ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ
ਵੱਖ-ਵੱਖ ਪ੍ਰਚਾਰਕਾ ਅਤੇ ਕੀਰਤਨੀਏ , ਰਾਗੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ।
**ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਾਰੇ ਗੁਰਦੁਆਰਾ ਸਾਹਿਬ ਵਿਖੇ ਰੰਗ ਬਿਰੰਗੀਆਂ ਰੋਸ਼ਨੀਆਂ ਨਾਲ ਦੀਪਮਾਲਾ ਕੀਤੀ ਗਈ**
**ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਤਿਸ਼ਬਾਜੀ ਰਹੀ ਖਿੱਚ ਦਾ ਕੇਂਦਰ**
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 5 ਨਵੰਬਰ 2025 ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਵੱਖ-ਵੱਖ ਫੁਲਾਂ ਅਤੇ ਲਾਈਟਾਂ ਨਾਲ ਸਜਾਵਟ ਕਰਕੇ ਚਮਕਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਰਹੀ। ਅਤੇ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਨੇ ਲੰਮੀਆਂ ਲੰਮੀਆਂ ਕਤਾਰਾਂ ਵਿੱਚ ਖੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ਤੇ ਵੇਈਂ ਨਦੀ ਵਿਚ ਇਸ਼ਨਾਨ ਕੀਤਾ। ਸ਼ਾਮ ਵੇਲੇ ਆਤਿਸ਼ਬਾਜ਼ੀ ਕੀਤੀ ਗਈ ਜਿਸ ਨੇ ਸਾਰਿਆਂ ਦਾ ਮਨ ਮੋਹ ਲਿਆ।
ਇਸ ਮੌਕੇ ਭਾਈ ਮਰਦਾਨਾ ਦੀਵਾਨ ਹਾਲ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਟੇਜ ਲਗਾਈ ਗਈ। ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਸੰਤ ਮਹਾਂਪੁਰਸ਼ ਪਹੁੰਚੇ। ਇਸ ਮੌਕੇ ਸਵੇਰ ਤੋਂ ਸ਼ਾਮ ਤੱਕ ਕੀਰਤਨੀ ਜਥੇ, ਰਾਗੀ, ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮੱਕਾ ਮਦੀਨਾ ਫੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਮਾਤਮਾ ਇੱਕ ਹੈ ਅਤੇ ਹਰੇਕ ਕਣ ਵਿੱਚ ਵੱਸਦਾ ਹੈ। ਮੱਕਾ, ਮਦੀਨਾ ਜਾ ਕੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦਾ ਪ੍ਰਚਾਰ ਕੀਤਾ। ਕਥਾਵਾਚਕ ਅਤੇ ਰਾਗੀ ਢਾਡੀ ਕਵੀਸ਼ਰ ਜੱਥਿਆਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਕਲਯੁਗ ਦੇ ਚੌਥੇ ਯੁੱਗ ਵਿੱਚ ਹੋਇਆ ਸੀ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਕਲਯੁਗ ਦਾ ਅਵਤਾਰ ਵੀ ਕਿਹਾ ਜਾਂਦਾ ਹੈ। ਗੁਰੂ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਵਿੱਚ ਹੋਇਆ ਜਿੱਥੇ ਰਾਜਾ ਰਾਏ ਬੁਲਾਰ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਰਕੇ ਇਸ ਅਸਥਾਨ ਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੂਜਾ ਨਨਕਾਣਾ ਸਾਹਿਬ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 15 ਦਿਨ ਬਿਤਾਏ ਹਨ।
ਗੁਰੂ ਘਰ ਵਿੱਚ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਨੇ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਲੱਖਾਂ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੰਗਤਾਂ ਲਈ ਲੰਗਰ, ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਸੁੰਦਰ ਲਾਈਟਾਂ ਨਾਲ ਦੀਪਮਾਲਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ 40 ਤਰ੍ਹਾਂ ਦੇ ਸੁੰਦਰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਜਿਸ ਵਿੱਚ ਗੁਲਾਬ ਅਤੇ ਮੈਰੀਗੋਲਡ ਦੇ ਫੁੱਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਹਿੰਦਰ ਸਿੰਘ ਆਹਲੀ, ਮੈਨੇਜਰ ਅਵਤਾਰ ਸਿੰਘ ਨੇ ਸਮੂਹ ਪਤਵੰਤਿਆਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਮੈਨੇਜਰ ਅਵਤਾਰ ਸਿੰਘ ਨੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ । ਅੱਜ ਸ਼ਾਮ ਨੂੰ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਪਵਿੱਤਰ ਵੇਈਂ ਨਦੀ ਤੇ ਸੰਗਤਾਂ ਨੇ ਮੋਮਬੱਤੀਆਂ ਅਤੇ ਦੇਸੀ ਘਿਓ ਨਾਲ ਦੀਵੇ ਜਗਾਏ। ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਸਾਰੇ ਗੁਰਦੁਆਰਾ ਸਾਹਿਬ ਵਿੱਚ ਸੁੰਦਰ ਲਾਈਟਾਂ ਨਾਲ ਦੀਪਮਾਲਾ ਕੀਤੀ ਗਈ। ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੇ ਕਿਹਾ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਬਾਬਾ ਨਾਨਕ ਦੀ ਧਰਤੀ 'ਤੇ ਆ ਕੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਭਾਈ ਭਾਈ ਮਰਦਾਨਾ ਦੀਵਾਨ ਹਾਲ ਵਿੱਚ ਰਾਗੀ ਢਾਡੀ ਕਵੀਸ਼ਰ ਅਤੇ ਕਥਾ ਵਾਚਕਾ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ।
ਸਨਮਾਨ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਜਗਜੀਤ ਸਿੰਘ ਹਰਖੋਵਾਲ ਵਾਲੇ, ਆਦਿ ਮਹਾਂਪੁਰਸ਼ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਵੱਖ ਵੱਖ ਪ੍ਰਕਾਰ ਦੇ ਲੰਗਰ ਅਟੁੱਟ ਵਰਤਾਏ ਗਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਰੂਹੀ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾਂਵਾਲ, , ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਕਲਿਆਣ, ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਸੁਖਦੇਵ ਸਿੰਘ ਨਾਨਕਪੁਰ, ਇੰਜਨੀਅਰ ਸਵਰਨ ਸਿੰਘ, ਆਦਿ ਹਾਜ਼ਰ ਸਨ।