ਮਨਵਿੰਦਰ ਗਿਆਸਪੁਰਾ ਵੱਲੋ ਮਨਰੇਗਾ ਕਾਮਿਆਂ ਦਾ ਸਨਮਾਨ ਕੀਤਾ
- ਹਲਕਾ ਪਾਇਲ ਦੇ ਕਿਸੇ ਵੀ ਵਿਅਕਤੀ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ :- ਗਿਆਸਪੁਰਾ
- ਵਿਧਾਇਕ ਗਿਆਸਪੁਰਾ ਵੱਲੋਂ ਦੋਰਾਹਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ
ਸੁਖਮਿੰਦਰ ਭੰਗੂ
ਪਾਇਲ, ਲੁਧਿਆਣਾ, 22 ਮਈ 2025 - ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਦੋਰਾਹਾ ਵਿਖੇ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਾਇਲ ਦੇ ਉਪ ਮੰਡਲ ਮੈਜਿਸਟਰੇਟ ਪ੍ਰਦੀਪ ਸਿੰਘ ਬੈਂਸ ਅਤੇ ਪ੍ਰਧਾਨ ਨਗਰ ਕੌਂਸਲ ਦੋਰਾਹਾ ਸੁਦਰਸ਼ਨ ਕੁਮਾਰ ਪੱਪੂ ਵੀ ਸ਼ਾਮਲ ਸਨ।
ਮੀਟਿੰਗ ਵਿਚ ਸਭ ਤੋਂ ਪਹਿਲਾਂ ਵਿਧਾਇਕ ਗਿਆਸਪੁਰਾ ਨੇ ਮਨਰੇਗਾ ਵਿਚ ਕੰਮ ਕਰਨ ਵਾਲੇ ਕਿਰਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੁਰੰਤ ਦੂਰ ਕਰਨ ਦੇ ਅਦੇਸ਼ ਦਿੰਦਿਆਂ ਕਿਹਾ ਕਿ ਮਨਰੇਗਾ ਅਧੀਨ ਪਿੰਡਾਂ 'ਚ ਕੰਮ ਕਰਨ ਵਾਲੇ ਕਿਰਤੀਆਂ ਨੂੰ ਕੰਮ ਕਰਨ ਦਾ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇ ਅਤੇ ਵਿਕਾਸ ਦੇ ਨਿਰਵਿਘਨ ਕੰਮ ਕੀਤੇ ਜਾਣ ਤਾਂ ਜੋ ਸਰਕਾਰ ਵਲੋਂ ਭੇਜੇ ਗਏ ਫੰਡਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦਿਆਂ ਮਨਰੇਗਾ ਅਧੀਨ ਕਿਰਤੀਆਂ ਨੂੰ ਕੰਮ ਮਿਲ ਸਕੇ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਬਲਾਕ ਦੋਰਾਹਾ ਅਤੇ ਮਲੌਦ ਦੇ ਮਨਰੇਗਾ ਅਧੀਨ ਕੰਮ ਕਰਨ ਵਾਲੇ ਕਿਰਤੀਆਂ ਦਾ ਸਨਮਾਨ ਵੀ ਕੀਤਾ। ਉਨ੍ਹਾ ਅੱਗੇ ਕਿਹਾ ਕਿ ਅੱਜ ਤੱਕ ਕਿਸੇ ਵੀ ਪਿਛਲੀਆਂ ਸਰਕਾਰਾਂ ਨੇ ਮਨਰੇਗਾ ਵਿਚ ਕੰਮ ਕਰਨ ਵਾਲੇ ਕਿਰਤੀਆਂ ਦਾ ਸਨਮਾਨ ਨਹੀਂ ਕੀਤਾ।
ਇਸ ਤੋਂ ਇਲਾਵਾ ਗਿਆਸਪੁਰਾ ਵੱਲੋਂ ਲੇਬਰ ਵਿਭਾਗ, ਸੋਸ਼ਲ ਐਂਡ ਵੈਲਫੇਅਰ ਵਿਭਾਗ, ਪੰਚਾਇਤ ਵਿਭਾਗ ਆਦਿ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਕੋਲ ਕੰਮ-ਕਾਜ ਨੂੰ ਲੈ ਕੇ ਆਉਣ ਵਾਲੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੰਮ ਕੀਤੇ ਜਾਣ ਅਤੇ ਕਿਸੇ ਨੂੰ ਵੀ ਖੱਜਲ ਖੁਆਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਬੰਧਿਤ ਕੰਮ ਕਰਨਾ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਜਿੰਮੇਵਾਰੀ ਹੈ ਅਤੇ ਲੋਕਾਂ 'ਚ ਵੀ ਵਿਸ਼ਵਾਸ ਬਣਾਉਣ ਦੀ ਲੋੜ ਹੈ ਕਿ ਉਨ੍ਹਾਂ ਦੇ ਕੰਮ ਬਿਨਾ ਕਿਸੇ ਲਾਲਚ ਦੇ ਦਫਤਰਾਂ 'ਚ ਹੋਣਗੇ। ਗਿਆਸਪੁਰਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਜੋ ਸਬੰਧਿਤ ਵਿਭਾਗ ਹਨ ਉਨ੍ਹਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਕੋਈ ਮੁਸ਼ਕਲ ਨਾ ਆਉਣ ਦੇਣ। ਇਸ ਮੌਕੇ ਬੀ.ਡੀ.ਪੀ.ਓ ਸੁਮਿਤ੍ਰਾ, ਏ.ਪੀ.ਓ ਮਲੌਦ ਪ੍ਰਗਟ ਸਿੰਘ, ਏ.ਪੀ.ਓ ਦੋਰਾਹਾ ਮੈਡਮ ਸੋਨੀਆ, ਇੰਸਪੈਕਟਰ ਵਿਨੋਦ ਕੁਮਾਰ, ਇੰਸਪੈਕਟਰ ਜਗਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਮਨਰੇਗਾ ਕਾਮੇ ਹਾਜ਼ਰ ਸਨ।