ਧੀਆਂ ਪ੍ਰਤੀ ਮਾਂ-ਬਾਪ ਦੀ ਜਿੰਮੇਵਾਰੀ
ਧੀਆਂ ਪਰਿਵਾਰ ਅਤੇ ਸਮਾਜ ਦਾ ਉਹ ਅਨਮੋਲ ਗਹਿਣਾ ਹਨ, ਜਿਨ੍ਹਾਂ ਦੀ ਕਦਰ ਕਰਨਾ ਹਰੇਕ ਵਿਅਕਤੀ ਦੀ ਜਿੰਮੇਵਾਰੀ ਹੈ, ਪਰ ਇਸ ਜਿੰਮੇਵਾਰੀ ਦਾ ਸਭ ਤੋਂ ਵੱਡਾ ਹਿੱਸਾ ਮਾਂ-ਬਾਪ ਦੇ ਮੋਢਿਆਂ ’ਤੇ ਹੁੰਦਾ ਹੈ। ਪੁਰਾਤਨ ਸਮੇਂ ਤੋਂ ਧੀਆਂ ਨੂੰ ਦੇਵੀ ਦੇ ਰੂਪ ਵਿੱਚ, ਕੰਜਕਾਂ ਦੇ ਰੂਪ ਵਿੱਚ ਅਤੇ ਅਜੋਕੇ ਸਮੇਂ ਵਿੱਚ ਮਾਂ ਦਿਵਸ ਵਰਗੇ ਮੌਕਿਆਂ ’ਤੇ ਸਤਿਕਾਰ ਦਿੱਤਾ ਜਾਂਦਾ ਹੈ। ਸਮਾਜ ਵਿੱਚ ਧੀਆਂ ਨੂੰ ਲਕਸ਼ਮੀ ਦਾ ਸਰੂਪ ਮੰਨਿਆ ਜਾਂਦਾ ਹੈ, ਪਰ ਅਸਲੀਅਤ ਵਿੱਚ ਇਹ ਸਤਿਕਾਰ ਅਕਸਰ ਸਿਰਫ਼ ਦਿਖਾਵੇ ਤੱਕ ਹੀ ਸੀਮਤ ਰਹਿ ਜਾਂਦਾ ਹੈ। ਧੀਆਂ ਦੇ ਜਨਮ ’ਤੇ ਖੁਸ਼ੀ ਦਾ ਇਜ਼ਹਾਰ ਤਾਂ ਕੀਤਾ ਜਾਂਦਾ ਹੈ, ਪਰ ਸਮਾਜ ਦੀ ਪੁਰਾਤਨ ਮਾਨਸਿਕਤਾ ਅਤੇ ਵਿਤਕਰੇ ਦੀ ਸੋਚ ਅੱਜ ਵੀ ਧੀਆਂ ਨੂੰ ਪੁੱਤਰਾਂ ਦੇ ਮੁਕਾਬਲੇ ਘੱਟ ਮਹੱਤਵ ਦਿੰਦੀ ਹੈ। ਇਹ ਵਿਤਕਰਾ ਘਰ ਦੀਆਂ ਚਾਰ ਦੀਵਾਰੀਆਂ ਤੋਂ ਸ਼ੁਰੂ ਹੋ ਕੇ ਸਮਾਜ ਦੀਆਂ ਸੀਮਾਵਾਂ ਤੱਕ ਫੈਲ ਜਾਂਦਾ ਹੈ, ਜਿਸ ਦਾ ਖਮਿਆਜ਼ਾ ਧੀਆਂ ਨੂੰ ਜਨਮ ਤੋਂ ਲੈ ਕੇ ਜੀਵਨ ਦੇ ਹਰ ਪੜਾਅ ’ਤੇ ਭੁਗਤਣਾ ਪੈਂਦਾ ਹੈ।
ਜਦੋਂ ਘਰ ਵਿੱਚ ਧੀ ਦਾ ਜਨਮ ਹੁੰਦਾ ਹੈ, ਤਾਂ ਸਮਾਜਿਕ ਰੂਪ ਵਿੱਚ ਖੁਸ਼ੀ ਦਾ ਮਾਹੌਲ ਬਣਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਘਰ ਵਿੱਚ ਲਕਸ਼ਮੀ ਆਈ ਹੈ, ਦੇਵੀ ਦੇ ਪੈਰ ਪਏ ਹਨ। ਪਰ ਅੰਦਰੋਂ-ਅੰਦਰੀ ਪੁਰਾਤਨ ਸੋਚ ਅਕਸਰ ਇਸ ਖੁਸ਼ੀ ਨੂੰ ਫਿੱਕਾ ਕਰ ਦਿੰਦੀ ਹੈ। ਧੀ ਦੇ ਜਨਮ ਨੂੰ ਪੁੱਤਰ ਦੇ ਜਨਮ ਦੇ ਮੁਕਾਬਲੇ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ। ਸਮਾਜ ਵਿੱਚ ਇਹ ਮਾਨਸਿਕਤਾ ਇੱਕ ਥੰਮ੍ਹ ਵਾਂਗ ਮਜ਼ਬੂਤ ਹੋ ਚੁੱਕੀ ਹੈ, ਜਿਸ ਦੇ ਸਾਏ ਹੇਠ ਧੀਆਂ ਨੂੰ ਅਕਸਰ ਅਣਗੌਲਿਆ ਮਹਿਸੂਸ ਕਰਨਾ ਪੈਂਦਾ ਹੈ। ਇਹ ਵਿਤਕਰਾ ਸਿਰਫ਼ ਭਾਰਤ ਤੱਕ ਸੀਮਤ ਨਹੀਂ, ਸਗੋਂ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਘਰ ਵਿੱਚ ਜਨਮ ਤੋਂ ਲੈ ਕੇ ਵਿਆਹ ਤੱਕ ਅਤੇ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵਿੱਚ ਵੀ ਧੀਆਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਧੀ ਦਾ ਜਨਮ ਹੁੰਦਾ ਹੈ, ਤਾਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਇਹ ‘ਪਰਾਇਆ ਧਨ’ਹੈ, ਜਿਸ ਨੇ ਵਿਆਹ ਤੋਂ ਬਾਅਦ ਸਹੁਰੇ ਘਰ ਦਾ ਵੰਸ਼ ਅੱਗੇ ਵਧਾਉਣਾ ਹੈ। ਦੂਜੇ ਪਾਸੇ, ਸਹੁਰੇ ਪਰਿਵਾਰ ਵਿੱਚ ਧੀ ਨੂੰ ‘ਪਰਾਏ ਘਰ’ਤੋਂ ਆਈ ਮੰਨਿਆ ਜਾਂਦਾ ਹੈ, ਜਿਸ ਕਾਰਨ ਉਸ ਨੂੰ ਉਹ ਮਾਣ-ਸਤਿਕਾਰ ਨਹੀਂ ਮਿਲਦਾ, ਜੋ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਿਲਦਾ ਹੈ।
ਇਹ ਸਥਿਤੀ ਸਮਾਜ ਅੱਗੇ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ, ਕੀ ਧੀ ਦਾ ਜਨਮ ਸਿਰਫ਼ ਪਰਿਵਾਰ ਦੀ ਇੱਜਤ ਬਣਾਈ ਰੱਖਣ ਅਤੇ ਸਹੁਰੇ ਪਰਿਵਾਰ ਦਾ ਵੰਸ਼ ਵਧਾਉਣ ਲਈ ਹੀ ਹੁੰਦਾ ਹੈ? ਜੇਕਰ ਇਸ ਸਵਾਲ ਦਾ ਜਵਾਬ ਤੰਗ ਮਾਨਸਿਕ ਸੋਚ ਕਾਰਨ ‘ਹਾਂ’ਵਿੱਚ ਹੈ, ਤਾਂ ਇਹ ਸਮਾਜ ਦੀ ਵਿਕਰਿਤ ਮਾਨਸਿਕਤਾ ਨੂੰ ਦਰਸਾਉਂਦਾ ਹੈ। ਅਜਿਹੀ ਸੋਚ ਦੇ ਬਾਵਜੂਦ ਸਮਾਜ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਧੀਆਂ ਅਤੇ ਪੁੱਤਰਾਂ ਨੂੰ ਬਰਾਬਰ ਦਾ ਦਰਜਾ ਮਿਲ ਚੁੱਕਾ ਹੈ। ਪਰ ਅਸਲੀਅਤ ਵਿੱਚ ਇਹ ਦਾਅਵਾ ਖੋਖਲਾ ਹੈ। ਮਾਂ-ਬਾਪ ਅਕਸਰ ਧੀਆਂ ਦੀਆਂ ਇੱਛਾਵਾਂ ਨੂੰ ਪੁੱਤਰਾਂ ਦੀਆਂ ਇੱਛਾਵਾਂ ਦੇ ਮੁਕਾਬਲੇ ਅਣਗੌਲਿਆ ਕਰਦੇ ਹਨ। ਧੀ ਵੱਲੋਂ ਜਤਾਈ ਗਈ ਕੋਈ ਵੀ ਇੱਛਾ ਜਾਂ ਮੰਗ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਜਾਂਦਾ ਹੈ ਕਿ ‘ਇਹ ਕਿਹੜਾ ਮੁੰਡਾ ਹੈ, ਜਿਸ ਦੀ ਮੰਗ ਪੂਰੀ ਕੀਤੀ ਜਾਵੇ।’ ਦੂਜੇ ਪਾਸੇ, ਪੁੱਤਰ ਵੱਲੋਂ ਕੀਤੀ ਗਈ ਕੋਈ ਵੀ ਮੰਗ, ਭਾਵੇਂ ਉਹ ਅਨੈਤਿਕ ਕਿਉਂ ਨਾ ਹੋਵੇ, ਨੂੰ ਜਾਣ-ਬੁੱਝ ਕੇ ਅਣਡਿੱਠਾ ਕਰਕੇ ਉਸ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ।
ਇਸ ਵਿਤਕਰੇ ਦਾ ਨਤੀਜਾ ਸਮਾਜ ਵਿੱਚ ਸਪੱਸ਼ਟ ਦਿਖਾਈ ਦਿੰਦਾ ਹੈ। ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਆਪਣੀਆਂ ਘਰੇਲੂ ਜਿੰਮੇਵਾਰੀਆਂ ਵਿੱਚ ਰੁੱਝ ਜਾਂਦਾ ਹੈ, ਤਾਂ ਮਾਂ-ਬਾਪ ਦੀਆਂ ਉਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ, ਜੋ ਉਨ੍ਹਾਂ ਨੇ ਬਚਪਨ ਵਿੱਚ ਆਪਣੇ ਪੁੱਤਰ ਨਾਲ ਮੋਹ ਵਿੱਚ ਪੈ ਕੇ ਸੋਚ ਰੱਖੀਆਂ ਸਨ। ਮਾਂ-ਬਾਪ ਅਕਸਰ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਪੁੱਤਰ ਬੁਢਾਪੇ ਵਿੱਚ ਉਨ੍ਹਾਂ ਦਾ ਸਹਾਰਾ ਬਣੇਗਾ, ਪਰ ਵਿਆਹ ਤੋਂ ਬਾਅਦ ਪੁੱਤਰ ਦੀਆਂ ਪਰਿਵਾਰਕ ਜਿੰਮੇਵਾਰੀਆਂ ਕਾਰਨ ਉਹ ਮਾਂ-ਬਾਪ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦਾ। ਇਸ ਦਾ ਕਾਰਨ ਇਹ ਹੈ ਕਿ ਪੁੱਤਰ ਨੂੰ ਬਚਪਨ ਵਿੱਚ ਅਜਿਹੀ ਪਰਵਰਿਸ਼ ਨਹੀਂ ਦਿੱਤੀ ਜਾਂਦੀ, ਜਿਸ ਵਿੱਚ ਉਸ ਨੂੰ ਵਿਆਹ ਤੋਂ ਬਾਅਦ ਮਾਂ-ਬਾਪ ਅਤੇ ਪਰਿਵਾਰ ਪ੍ਰਤੀ ਸਮਾਨ ਜਿੰਮੇਵਾਰੀ ਨਿਭਾਉਣ ਦੀ ਸਿੱਖਿਆ ਮਿਲੇ।
ਇਸ ਦੇ ਉਲਟ, ਧੀਆਂ ਨੂੰ ਸ਼ੁਰੂ ਤੋਂ ਹੀ ਘਰ ਦੀਆਂ ਜਿੰਮੇਵਾਰੀਆਂ ਸੰਭਾਲਣ ਅਤੇ ਪਰਿਵਾਰ ਦੀ ਇੱਜਤ ਬਣਾਈ ਰੱਖਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪਰ ਉਨ੍ਹਾਂ ਦੀਆਂ ਨਿੱਜੀ ਇੱਛਾਵਾਂ ਅਤੇ ਸੁਪਨਿਆਂ ਨੂੰ ਅਕਸਰ ਦਬਾਇਆ ਜਾਂਦਾ ਹੈ। ਜੇਕਰ ਕੋਈ ਧੀ ਆਪਣੀ ਪਸੰਦ ਦਾ ਜੀਵਨ ਸਾਥੀ ਚੁਣਨ ਦੀ ਇੱਛਾ ਜਤਾਵੇ, ਤਾਂ ਪਰਿਵਾਰ ਅਤੇ ਸਮਾਜ ਵਿੱਚ ਹੰਗਾਮਾ ਮੱਚ ਜਾਂਦਾ ਹੈ ਅਤੇ ਮਾਂ-ਬਾਪ ਸਮਾਜ ਦੇ ਡਰ ਕਾਰਨ ਧੀ ਦੀ ਇੱਛਾ ਨੂੰ ਬਿਨਾਂ ਸੋਚੇ-ਸਮਝੇ ਧੀ ਦਾ ਲੜ ਕਿਸੇ ਦੇ ਵੀ ਹੱਥ ਵਿੱਚ ਇਉਂ ਸੌਂਪ ਦਿੰਦੇ ਹਨ - ਜਿਵੇਂ ਕਿਸੇ ਵੀ ਖੁੰਟੇ ਨਾਲ ਕੋਈ ਮੱਝ ਬੰਨਣੀ ਹੋਵੇ। ਜਿਸ ਨਾਲ ਧੀ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਖੜ੍ਹੀਆਂ ਹੋ ਸਕਦੀਆਂ ਹਨ। ਜਦਕਿ ਪੁੱਤਰ ਦੀ ਅਜਿਹੀ ਇੱਛਾ ਨੂੰ ਖੁਸ਼ੀਆਂ ਨਾਲ ਸਵੀਕਾਰ ਕੀਤਾ ਜਾਂਦਾ ਹੈ। ਇਹ ਦੋਹਰਾ ਮਾਪਦੰਡ ਸਮਾਜ ਦੀ ਸੋਚ ਵਿੱਚ ਡੂੰਘੀ ਜੜ੍ਹ ਫੜੀ ਬੈਠਾ ਹੈ। ਧੀਆਂ ਸੱਚਮੁੱਚ ਅਨਮੋਲ ਗਹਿਣਾ ਹਨ, ਪਰ ਇਸ ਅਨਮੋਲ ਗਹਿਣੇ ਦੀ ਸੰਭਾਲ ਅਤੇ ਸੁਰੱਖਿਆ ਦੀ ਜਿੰਮੇਵਾਰੀ ਸਭ ਤੋਂ ਪਹਿਲਾਂ ਮਾਂ-ਬਾਪ ਦੀ ਹੈ। ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਧੀਆਂ ਦੀਆਂ ਇੱਛਾਵਾਂ ਨੂੰ ਸੁਣਨ, ਸਮਝਣ ਅਤੇ ਸਤਿਕਾਰ ਦੇਣ। ਜੇਕਰ ਧੀ ਆਪਣੀ ਜ਼ਿੰਦਗੀ ਨਾਲ ਜੁੜਿਆ ਕੋਈ ਫੈਸਲਾ ਲੈਣਾ ਚਾਹੁੰਦੀ ਹੈ, ਤਾਂ ਮਾਂ-ਬਾਪ ਨੂੰ ਉਸ ਦੀ ਇੱਛਾ ਦੀ ਪੂਰੀ ਜਾਂਚ-ਪੜਤਾਲ ਕਰਕੇ, ਸਹੀ ਸਲਾਹ ਅਤੇ ਸਹਿਯੋਗ ਦੇਣਾ ਚਾਹੀਦਾ ਹੈ।
ਇਥੇ ਇੱਕ ਵਿਸ਼ੇਸ਼ ਗੱਲ ਕਰਨ ਯੋਗ ਹੈ ਕਿ ਮਾਂ-ਬਾਪ ਦੀ ਜਿੰਮੇਵਾਰੀ ਸਿਰਫ਼ ਧੀ ਦੇ ਵਿਆਹ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਵਿਆਹ ਤੋਂ ਬਾਅਦ ਵੀ ਉਨ੍ਹਾਂ ਨੂੰ ਧੀ ਦੀ ਸੁਰੱਖਿਆ ਅਤੇ ਸਤਿਕਾਰ ਨੂੰ ਯਕੀਨੀ ਬਣਾਉਣ ਲਈ ਸਰਗਰਮ ਰਹਿਣਾ ਚਾਹੀਦਾ ਹੈ। ਧੀਆਂ ਆਪਣੇ ਮਾਂ-ਬਾਪ ਨੂੰ ਜੀਵਨ ਦਾ ਸਭ ਤੋਂ ਵੱਡਾ ਸਹਾਰਾ ਮੰਨਦੀਆਂ ਹਨ। ਮਾਂ-ਬਾਪ ਦੀ ਗੈਰ-ਹਾਜ਼ਰੀ ਵਿੱਚ ਭਾਵੇਂ ਭਰਾ ਆਪਣੀ ਭੈਣ ਦਾ ਸਾਥ ਦਿੰਦਾ ਹੈ, ਪਰ ਵਿਆਹ ਤੋਂ ਬਾਅਦ ਉਸ ਦੀਆਂ ਪਰਿਵਾਰਕ ਜਿੰਮੇਵਾਰੀਆਂ ਕਾਰਨ ਉਸ ਦੀ ਸਥਿਤੀ ਅਤੇ ਮਨੋਦਸ਼ਾ ਵਿੱਚ ਬਦਲਾਅ ਆ ਜਾਂਦਾ ਹੈ। ਇਸ ਲਈ ਮਾਂ-ਬਾਪ ਹੀ ਧੀ ਦੀ ਜ਼ਿੰਦਗੀ ਵਿੱਚ ਸਭ ਤੋਂ ਮਜ਼ਬੂਤ ਸਹਾਰਾ ਹੁੰਦੇ ਹਨ। ਮਾਂ-ਬਾਪ ਨੂੰ ਧੀਆਂ ਅਤੇ ਪੁੱਤਰਾਂ ਦੀ ਪਰਵਰਿਸ਼ ਵਿੱਚ ਬਰਾਬਰਤਾ ਨੂੰ ਅਪਣਾਉਣ ਚਾਹੀਦਾ ਹੈ। ਜਿਸ ਤਰ੍ਹਾਂ ਪੁੱਤਰ ਨੂੰ ਅਧਿਕਾਰ, ਸੁਤੰਤਰਤਾ ਅਤੇ ਸਤਿਕਾਰ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਧੀ ਨੂੰ ਵੀ ਮਿਲਣਾ ਚਾਹੀਦਾ ਹੈ। ਧੀ ਦੀ ਦੇਖਭਾਲ ਅਤੇ ਸੁਰੱਖਿਆ ਪੁੱਤਰ ਨਾਲੋਂ ਵੀ ਵੱਧ ਜ਼ਰੂਰੀ ਹੈ, ਕਿਉਂਕਿ ਜੇਕਰ ਧੀ ਸੱਚਮੁੱਚ ਅਨਮੋਲ ਗਹਿਣਾ ਹੈ, ਤਾਂ ਇਸ ਗਹਿਣੇ ਦੀ ਕਦਰ ਜੀਵਨ ਭਰ ਕਰਨੀ ਜ਼ਰੂਰੀ ਹੈ। ਸਮਾਜ ਵਿੱਚ ਧੀ ਨੂੰ ਉਹ ਸਤਿਕਾਰ ਅਤੇ ਸੁਰੱਖਿਆ ਨਹੀਂ ਮਿਲ ਸਕਦੀ, ਜੋ ਉਸ ਨੂੰ ਆਪਣੇ ਪਰਿਵਾਰ ਵਿੱਚ ਮਿਲਦੀ ਹੈ।
ਅੰਤ ਵਿੱਚ, ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਧੀ ਦੇ ਜਨਮ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਉਸ ਦਾ ਸਾਥ ਨਿਭਾਉਣ। ਧੀ ਦੇ ਫੈਸਲਿਆਂ ਵਿੱਚ ਸਹਿਯੋਗ ਕਰਦੇ ਹੋਏ, ਉਸ ਦੀਆਂ ਇੱਛਾਵਾਂ ਨੂੰ ਸਮਝਣ ਅਤੇ ਸਹੀ ਮਾਰਗਦਰਸ਼ਨ ਦੇਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਧੀ ਦੇ ਫੈਸਲਿਆਂ ਦੀ ਜਾਂਚ-ਪੜਤਾਲ ਸਹੀ ਢੰਗ ਨਾਲ ਕਰਕੇ, ਉਸ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਮਾਂ-ਬਾਪ ਨਾ ਸਿਰਫ਼ ਆਪਣੀ ਧੀ ਦੀ ਜ਼ਿੰਦਗੀ ਨੂੰ ਸੁਰੱਖਿਅਤ ਅਤੇ ਸਫਲ ਬਣਾਉਣਗੇ, ਸਗੋਂ ਸਮਾਜ ਵਿੱਚ ਵੀ ਬਰਾਬਰਤਾ ਅਤੇ ਸਤਿਕਾਰ ਦੀ ਮਿਸਾਲ ਕਾਇਮ ਕਰਨਗੇ।

liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ

-
ਸੰਦੀਪ ਕੁਮਾਰ, ਐਮ.ਸੀ.ਏ, ਐਮ.ਏ ਮਨੋਵਿਗਆਨ
liberalthinker1621@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.