Babushahi Special ਸਿਆਸਤਦਾਨਾਂ ਦੇ ਵਿਗੜੇ ਬੋਲ ਸਿਆਸੀ ਤੌਰ ਤੇ ਜੁੱਲੀ ਬਿਸਤਰਾ ਕਰ ਦਿੰਦੇ ਨੇ ਗੋਲ
ਅਸ਼ੋਕ ਵਰਮਾ
ਬਠਿੰਡਾ, 5 ਨਵੰਬਰ 2025: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਰਹੂਮ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈਕੇ ਕੀਤੀਆਂ ਸਿਰੇ ਦੀਆਂ ਮੰਦਭਾਗੀਆਂ ਤੇ ਜਾਤੀ ਸੂਚਕ ਟਿਪਣੀਆਂ ਕਿਸੇ ਨੇਤਾ ਵੱਲੋਂ ਕੀਤੀਆਂ ਪਹਿਲੀਆਂ ਨਹੀਂ ਬਲਕਿ ਪਿਛਲੇ ਲੰਮੇਂ ਸਮੇਂ ਤੋਂ ਚਲਦਾ ਆ ਰਿਹਾ ਵਰਤਾਰਾ ਹੈ। ਹਾਲਾਂਕਿ ਇਸ ਤਰਾਂ ਦੇ ਬੋਲ ਕੁਬੋਲਾਂ ਸਬੰਧੀ ਭੜਥੂ ਪੈਣ ਕਾਰਨ ਲੀਡਰਾਂ ਨੂੰ ਕਈ ਵਾਰ ਸਿਆਸੀ ਤੌਰ ਤੇ ਵੱਡੀ ਕੀਮਤ ਵੀ ਤਰਨੀ ਪੈਂਦੀ ਹੈ ਫਿਰ ਇਸ ਸਿਲਸਿਲਾ ਰੁਕਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਕਈ ਵਾਰ ਤਾਂ ਇੰਜ ਜਾਪਦਾ ਹੈ ਕਿ ਇੱਕ ਦੂਸਰੇ ਤੋਂ ਵਧ ਚੜ੍ਹਕੇ ਬੋਲਣ ਨੂੰ ਸਿਆਸੀ ਲੋਕ ਆਪਣੀ ਸ਼ਾਨ ਸਮਝਣ ਲੱਗੇ ਹਨ। ਬੇਸ਼ੱਕ ਹੁਣ ਕਾਂਗਰਸ ਨਿਸ਼ਾਨਾ ਬਣੀ ਹੋਈ ਹੈ ਪਰ ਮੋਟੇ ਤੌਰ ਤੇ ਨਜ਼ਰ ਦੌੜਾਈਏ ਤਾਂ ਸਮੂਹ ਸਿਆਸੀ ਧਿਰਾਂ ਇਸ ਹਮਾਮ ‘ਚ ਨੰਗੀਆਂ ਨਜ਼ਰ ਆ ਰਹੀਆਂ ਹਨ ਅਤੇ ਸਿਆਸਤਦਾਨ ਆਪਣੇ ਬੋਲ ਕੁਬੋਲਾਂ ਨਾਲ ਸੂਬੇ ਦੇ ਸਿਆਸੀ ਮਹੌਲ ਨੂੰ ਗਰਮਾਉਂਦੇ ਰਹਿੰਦੇ ਹਨ।
ਸਿਆਸੀ ਮਾਹਿਰਾਂ ਦਾ ਵੀ ਇਹੋ ਕਹਿਣਾ ਹੈ ਕਿ ਰਾਜਨੀਤੀ ਚੋਂ ਤਹਿਜ਼ੀਬ ਅਤੇ ਕਦਰਾਂ ਕੀਮਤਾਂ ਖੰਭ ਲਾਕੇ ਕਿਧਰੇ ਉੱਡ ਪੁੱਡ ਗਈਆਂ ਹਨ ਅਤੇ ਇਸ ਬੇਤੁਕੀ ਬੋਲਬਾਣੀ ਨੇ ਪੰਜਾਬ ਦੀ ਰਾਜਨੀਤੀ ਨੂੰ ਗੰਧਲਾ ਕਰਕੇ ਰੱਖ ਦਿੱਤਾ ਹੈ। ਹੁਣ ਰਤਾ ਪਿਛੋਕੜ ਵਿੱਚ ਚੱਲਦੇ ਹਾਂ ਜਦੋਂ ਸੰਸਦੀ ਹਲਕਾ ਫਿਰੋਜ਼ਪੁਰ ਵਿੱਚ ‘ਜੁੱਲੀ ਬਿਸਤਰਾ’ ਨਾਮੀ ਬੋਲਬਾਣੀ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣੀ ਸੀ। ਦਰਅਸਲ ਏਹ ਨਾ ਤਾਂ ਫਿਲਮ ਦਾ ਨਾਮ ਹੈ ਤੇ ਨਾ ਕੋਈ ਡਾਇਲਾਗ।’ ਇਹ ਤਾਂ ਕਾਂਗਰਸ ਦੇ ਸਾਬਕਾ ਐੱਮਐੱਲਏ ਦਵਿੰਦਰ ਘੁਬਾਇਆ ਦਾ ਤਕੀਆ ਕਲਾਮ ਹੈ । ਦਵਿੰਦਰ ਘੁਬਾਇਆ ਨੇ ਮਹਿਲਾ ਥਾਣੇਦਾਰ ਨੂੰ ਫੋਨ ’ਤੇ ਆਖਿਆ ਸੀ, ’ਸਾਡੇ ਕੰਮ ਨਹੀਂ ਕਰਨੇ ਤਾਂ ਬੰਨ੍ਹ ਲੈ ਕੇ ਆਪਣਾ ’ਜੁੱਲੀ ਬਿਸਤਰਾ’। ਹਲਕਾ ਫਿਰੋਜ਼ਪੁਰ ਤੋਂ ਸੁਖਬੀਰ ਨੂੰ ਉਮੀਦਵਾਰ ਐਲਾਨਦਿਆਂ ਦਵਿੰਦਰ ਘੁਬਾਇਆ ਨੇ ਬਿੰਦ ਨਾ ਲਾਇਆ ਆਖਣ ਨੂੰ, ‘ਸੁਖਬੀਰ ਦਾ ਇੱਥੋਂ ਜੁੱਲੀ ਬਿਸਤਰਾ ਚੁੱਕਾਵਾਂਗੇ।’ ਉਧਰ, ਸੁਖਬੀਰ ਬਾਦਲ ਕਿਹੜਾ ਘੱਟ ਸੀ ਜਿੰਨ੍ਹਾਂ ਕਿਹਾ ‘ਘੁਬਾਇਆ ਦਾ ਐਤਕੀਂ ਕਰਾਂਗੇ ਜੁੱਲੀ ਬਿਸਤਰਾ ਗੋਲ’।
ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਤਾਂ ਆਪਣੇ ਬੋਲਾਂ ਦੀ ਕੀਮਤ ਬਿਹਾਰ ਚੋਣਾਂ ਦੌਰਾਨ ਸਟਾਰ ਪ੍ਰਚਾਰਕਾਂ ਚੋਂ ਨਾਮ ਕਟਵਾਉਣ ਦੇ ਰੂਪ ’ਚ ਤਾਰਨੀ ਪਈ ਹੈ। ਚੰਨੀ ਨੇ ਕਿਹਾ ਸੀ ਕਿ ਬਿਹਾਰੀਆਂ ਨੂੰ ਪੰਜਾਬ ’ਚ ਨਹੀਂ ਵੜਨ ਦਿਆਂਗੇ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਛਪਰਾ ਵਿੱਚ ਚੋਣ ਪ੍ਰਚਾਰ ਦੌਰਾਨ ਚੰਨੀ ਦੀ ਬਿਹਾਰੀਆਂ ਵਿਰੱੁਧ ਟਿੱਪਣੀ ਨੂੰ ਭਾਸ਼ਣ ਦਾ ਹਿੱਸਾ ਬਣਾਇਆ ਤਾਂ ਚੰਨੀ ਨੂੰ ਹਟਾਉਣਾ ਪਿਆ ਹੈ। ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਰਹਿਣ ਵਾਲੀ ਅਦਾਕਾਰਾ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਨੇ ਬਜ਼ਰੁਗ ਮਹਿੰਦਰ ਕੌਰ ਨੂੰ ਸੌ ਰੁਪਏ ਲੈਕੇ ਕਿਸਾਨ ਅੰੰਦੋਲਨ ’ਚ ਸ਼ਾਮਲ ਹੋਣ ਵਾਲੀ ਕਿਹਾ ਸੀ। ਕੰਗਣਾ ਨੇ ਹਿਮਾਚਲ ਪ੍ਰਦੇਸ਼ ’ਚ ਫੈਲੇ ਨਸ਼ਿਆਂ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਵੀ ਤੋਏ ਤੋਏ ਹੋਈ ਸੀ। ਬੋਲਬਾਣੀ ਕਾਰਨ ਹੀ ਚੰਡੀਗੜ੍ਹ ਹਵਾਈ ਅੱਡੇ ਤੇ ਕੰਗਣਾ ਨੂੰ ਪੰਜਾਬ ਧੀਅ ਦਾ ਥੱਪੜ ਝੱਲਣਾ ਪਿਆ ਸੀ।
ਲੰਘੀਆਂ ਸੰਸਦੀ ਚੋਣਾਂ ਦੌਰਾਨ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਕਿਸਾਨਾਂ ਪ੍ਰਤੀ ਵਿਗੜੇ ਬੋਲ ਹਰੇਕ ਨੂੰ ਯਾਦ ਹਨ। ਹੰਸ ਨੇ ਕਿਹਾ ਸੀ ਕਿ ਇਨ੍ਹਾਂ ਨੇ ਛਿੱਤਰਾਂ ਤੋਂ ਬਿਨਾਂ ਬੰਦੇ ਨਹੀਂ ਬਣਨਾ, 2 ਤਰੀਕ ਤੋਂ ਬਾਅਦ (ਚੋਣਾਂ ਮਗਰੋਂ) ਮੈਂ ਵੇਖਾਂਗਾ, ਕਿਹੜਾ ਖੱਬੀ ਖਾਨ ਖੰਘਦਾ ਹੈ। ਇਹ ਤਾਂ ਮੈਂ ਇਨ੍ਹਾਂ ਨੂੰ ਰੋਕਿਆ ਹੋਇਆ ਹੈ ਕਿ ਕਿਸੇ ਨਾਲ ਲੜਨਾ ਨਹੀਂ, ਨਹੀਂ ਤਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾਂਦਾ ਹੈ ਤਾਂ ਧਰਤੀ ਨੂੰ ਅੱਗ ਲਗਾ ਦਿੰਦਾ ਹੈ।’ ਭਾਜਪਾ ਦੇ ਇੱਕ ਬੁਲਾਰੇ ਨੇ ਕਿਹਾ ਸੀ ਜੇਕਰ ਉਹ ਪ੍ਰਧਾਨ ਮੰਤਰੀ ਦੀ ਥਾਂ ਹੁੰਦੇ ਤਾਂ ਕਿਸਾਨਾਂ ਦੇ ਮਾਰ-ਮਾਰ ਡੰਡੇ ਜੇਲ੍ਹਾਂ ਵਿੱਚ ਡੱਕਿਆ ਹੋਣਾ ਸੀ। ਕਾਂਗਰਸੀ ਆਗੂ ਨਵਜੋਤ ਸਿੱਧੂ ਦੇ ਚੌਂਕੇ ਛੱਕਿਆਂ ਤੋਂ ਹਰ ਕੋਈ ਜਾਣੂੰ ਹੈ। ਵਿਧਾਨ ਸਭਾ ਸੈਸ਼ਨ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਜੇ ਪੰਗਾ ਸਾਡੇ ਨਾਲ ਲਿਆ ਤਾਂ ਠੋਕ ਕੇ ਰੱਖ ਦਿਆਂਗੇ’ ਕਿਹਾ ਸੀ।
ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਨੇ ਕਿਸਾਨਾਂ ਨੂੰ ਲੈਕੇ ਵਿਵਾਦਤ ਬਿਆਨ ਦਿੱਤਾ ਸੀ। ਉਨ੍ਹਾਂ ਕਿਸਾਨਾਂ ਨੂੰ ਪੰਜਾਬ ਤੋਂ ਆਏ ਹੋਏ ਨਸ਼ੇੜੀ ਕਹਿੰਦਿਆਂ ਨਾਂ ਕੇਵਲ ਹਰਿਆਣਾ ਵਿੱਚ ਨਸ਼ਾ ਫੈਲਾਉਣ ਦਾ ਇਲਜ਼ਾਮ ਲਾਇਆ ਬਲਕਿ ਕਿਸਾਨ ਅੰਦੋਲਨ ਦੌਰਾਨ ਸਿੰਘੂ ਅਤੇ ਬਹਾਦਰਗੜ੍ਹ ਬਾਰਡਰ ਨੇੜਲੇ ਪਿੰਡਾਂ ਦੀਆਂ 700 ਕੁੜੀਆਂ ਲਾਪਤਾ ਹੋਣ ਸਬੰਧੀ ਆਖਿਆ ਸੀ। ਬੇਸ਼ੱਕ ਮਗਰੋਂ ਜਾਂਗੜਾ ਨੇ ਯੂ ਟਰਨ ਮਾਰ ਲਿਆ ਪਰ ਪੰਜਾਬ ਅਤੇ ਹÇਆਣਾ ਦੀਆਂ ਕਿਸਾਨਾਂ ਧਿਰਾਂ ਤੋਂ ਇਲਾਵਾ ਵਿਰੋਧੀ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਛੱਜ ਵਿੱਚ ਪਾਕੇ ਚੰਗਾ ਛੱਟਿਆ ਸੀ। ਇਹੋ ਹੀ ਨਹੀਂ ਪੰਜਾਬ ਸਰਕਾਰ ਦੇ ਕਈ ਵਜ਼ੀਰਾਂ ਵੱਲੋਂ ਕੀਤੀਆਂ ਜਾਂਦੀਆਂ ਟਿੱਪਣੀਆਂ ਵੀ ਵਿਰੋਧੀਆਂ ਵੱਲੋਂ ਅਕਸਰ ਕਟਹਿਰੇ ’ਚ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਹੜ੍ਹਾਂ ਦੌਰਾਨ ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕਾ ਦੀ ਕਿਸਾਨਾਂ ਨਾਲ ਹੋਈ ਤਿੱਖੀ ਝੜਪ ਅਤੇ ਬੋਲਬਾਣੀ ਹੁਣ ਵੀ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀ ਹੋਈ ਹੈ।
ਸੱਤਾ ਦੀ ਲਾਲਸਾ ’ਚ ਬੋਲੀ ਬਦਲੀ
ਉਪਰੋਕਤ ਤੱਥ ਸਿਰਫ ਮਿਸਾਲਾਂ ਹਨ ਹੋਰ ਵੀ ਦਰਜਨਾਂ ਆਗੂ ਬੋਲ ਕੁਬੋਲ ਬੋਲਦੇ ਰਹੇ ਹਨ। ਨਾਗਰਿਕ ਚੇਤਨਾਂ ਮੰਚ ਦੇ ਆਗੂ ਬੱਗਾ ਸਿੰਘ ਦਾ ਕਹਿਣਾ ਸੀ ਕਿ ਹੁਣ ਸਿਆਸੀ ਲੋਕਾਂ ਦਾ ਮਕਸਦ ਸਿਰਫ ਸੱਤਾ ਹਾਸਲ ਕਾਰਨਾ ਰਹਿ ਗਿਆ ਹੈ ਜਿਸ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ।