ਪ੍ਰਕਾਸ਼ ਦਿਹਾੜੇ ਮੌਕੇ ਪਿੰਡ ਧਰਮਗੜ੍ਹ ‘ਚ ਸਜਾਇਆ ਨਗਰ ਕੀਰਤਨ
ਪਾਲਕੀ ਸਾਹਿਬ ਤੇ ਗੱਤਕਾ ਰਹੀਆਂ ਖਿੱਚ ਦਾ ਕੇਂਦਰ
ਮਲਕੀਤ ਸਿੰਘ ਮਲਕਪੁਰ
ਲਾਲੜੂ 5 ਨਵੰਬਰ 2025: ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਿੰਡ ਧਰਮਗੜ੍ਹ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਅਤੇ ਪਿੰਡ ਦੀ ਸੰਗਤ ਵੱਲੋਂ ਵੱਖ-ਵੱਖ ਥਾਵਾਂ ‘ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ। ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਚਲ ਕੇ ਪਿੰਡ ਦੇ ਵੱਖ ਮੁਹੱਲਿਆਂ ਵਿਚ ਦੀ ਹੁੰਦਾ ਹੋਇਆ ਦੇਰ ਸਾਮ ਨੂੰ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਿਤ ਹੋਇਆ। ਨਗਰ ਕੀਰਤਨ ਵਿੱਚ ਸਾਮਿਲ ਹੋਣ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਤੇ ਗਿਆਨੀ ਪ੍ਰੀਤਮ ਸਿੰਘ ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਅਪੀਲ ਕੀਤੀ। ਨਗਰ ਕੀਰਤਨ ਦੌਰਾਨ ਫੌਜੀ ਬੈਂਡ ਅਤੇ ਗੱਤਕਾ ਪਾਰਟੀ ਨੇ ਆਪਣੇ ਜ਼ੌਹਰ ਵਿਖਾਏ ਅਤੇ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ। ਨਗਰ ਕੀਰਤਨ ਦੌਰਾਨ ਵੱਖ- ਵੱਖ ਥਾਵਾਂ ‘ਤੇ ਸੰਗਤਾਂ ਲਈ ਲੰਗਰ ਵੀ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਖਜਾਨਚੀ ਮਨਦੀਪ ਸਿੰਘ, ਸੁਰਿੰਦਰ ਸਿੰਘ ਧਰਮਗੜ੍ਹ, ਕ੍ਰਿਸ਼ਨ ਸਿੰਘ, ਹਰਨੇਕ ਸਿੰਘ, ਹਰਦੀਪ ਸਿੰਘ, ਸਰਬਜੀਤ ਸਿੰਘ , ਹਰਜਿੰਦਰ ਸਿੰਘ, ਬਲਜਿੰਦਰ ਸਿੰਘ, ਦਮਨਦੀਪ ਸਿੰਘ, ਸੁਖਵਿੰਦਰ ਸਿੰਘ ਰਾਮਗੜ੍ਹ ਰੁੜਕੀ, ਸੰਜੀਵ ਸਿੰਘ, ਹਰਬੰਸ ਸਿੰਘ, ਹਰਵਿੰਦਰ ਸਿੰਘ ਛੋਟਾ, ਬਲਜੀਤ ਸਿੰਘ, ਬਲਿਹਾਰ ਸਿੰਘ, ਜਗਜੀਤ ਸਿੰਘ ਰੋਡਾ, ਜਸਵਿੰਦਰ ਸਿੰਘ ਸਿੰਦਰ ਆਦਿ ਵੀ ਹਾਜ਼ਰ ਸਨ।