆਈ.ਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਉਸ ਦੇ ਸਾਥੀ ਕ੍ਰਿਸ਼ਾਨੂ ਖ਼ਿਲਾਫ਼ ਭ੍ਰਿਸ਼ਟਾਚਾਰ ਨਿਰੋਧਕ ਕਾਨੂੰਨ ਅਤੇ ਬੀ.ਐਨ.ਐਸ. ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਅਦਾਲਤ ਵੱਲੋਂ ਚਲਾਨ ਪੇਸ਼ ਕਰਨ ਤੋਂ ਬਾਅਦ ਦੋਸ਼ ਤੈਅ ਕੀਤੇ ਜਾ ਚੁੱਕੇ ਹਨ ਅਤੇ ਹੁਣ ਮਾਮਲਾ ਗਵਾਹਾਂ ਦੇ ਬਿਆਨ ਦਰਜ ਕਰਨ ਦੇ ਮੁਕਾਮ 'ਤੇ ਹੈ।
- Download Babushahi App
-
-