ਮੇਰਾ ਖ਼ਜ਼ਾਨਾ ....
ਲਓ ਜੀ ਆਪਾਂ 72 ਸਾਲ ਦੇ ਹੋ ਗਏ ਆਂ. ਦੋ ਨਵੰਬਰ ਨੂੰ ਮੇਰਾ ਜਨਮ ਦਿਨ ਹੁੰਦੈ ...
ਧੁਰ ਮਾਲਵੇ ਦੇ ਪਿੰਡ ਰਾਮਪੁਰੇ ਵਿੱਚ ਸੁਰਤ ਸੰਭਾਲਣ ਤੋਂ ਲੈ ਕੇ ਹੁਣ ਤੱਕ ਦੇ ਜੀਵਨ ਸਫ਼ਰ ਤੇ ਪਿਛਾਂਹ ਝਾਤੀ ਮਾਰਨ ਦੀ ਕੋਸ਼ਸ਼ ਕੀਤੀ ।
ਕੁਦਰਤ ਦੀ ਬਖਸ਼ਿਸ਼ ਨਾਲ ਇੰਨੀ ਲੰਮੀ ਉਮਰ ਭੋਗੀ ਹੈ । ਬੀਤੇ ਜੀਵਨ ਪੰਧ ਦੌਰਾਨ ਅੰਤਾਂ ਦੀਆਂ ਖ਼ੁਸ਼ੀਆਂ ਗ਼ਮੀਆਂ, ਦੁੱਖ ਸੁਖ, ਉਤਰਾ-ਚੜ੍ਹਾ ਹੰਢਾਏ ਹਨ.
ਆਪਣੇ ਜੀਵਨ ਅਤੇ ਆਲੇ ਦੁਆਲੇ ਅਤੇ ਸੰਸਾਰ ਭਰ ਪਰ ਵਾਪਰੀਆਂ ਬੇਅੰਤ ਘਟਨਾਵਾਂ ਦੇ ਗਵਾਹ ਬਣੇ ਹਾਂ। ਆਪਣੀ ਜਨਮ ਭੋਂ ਤੋਂ ਇਲਾਵਾ ਮੁਲਕ ਭਰ ਅਤੇ ਦੁਨੀਆਂ ਦੇ ਕਾਫ਼ੀ ਮੁਲਕਾਂ ਚ ਘੁੰਮ ਕੇ ਗਿਆਨ ਦਾ ਖ਼ਜ਼ਾਨਾ ਵੀ ਭਰਪੂਰ ਹੋਇਆ .
ਬਹੁਤ ਖ਼ੁਸ਼ ਨਸੀਬ ਹਾਂ ਕਿ ਮੈਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਮਾਪਿਆਂ, ਭੈਣਾਂ ਭਰਾਵਾਂ, ਪਰਿਵਾਰ, ਸਕੇ ਸੰਬੰਧੀਆਂ, ਦੋਸਤਾਂ- ਮਿੱਤਰਾਂ ਅਤੇ ਦੁਨੀਆ ਭਰ ਦੇ ਕੋਨੇ ਕੋਨੇ ਚ ਬੈਠੇ ਮੇਰੇ ਲੱਖਾਂ ਹੀ ਪਾਠਕਾਂ ਅਤੇ ਸ਼ੁਭ ਚਿੰਤਕਾਂ ਵੱਲੋਂ ਬੇਹੱਦ ਮੋਹ ਪਿਆਰ ਅਤੇ ਮਾਣ ਸਤਿਕਾਰ ਅਤੇ ਸਾਥ ਮਿਲਦਾ ਰਿਹਾ। ਅੱਜ ਵੀ ਮੈਂ ਆਪਣੇ ਪਰਿਵਾਰ ਅਤੇ ਤੀਜੀ ਪੀੜ੍ਹੀ ਤੱਕ ਡੀ ਬਾਲ ਬੱਚਿਆਂ ਤੋਂ ਇਲਾਵਾ ਦੋਸਤਾਂ ਮਿੱਤਰਾਂ ਅਤੇ ਆਮ ਲੋਕਾਂ ਦੇ ਪਿਆਰ ਤੇ ਸਤਿਕਾਰ ਨਾਲ ਭਰਪੂਰ ਹਾਂ । ਇਹ ਮਾਣ ਸਤਿਕਾਰ ਮੈਨੂੰ ਨਿੱਜੀ ਤੇ ਘਰੇਲੂ ਜ਼ਿੰਦਗੀ 'ਚ ਵੀ ਮਿਲਿਆ ਤੇ ਪ੍ਰੋਫੈਸ਼ਨਲ ਖੇਤਰ ਵਿੱਚ ਵੀ. ਕਦੇ ਕਦੇ ਮੈਨੂੰ ਇਹ ਵੀ ਲੱਗਣ ਲੱਗ ਜਾਂਦਾ ਹੈ ਕਿ ਆਪਣੇ ਹੱਕ ਨਾਲੋਂ ਵੀ ਵੱਧ ਮੋਹ ਪਿਆਰ ਤੇ ਆਦਰ ਮਾਣ ਮਿਲਦਾ ਰਿਹਾ ਤੇ ਮਿਲ ਰਿਹਾ ਹੈ.
ਕੋਈ ਵੀ ਬੰਦਾ ਨਾ ਤਾਂ ਸੰਪੂਰਨ ਹੋਣ ਦਾ ਦਾਅਵਾ ਕਰ ਸਕਦਾ ਹੈ ਅਤੇ ਨਾ ਹੀ ਹੋ ਸਕਦਾ ਹੈ. ਹਰ ਇੱਕ ਸ਼ਖ਼ਸੀਅਤ ਚ ਚੰਗੇ -ਮਾੜੇ ਪੱਖ ਅਤੇ ਘਾਟ- ਵਾਧਾ ਹੋਣੀ ਸੁਭਾਵਿਕ ਹੈ ਜਿਨ੍ਹਾਂ ਤੋਂ ਮੈਂ ਵੀ ਮੁਕਤ ਨਹੀਂ .
ਹਰ ਬੰਦੇ ਦੀ ਆਪਣੀ ਫ਼ਿਤਰਤ, ਆਪਣੀ ਹਸਤੀ ਅਤੇ ਆਪਣੀ ਜੀਵਨ ਸ਼ੈਲੀ ਹੁੰਦੀ ਹੈ.ਆਪਣੇ ਬਾਰੇ ਕਦੇ ਕੋਈ ਬਹੁਤੇ ਦਾਅਵੇ ਨਹੀਂ ਕੀਤੇ. ਬੰਦੇ ਦੀ ਕਾਰਗੁਜ਼ਾਰੀ ਅਤੇ ਸਮਾਜਿਕ ਕਾਰ ਵਿਹਾਰ ਬਾਰੇ ਸਮਾਜ ਅਤੇ ਲੋਕ ਹੀ ਵਧੀਆ ਜੱਜ ਹੁੰਦੇ ਨੇ.
ਇਸ ਪੱਖੋਂ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਅੱਲ੍ਹੜ ਜਵਾਨੀ ਵੇਲੇ ਚੜ੍ਹੀ ਖੱਬੇ ਪੱਖੀ ਵਿਚਾਰਧਾਰਾ ਦੀ ਰੰਗਤ ਦਾ ਅਸਰ ਕਿਸੇ ਨਾ ਕਿਸੇ ਰੂਪ ਵਿੱਚ ਜੀਵਨ ਧਾਰਾ ਤੇ ਅਸਰ ਹੁੰਦਾ ਰਿਹਾ ਹੈ ਤੇ ਅਜੇ ਵੀ ਹੈ.
ਪੂਰੀਆਂ ਨਾ ਹੋਈਆਂ ਜਾਂ ਅਧੂਰੀਆਂ ਰਹੀਆਂ ਇੱਛਾਵਾਂ ਅਤੇ ਲੰਘੇ ਜੀਵਨ ਬਾਰੇ ਪਛਤਾਵੇ ਕਰਦੇ ਰਹਿਣਾ ਜਾਂ ਝੁਰੀ ਜਾਣਾ ਮੇਰੇ ਸੁਭਾਅ ਦਾ ਹਿੱਸਾ ਨਹੀਂ ਹੈ ਪਰ ਫਿਰ ਵੀ ਕਦੇ ਕਦੇ ਲੱਗਦਾ ਹੈ ਕਿ ਇੱਕ ਖ਼ਾਸ ਉਮਰ ਤੱਕ ਦੁਨਿਆਵੀ ਹਕੀਕਤਾਂ ਪੱਖੋਂ ਆਦਰਸ਼ਵਾਦ ਕੁਝ ਲੋੜੋਂ ਵੱਧ ਹੱਦ ਤਕ ਹਾਵੀ ਰਿਹਾ ਜਿਸ ਨਾਲ ਅਮਲੀ ਜ਼ਿੰਦਗੀ ਵਿੱਚ ਕੁਝ ਔਕੜਾਂ ਦਰਪੇਸ਼ ਆਉਂਦੀਆਂ ਰਹੀਆਂ ਤੇ ਆ ਵੀ ਰਹੀਆਂ ਨੇ.
ਵਧਦੀ ਉਮਰ ਦੇ ਨਾਲ ਸਰੀਰ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੇ ਮਸਲੇ ਦਰਪੇਸ਼ ਆਉਣੇ ਸੁਭਾਵਿਕ ਹਨ, ਸਰੀਰ ਦੀ ਕੋਈ ਨਾਂ ਕੋਈ ਚੂਲ ਤਾਂ ਵਿੰਗੀ ਹੋਈ ਰਹਿੰਦੀ ਹੈ ਪਰ ਫਿਰ ਵੀ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ ਹੈ ਕਿ ਅਜੇ ਤੱਕ ਵੀ ਸਮੁੱਚੇ ਰੂਪ ਵਿੱਚ ਮਾਨਸਿਕ ਤੇ ਸਰੀਰਕ ਪੱਖੋਂ ਤੰਦਰੁਸਤੀ ਦੀ ਦਾਤ ਮਿਲੀ ਹੋਈ ਹੈ । ਕੱਲ੍ਹ ਤਾਂ ਕਿਸੇ ਨੇ ਦੇਖਿਆ ਨਹੀਂ ਪਰ ਅਜੇ ਤੱਕ "ਸੱਤਰੇ -ਬਹੱਤਰੇ" ਵਾਲੇ ਟੈਗ ਤੋ ਬਚਾਅ ਹੀ ਹੈ.
ਨਿੱਜੀ ਜੀਵਨ ਵਿੱਚ " ਸਰਬੱਤ ਦੇ ਭਲੇ " ਦੇ ਰਾਹ ਤੇ ਚੱਲਣ ਅਤੇ ਆਪਣੇ ਕਿੱਤੇ ਵਿੱਚ ਮਿਹਨਤ ਅਤੇ ਸੰਜੀਦਗੀ ਦੇ ਗੁਰ ਵਰਤਣ ਦਾ ਯਤਨ ਕੀਤਾ। ਮੈਂ ਅੱਜ ਵੀ ਘੱਟੋ ਘੱਟ 16 ਘੰਟੇ ਕੰਮ ਕਰਦਾ ਹਾਂ
ਮੇਰੇ 72ਵੇਂ ਜਨਮਦਿਨ ਤੇ ਮੇਰੇ ਪਰਿਵਾਰ ਤੋਂ ਇਲਾਵਾ ਜਿੰਨਾ ਵੀ ਦੋਸਤਾਂ -ਮਿੱਤਰਾਂ, ਰਿਸ਼ਤੇਦਾਰਾਂ ਜਾਂ ਦੂਰ -ਨੇੜੇ ਬੈਠੇ ਲੋਕਾਂ ਨੇ ਮੁਬਾਰਕਾਂ ਦਿੱਤੀਆਂ , ਆਪਣੀਆਂ ਦੁਆਵਾਂ ਅਤੇ ਸ਼ੁਭ ਇੱਛਾਵਾਂ ਕਿਸੇ ਰੂਪ ਵਿੱਚ ਭੇਜੀਆਂ ਉਹਨਾਂ ਸਭ ਦਾ ਮੈਂ ਸ਼ੁਕਰ ਗੁਜ਼ਾਰ ਹਾਂ
ਅਜਿਹੇ ਮੌਕਿਆਂ 'ਤੇ ਮਾਨਵੀ ਭਾਵਨਾਵਾਂ ਦਾ ਅਜਿਹਾ ਆਪਸੀ ਅਦਾਨ ਪ੍ਰਦਾਨ ਸਾਨੂੰ ਇੱਕ ਦੂਜੇ ਨਾਲ ਮੇਲ -ਮਿਲਾਪ ਲਈ ਵੀ ਸਹਾਈ ਹੁੰਦਾ ਅਤੇ ਤਕੜੇ ਹੋ ਕੇ ਜਿਉਣ ਲਈ ਹੌਸਲਾ ਤੇ ਪ੍ਰੇਰਨਾ ਵੀ ਦਿੰਦਾ ਹੈ.
ਬਲਜੀਤ ਬੱਲੀ
2 ਨਵੰਬਰ, 2025

-
ਬਲਜੀਤ ਬੱਲੀ,
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.