ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ — ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 5 ਨਵੰਬਰ 2025(ਮਨਮੋਹਨ ਸਿੰਘ)
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਵਿਸ਼ਾਲ ਨਗਰ ਕੀਰਤਨ ਨੇ ਪੂਰੀ ਦਿੱਲੀ ਨੂੰ ਗੁਰਬਾਣੀ ਦੇ ਸੁਰਾਂ ਨਾਲ ਗੂੰਜਾ ਦਿੱਤਾ। ਇਸ ਪਵਿੱਤਰ ਸਮਾਗਮ ਦੇ ਸ਼ੁਭ ਮੌਕੇ ‘ਤੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਸਿੱਖ ਸੰਗਤ ਨੂੰ ਚੜ੍ਹਦੀ ਕਲਾ ਅਤੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
ਸਰਦਾਰ ਕਾਲਕਾ ਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ ਸੰਦੇਸ਼ — “ਨਾਮ ਜਪੋ, ਕਿਰਤ ਕਰੋ, ਵੰਡ ਛਕੋ” — ਸਿਰਫ ਇੱਕ ਉਪਦੇਸ਼ ਨਹੀਂ, ਸਗੋਂ ਮਨੁੱਖਤਾ ਲਈ ਜੀਵਨ ਜੀਊਣ ਦਾ ਆਦਰਸ਼ ਮਾਰਗ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਕੱਲ੍ਹ ਕੱਢਿਆ ਗਿਆ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਤੀਕ ਸੀ, ਜਿੱਥੇ ਹਜ਼ਾਰਾਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸਿਮਰਨ ਕਰਦੇ ਹੋਏ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਸਰਦਾਰ ਕਾਲਕਾ ਜੀ ਨੇ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਸਿੱਖ ਸੰਗਤ ਅਤੇ ਸਾਰੇ ਪ੍ਰਬੰਧਕ ਮੈਂਬਰਾਂ, ਗੁਰਮੀਤ ਸਿੰਘ (ਪ੍ਰਧਾਨ), ਜਤਿੰਦਰ ਸਿੰਘ ਸੋਨੂ, ਹਰਜੀਤ ਸਿੰਘ, ਹਰਜਿੰਦਰ ਸਿੰਘ, ਸਰਦਾਰ ਬਲਜੀਤ ਸਿੰਘ ਔਲਖ, ਹਰਜਿੰਦਰ ਪਾਲ ਸਿੰਘ ਨਾਗੀ ਅਤੇ ਰਜਿੰਦਰ ਸਿੰਘ ਘੁੱਗੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਉਤਸ਼ਾਹ ਅਤੇ ਸੇਵਾ ਭਾਵ ਨੇ ਇਸ ਸਮਾਗਮ ਨੂੰ ਵਿਸ਼ੇਸ਼ ਸਫਲਤਾ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਗੁਰੂ ਦੇ ਲੰਗਰ ਦੇ ਸਟਾਲ ਲੱਗੇ, ਉਹ ਸਿੱਖ ਧਰਮ ਦੇ ਮੂਲ ਸਿਧਾਂਤਾਂ — ਸੇਵਾ, ਸਮਾਨਤਾ ਅਤੇ ਸਾਂਝੇਦਾਰੀ — ਦੀ ਪ੍ਰਤੀਕ ਰੂਪ ਪੇਸ਼ਕਾਰੀ ਸਨ। ਗੁਰੂ ਦੀ ਬਾਣੀ ਪੜ੍ਹ ਕੇ ਤੇ ਗੁਰਮਤਿ ਮਾਰਗ ‘ਤੇ ਤੁਰ ਕੇ ਹੀ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ।
ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਹੈ ਕਿ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 17 ਸਿੰਘ ਸਭਾਵਾਂ ਦੀ ਸਾਂਝੀ “ਸ਼੍ਰੋਮਣੀ ਸਿੱਖ ਸੰਗਤ”, ਵਿਸ਼ਨੂੰ ਗਾਰਡਨ ਵਲੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ ਅਤੇ ਗੁਰੂ ਜੱਸ ਗਾਇਨ ਕੀਤਾ।
ਇਸ ਮੌਕੇ ਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਆਉਣ ਵਾਲੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ 17 ਅਤੇ 18 ਨਵੰਬਰ ਨੂੰ ਹੋਣ ਵਾਲੇ ਵਿਸ਼ਾਲ ਨਗਰ ਕੀਰਤਨਾਂ ਵਿੱਚ ਵੀ ਸ਼੍ਰੋਮਣੀ ਸਿੱਖ ਸੰਗਤ ਪੂਰੇ ਸਹਿਯੋਗ ਨਾਲ ਸ਼ਾਮਲ ਹੋਵੇ, ਤਾਂ ਜੋ ਸਾਰੀ ਦੁਨੀਆਂ ਨੂੰ ਇਹ ਸੰਦੇਸ਼ ਜਾ ਸਕੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਜਨਮੇ ਖਾਲਸੇ ਦੀ ਰੂਹ ਅੱਜ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੰਤ ਵਿੱਚ ਕਿਹਾ ਕਿ “ਗੁਰੂ ਸਾਹਿਬ ਦੀ ਬਾਣੀ ਸਾਨੂੰ ਹਮੇਸ਼ਾਂ ਸੱਚ, ਸੇਵਾ ਅਤੇ ਨਿਮਰਤਾ ਦੇ ਰਾਹ ‘ਤੇ ਤੁਰਨ ਦੀ ਪ੍ਰੇਰਣਾ ਦਿੰਦੀ ਹੈ। ਆਓ, ਅਸੀਂ ਸਾਰੇ ਮਿਲ ਕੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ ਅਤੇ ਸੱਚੇ ਅਰਥਾਂ ਵਿੱਚ ਮਨੁੱਖਤਾ ਦੀ ਸੇਵਾ ਕਰੀਏ।”