ਸ੍ਰੀ ਹਰਗੋਬਿੰਦਪੁਰ ਹਲਕੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਕਾਰਜ ਜਾਰੀ
ਘਰ-ਘਰ ਜਾ ਕੇ ਦਵਾਈਆਂ ਦੇ ਛਿੜਕਾਅ 'ਤੇ ਧਿਆਨ ਕੇਂਦਰਿਤ ਕੀਤਾ
ਰੋਹਿਤ ਗੁਪਤਾ
ਸ੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ 16 ਸਤੰਬਰ
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੀ ਅਗਵਾਈ ਹੇਠ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਗੋਲਡੀ ਅਤੇ ਸੁਖਦੇਵ ਸਿੰਘ ਰੋਮੀ ਨੇ ਦੱਸਿਆ ਕਿ ਹੜ ਪ੍ਰਭਾਵਿਤ ਪਿੰਡਾਂ ਮਾੜੀ ਬੁੱਚੀਆਂ,ਪੱਟੀ ਟਾਂਡਾ ਅਤੇ ਚੱਕ ਚਾਓ ਆਦਿ ਵਿੱਚ ਅੱਜ ਦੂਜੇ ਦਿਨ ਵੀ ਰਾਹਤ ਕਾਰਜ ਜਾਰੀ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਨਿਰਵਿਘਨ ਜਾਰੀ ਹਨ। ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰੋਜ਼ਾਨਾ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਆਮ ਆਦਮੀ ਕਲੀਨਿਕਾਂ ਵਰਗੀਆਂ ਮੌਜੂਦਾ ਸਿਹਤ ਸਹੂਲਤਾਂ ਵਾਲੇ ਪਿੰਡਾਂ ਵਿੱਚ ਇਹ ਕੈਂਪ ਰੋਜ਼ਾਨਾ ਇਨ੍ਹਾਂ ਕੇਂਦਰਾਂ ਵਿੱਚ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਘਰ-ਘਰ ਦਾ ਦੌਰਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਆਸ਼ਾ ਵਰਕਰਾਂ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਹਫ਼ਤਾਵਾਰੀ ਆਧਾਰ 'ਤੇ ਘਰ-ਘਰ ਜਾ ਕੇ ਮੱਛਰ ਤੋਂ ਬਚਾਅ ਵਾਲੀ ਦਵਾਈ, ਓ.ਆਰ.ਐਸ, ਪੈਰਾਸੀਟਾਮੋਲ, ਕਲੋਰੀਨ ਦੀਆਂ ਗੋਲੀਆਂ, ਸਾਬਣ ਅਤੇ ਹੋਰ ਜ਼ਰੂਰੀ ਵਸਤਾਂ ਵਾਲੀਆਂ ਸਿਹਤ ਕਿੱਟਾਂ ਵੰਡਣਗੀਆਂ।
ਉਨ੍ਹਾਂ ਦੱਸਿਆ ਕਿ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਫਿਊਮੀਗੇਸਨ ਅਤੇ ਵੈਕਟਰ-ਕੰਟਰੋਲ ਮੁਹਿੰਮ ਚਲਾਈ ਜਾਵੇਗੀ। ਟੀਮਾਂ ਵੱਲੋਂ ਡੇਂਗੂ ਅਤੇ ਮਲੇਰੀਆ ਦੇ ਫੈਲਾਅ ਨੂੰ ਰੋਕਣ ਲਈ ਘਰਾਂ, ਸਕੂਲਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ 'ਤੇ ਅੰਦਰ ਅਤੇ ਬਾਹਰ ਫੌਗਿੰਗ, ਲਾਰਵੀਸਾਈਡਲ ਸਪਰੇਅ ਅਤੇ ਪ੍ਰਜਨਨ ਜਾਂਚ ਵਰਗੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਅਮਰੀਕ ਸਿੰਘ ਗੋਲਡੀ, ਹਰਜਿੰਦਰ ਸਿੰਘ ਯਾਦਪੁਰ, ਸਰਪੰਚ ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਹਨੀ ਦਿਓਲ ਹਲਕਾ ਪ੍ਰਧਾਨ, ਪਰਮਬੀਰ ਸਿੰਘ ਰਾਣਾ ਸ਼ੋਸਲ ਮੀਡੀਆ ਇੰਚਾਰਜ ਅਤੇ ਸਲਾਹਕਾਰ, ਰਾਜੂ ਭਿੰਡਰ ਪੀ.ਏ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਤੇ ਵਰਿੰਦਰ ਗਾਲੋਵਾਲ, ਸਰਪੰਚ ਮਨਜੀਤ ਸਿੰਘ ਅਤੇ ਸਰਪੰਚ ਸੁਲੱਖਣ ਸਿੰਘ ਖਹਿਰਾ ਵੀ ਮੌਜੂਦ ਸਨ।