ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਵੱਖ ਵਖ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਰੈਲੀਆਂ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 24 ਮਈ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਵੱਲੋਂ ਅੱਜ ਸ਼ਾਮ ਹਲਕੇ ਦੇ ਪਿੰਡ ਝੰਗੀ, ਸ਼ਾਮਪੁਰਾ ਅਤੇ ਸਿੰਘਪੁਰਾ ਵਿਖੇ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕੀਤੀ ਗਈ। ਇਸ ਮੌਕੇ ਹੋਈ ਭਰਵੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬੀ ਯੁੱਧ ਨਸ਼ਿਆਂ ਵਿਰੁੱਧ ਜਿੱਤ ਕੇ ਆਪਣੇ ਪੰਜਾਬ ਨੂੰ ਮੁੜ ਰੰਗਲਾ ਬਣਾਉਣਗੇ।
ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਪੰਜਾਬ ਵਿੱਚ ਨਸ਼ੇ ਦੇ ਪਸਾਰੇ ਲਈ ਸਾਬਕਾ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਇਲਜ਼ਾਮਾਂ ਦੇ ਕਟਹਿਰੇ ‘ਚ ਖੜ੍ਹਾ ਕਰਦਿਆਂ ਕਿਹਾ ਕਿ ਇਨ੍ਹਾਂ ਸਾਬਕਾ ਸਰਕਾਰਾਂ ਦੇ ਆਗੂਆਂ ਤੇ ਕਾਰਕੁਨਾਂ ਵੱਲੋਂ ਸੌਖੇ ਢੰਗ ਨਾਲ ਪੈਸੇ ਦੀ ਕਮਾਈ ਲਈ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦਿੰਦਿਆਂ ਕਥਿਤ ਤੌਰ `ਤੇ ਲਾਲ ਬੱਤੀ ਵਾਲੀਆਂ ਗੱਡੀਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਰਹੀਆਂ ਸਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਕਿਸੇ ਕਿਸਮ ਦੀ ਸਿਆਸੀ ਦਖ਼ਲ ਅੰਦਾਜ਼ੀ ਨਾ ਪਹਿਲੋਂ ਕੀਤੀ ਜਾ ਰਹੀ ਸੀ, ਨਾ ਹੁਣ ਕੀਤੀ ਜਾ ਰਹੀ ਹੈ, ਸਗੋਂ ਨਸ਼ਾ ਤਸਕਰਾਂ ਪ੍ਰਤੀ ਢਿੱਲੜ ਰਵੱਈਆ ਅਪਣਾਉਣ ਵਾਲੇ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਵਿਰੁੱਧ ਵੀ ਵਿਭਾਗੀ ਕਾਰਵਾਈ ਕਰਨ ਤੋਂ ਸੰਕੋਚ ਨਹੀਂ ਕੀਤਾ ਜਾ ਰਿਹਾ।
ਇਸ ਦੌਰਾਨ ਵਿਧਾਇਕ ਸ. ਰੰਧਾਵਾ ਨੇ ਮੌਕੇ `ਤੇ ਮੌਜੂਦ ਅਧਿਕਾਰੀਆਂ ਸਣੇ ਪੰਚਾਇਤੀ ਨੁਮਾਇੰਦਿਆਂ, ਨੰਬਰਦਾਰਾਂ, ਡਿਫੈਂਸ ਕਮੇਟੀਆਂ ਦੇ ਮੈਂਬਰਾਂ ਸਮੇਤ ਆਮ ਲੋਕਾਂ ਨੂੰ ਸਮੂਹਿਕ ਤੌਰ `ਤੇ ਨਸ਼ਿਆਂ ਵਿਰੁੱਧ ਹਲਫ਼ ਦਿਵਾਇਆ।
ਇਸ ਮੌਕੇ ਤੇ ਤਹਿਸੀਲਦਾਰ ਡੇਰਾ ਬਾਬਾ ਨਾਨਕ ਸ. ਲਛਮਣ ਸਿੰਘ, ਡੀ.ਐੱਸ.ਪੀ. ਜੋਗਾ ਸਿੰਘ, ਹਲਕਾ ਕੋਆਰਡੀਨੇਟਰ ਅਰਸ਼ਦੀਪ ਸਿੰਘ, ਬੀ.ਡੀ.ਪੀ.ਓ. ਅਮਨਦੀਪ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਪੰਚ-ਸਰਪੰਚ, ਡਿਫੈਂਸ ਕਮੇਟੀਆਂ ਤੇ ਮੁਹਤਬਰ ਹਾਜ਼ਰ ਸਨ।