ਰੂਪਨਗਰ ਦੇ ਟੈਕਸੀ ਓਪਰੇਟਰਾਂ ਨੇ ਦਿੱਲੀ ਮੇਅਰ ਨਾਲ ਕੀਤੀ ਮੁਲਾਕਾਤ
ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ’ਚ ਚੁੱਕੇ ਮੁੱਦੇ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 24 ਮਈ 2025: ਰੂਪਨਗਰ ਜ਼ਿਲ੍ਹੇ ਅਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ’ਚ ਟੈਕਸੀ ਚਲਾਉਣ ਵਾਲੇ ਸੈਂਕੜਿਆਂ ਡਰਾਈਵਰਾਂ ਦੇ ਇੱਕ ਵਫਦ ਨੇ, ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ, ਦਿੱਲੀ ਦੇ ਨਵ-ਨਿਯੁਕਤ ਮੇਅਰ ਰਾਜਾ ਇਕਬਾਲ ਸਿੰਘ ਨਾਲ ਉਨ੍ਹਾਂ ਦੇ ਦਫਤਰ ’ਚ ਮੁਲਾਕਾਤ ਕੀਤੀ। ਇਸ ਵਫਦ ਨੇ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਨੂੰ ਵਿਸਥਾਰ ਨਾਲ ਮੇਅਰ ਸਾਹਮਣੇ ਰੱਖਿਆ।
ਇਸ ਵਫਦ ਵਿੱਚ ਖਾਸ ਤੌਰ ’ਤੇ ਜਸਬੀਰ ਸਿੰਘ ਜੱਸੀ, ਗੁਰਚਰਨ ਸਿੰਘ (ਸੈਕਟਰੀ), ਓਂਕਾਰ ਸਿੰਘ ਰਾਜਾ (SGPC ਮੈਂਬਰ), ਹਰਵਿੰਦਰ ਸਿੰਘ ਭੋਲਾ, ਜਸਵਿੰਦਰ ਸਿੰਘ ਜੱਸੀ (ਗੁਰਸੇਮਜਰਾ), ਗੁਰਬੰਸ ਸਿੰਘ, ਜਸਪਾਲ ਸਿੰਘ, ਗੁਰਦਿੱਤ ਸਿੰਘ ਅਤੇ ਚਰਨਜੀਤ ਸਿੰਘ ਬੈਦਵਾਂਨ ਵਰਗੇ ਸਰਗਰਮ ਮੈਂਬਰ ਸ਼ਾਮਲ ਸਨ। ਸਾਰੇ ਮੈਂਬਰਾਂ ਨੇ ਇਕਸੁਰ ਹੋ ਕੇ ਅਜੇਵੀਰ ਸਿੰਘ ਲਾਲਪੁਰਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹ ਮਹੱਤਵਪੂਰਨ ਮੁਲਾਕਾਤ ਯਕੀਨੀ ਬਣਾਈ ਅਤੇ ਟੈਕਸੀ ਓਪਰੇਟਰਾਂ ਦੀ ਅਵਾਜ਼ ਸਰਕਾਰ ਤੱਕ ਪਹੁੰਚਾਈ।
ਮੁਲਾਕਾਤ ਦੌਰਾਨ ਟੈਕਸੀ ਚਾਲਕਾਂ ਨੇ ਆਪਣੀਆਂ ਮੁੱਖ ਸਮੱਸਿਆਵਾਂ ਰੱਖੀਆਂ। ਮੇਅਰ ਰਾਜਾ ਇਕਬਾਲ ਸਿੰਘ ਨੇ ਹਰ ਮਸਲੇ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਇਨ੍ਹਾਂ ਮੁੱਦਿਆਂ ਦਾ ਜਲਦੀ ਅਤੇ ਪੱਕਾ ਹੱਲ ਲੱਭਿਆ ਜਾਵੇਗਾ।
ਇਸ ਵਿਸ਼ੇਸ਼ ਮੌਕੇ ’ਤੇ ਤਰਵਿੰਦਰ ਸਿੰਘ ਮਾਰਵਾਹਾ (ਵਿਧਾਇਕ ਦਿੱਲੀ) ਦੇ ਪੁੱਤਰ ਅਰਜੁਨ ਸਿੰਘ ਮਾਰਵਾਹਾ ਅਤੇ ਨੌਜਵਾਨ ਸਮਾਜਸੇਵੀ ਇਸ਼ਪ੍ਰੀਤ ਰਣਜੀਤ ਸਿੰਘ ਵੀ ਹਾਜ਼ਰ ਰਹੇ। ਉਨ੍ਹਾਂ ਨੇ ਵੀ ਚਾਲਕਾਂ ਦੀਆਂ ਮੰਗਾਂ ਨੂੰ ਨਿਆਂਯੋਗ ਦੱਸਦਿਆਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੁਲਾਕਾਤ ਤੋਂ ਬਾਅਦ ਅਜੈਵੀਰ ਸਿੰਘ ਲਾਲਪੁਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ, “ਰੂਪਨਗਰ ਦੇ ਸਬੰਧਤ ਟੈਕਸੀ ਓਪਰੇਟਰ ਸਾਡੇ ਆਪਣੇ ਲੋਕ ਹਨ, ਜੋ ਦਿੱਲੀ ਵਰਗੇ ਮਹਾਂਨਗਰ ਵਿਚ ਮਿਹਨਤ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਮੈਂ ਖੁਦ ਯਕੀਨੀ ਬਣਾਵਾਂਗਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਜਲਦੀ ਹੋਵੇ।”
ਟੈਕਸੀ ਓਪਰੇਟਰਾਂ ਨੇ ਕਿਹਾ ਕਿ ਪਹਿਲੀ ਵਾਰੀ ਕਿਸੇ ਜਨ ਪ੍ਰਤਿਨਿਧੀ ਨੇ ਇੰਨੀ ਤੀਬਰਤਾ ਨਾਲ ਉਨ੍ਹਾਂ ਦਾ ਮਾਮਲਾ ਸਰਕਾਰ ਦੇ ਸਾਹਮਣੇ ਰੱਖਿਆ ਹੈ। ਵਫਦ ਨੇ ਅਜੈਵੀਰ ਸਿੰਘ ਲਾਲਪੁਰਾ ਦਾ ਸਮੂਹਕ ਤੌਰ ’ਤੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਕੇ ਹੱਲ ਕੀਤਾ ਜਾਵੇਗਾ।
ਇਸ ਮੁਲਾਕਾਤ ਨੂੰ ਟੈਕਸੀ ਓਪਰੇਟਰ ਭਾਈਚਾਰੇ ਲਈ ਇੱਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ, ਜਿਸ ਨਾਲ ਭਵਿੱਖ ਵਿੱਚ ਦਿੱਲੀ ਵਿਚ ਕੰਮ ਕਰ ਰਹੇ ਪੰਜਾਬ ਦੇ ਟੈਕਸੀ ਚਾਲਕਾਂ ਨੂੰ ਰਾਹਤ ਮਿਲਣ ਦੀ ਉਮੀਦ ਜਗੀ ਹੈ।