ਚੰਦ ਭਾਨ ਕਾਂਡ : ਅਫਸਰਾਂ ਦੀ ਵਾਅਦਾ ਖਿਲਾਫੀ ਖਿਲਾਫ ਮਜ਼ਦੂਰਾਂ ਨੇ ਐਸਐਸਪੀ ਦਫਤਰ ਅੱਗੇ ਝੰਡੇ ਗੱਡੇ
ਅਸ਼ੋਕ ਵਰਮਾ
ਫਰੀਦਕੋਟ, 22 ਮਈ 2025:ਚੰਦਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਐਸ ਐਸ ਪੀ ਦਫਤਰ ਅੱਗੇ ਸੈਂਕੜੇ ਮਜ਼ਦੂਰਾਂ ਕਿਸਾਨਾਂ ਤੇ ਔਰਤਾਂ ਵੱਲੋਂ ਮੁੜ ਲਗਾਤਾਰ ਦਾ ਧਰਨਾ ਸ਼ੁਰੂ ਕਰ ਦਿੱਤਾ। ਅੱਜ਼ ਦੇ ਧਰਨੇ ਵਿੱਚ ਮਜ਼ਦੂਰਾਂ ਤੋਂ ਇਲਾਵਾ ਕਿਸਾਨਾਂ, ਸਾਬਕਾ ਸੈਨਿਕਾਂ, ਵਿਦਿਆਰਥੀਆਂ , ਪ੍ਰਵਾਸੀ ਮਜ਼ਦੂਰਾਂ ਤੇ ਸਫ਼ਾਈ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਐਸ ਐਸ ਪੀ ਫਰੀਦਕੋਟ ਵੱਲੋਂ ਕਥਿਤ ਸਿਆਸੀ ਦਬਾਅ ਕਾਰਨ ਐਕਸ਼ਨ ਕਮੇਟੀ ਨਾਲ਼ 9 ਫਰਵਰੀ ਨੂੰ ਕੀਤਾ ਸਮਝੌਤਾ ਲਾਗੂ ਕਰਨ ਤੋਂ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਮਜ਼ਦੂਰਾਂ 'ਤੇ ਗੋਲੀਆਂ ਚਲਾਉਣ ਤੇ ਮਜ਼ਦੂਰਾਂ ਨੂੰ ਜਾਤੀ ਸੂਚਕ ਸ਼ਬਦ ਵਰਤ ਕੇ ਅਪਮਾਨਤ ਕਰਨ ਵਰਗੇ ਦੋਸ਼ਾਂ 'ਚ ਨਾਮਜ਼ਦ ਗਮਦੂਰ ਸਿੰਘ ਤੇ ਹਰਵਿੰਦਰ ਸਿੰਘ ਜੱਜੀ ਵੱਲੋਂ ਪੀੜਤ ਮਜ਼ਦੂਰਾਂ ਦੇ ਹੱਕ ਚ ਨਿੱਤਰੀ ਐਕਸ਼ਨ ਕਮੇਟੀ ਦੇ ਆਗੂ ਸਿਕੰਦਰ ਸਿੰਘ ਅਜਿੱਤਗਿੱਲ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ, ਪਰ ਪੁਲਿਸ ਅਧਿਕਾਰੀਆਂ ਨੂੰ ਵਾਰ ਵਾਰ ਦੱਸਣ ਦੇ ਬਾਵਜੂਦ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਬੁਲਾਰਿਆਂ ਨੇ ਕਿਹਾ ਕਿ ਜੇਕਰ ਕਿਸੇ ਵੀ ਮਜ਼ਦੂਰ ਆਗੂ ਜਾਂ ਮਜ਼ਦੂਰ ਦਾ ਨੁਕਸਾਨ ਹੁੰਦਾ ਹੈ ਤਾਂ ਉਹਦੇ ਲਈ ਗਮਦੂਰ ਸਿੰਘ ਅਤੇ ਹਰਵਿੰਦਰ ਸਿੰਘ ਜੱਜੀ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਬੁਲਾਰਿਆਂ ਨੇ ਆਖਿਆ ਕਿ 12 ਮਈ ਨੂੰ ਐਸ ਐਸ ਪੀ ਦਫਤਰ ਅੱਗੇ ਦਿੱਤੇ ਧਰਨੇ ਉਪਰੰਤ 13 ਮਈ ਨੂੰ ਡੀ ਆਈ ਜੀ ਫਰੀਦਕੋਟ ਵੱਲੋਂ ਐਕਸ਼ਨ ਕਮੇਟੀ ਨਾਲ਼ ਮੀਟਿੰਗ ਕਰਕੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਫਤੇ ਤੋਂ ਉੱਪਰ ਸਮਾਂ ਬੀਤਣ ਦੇ ਬਾਵਜੂਦ ਇੱਕ ਵੀ ਮਸਲਾ ਹੱਲ ਨਹੀਂ ਕੀਤਾ ਗਿਆ।ਬੁਲਾਰਿਆਂ ਨੇ ਆਖਿਆ ਕਿ ਐਕਸ਼ਨ ਕਮੇਟੀ ਦੇ ਸੰਘਰਸ਼ ਦੀ ਬਦੌਲਤ ਭਾਵੇਂ ਐਸ ਐਸ ਪੀ ਫਰੀਦਕੋਟ ਨੂੰ 3 ਔਰਤਾਂ ਸਮੇਤ ਝੂਠੇ ਚ ਗਿਰਫ਼ਤਾਰ 41 ਮਜ਼ਦੂਰਾਂ ਨੂੰ ਰਿਹਾਅ ਕਰਨਾ ਪਿਆ ਅਤੇ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਤੇ ਜਾਤੀ ਸੂਚਕ ਵਰਤਣ ਵਾਲੇ ਸ਼ੈਲਰ ਮਾਲਕ ਗਮਦੂਰ ਸਿੰਘ ਪੱਪੂ ਤੇ ਹਰਵਿੰਦਰ ਸਿੰਘ ਜੱਜੀ ਤੇ ਇਰਾਦਾ ਕਤਲ ਤੇ ਐਸ ਸੀ ਐਸ ਟੀ ਐਕਟ ਤਹਿਤ ਕੇਸ ਦਰਜ ਕਰਨਾ ਪੈ ਗਿਆ ਪਰ ਐਸ ਐਸ ਪੀ ਵੱਲੋਂ ਸਿਆਸੀ ਦਬਾਅ ਕਾਰਨ ਕੇਸ 'ਚ ਨਾਮਜ਼ਦ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ ਅਤੇ ਉਹਨਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਚੋਂ ਰਾਹਤ ਦੁਆਈ ਗਈ।
ਉਹਨਾਂ ਦੋਸ਼ ਲਾਇਆ ਕਿ ਇਹਨਾਂ ਦੋਸ਼ੀਆਂ ਉੱਪਰ ਵੀ ਪੀੜਤ ਮਜ਼ਦੂਰਾਂ ਦੇ ਬਿਆਨਾਂ ਤੇ ਪਰਚਾ ਦਰਜ ਕਰਨ ਦੀ ਥਾਂ ਪੁਲਿਸ ਮੁਲਾਜ਼ਮਾਂ ਦੇ ਬਿਆਨ 'ਤੇ ਹੀ ਕੇਸ ਦਰਜ ਕੀਤਾ ਗਿਆ। ਉਹਨਾਂ ਆਖਿਆ ਪੀੜਤ ਮਜ਼ਦੂਰਾਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਕਰੀਬ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਇਹਨਾਂ ਬਿਆਨਾਂ ਦੇ ਆਧਾਰ 'ਤੇ ਨਾਂ ਤਾਂ ਹੋਰਨਾਂ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਤੇ ਨਾ ਹੀ ਧਰਾਵਾਂ ਚ ਵਾਧਾ ਕੀਤਾ ਗਿਆ। ਉਹਨਾਂ ਆਖਿਆ ਕਿ ਪਿਛਲੇ ਸਾਰੇ ਸਮੇਂ ਦੌਰਾਨ ਐਕਸ਼ਨ ਕਮੇਟੀ ਨਾਲ਼ ਵੱਖ ਵੱਖ ਪੁਲਿਸ ਤੇ ਸਿਵਲ ਅਧਿਕਾਰੀਆਂ ਵੱਲੋਂ ਕੀਤੀਆਂ ਮੀਟਿੰਗਾਂ ਦੌਰਾਨ ਉਹਨਾਂ ਤੇ ਹਲਕਾ ਵਿਧਾਇਕ ਅਮੋਲਕ ਸਿੰਘ ਦਾ ਦਬਾਅ ਸਪੱਸ਼ਟ ਦਿਖਾਈ ਦਿੰਦਾ ਰਿਹਾ ਅਤੇ ਉੱਚ ਪਲਿਸ ਅਧਿਕਾਰੀ ਕਾਰਵਾਈ ਦੀ ਥਾਂ ਸਮਝੌਤਾ ਕਰਨ ਦੀਆਂ ਦਲੀਲਾਂ ਦਿੰਦੇ ਰਹੇ ਹਨ। ਉਹਨਾਂ ਆਖਿਆ ਕਿ ਵਿਧਾਇਕ ਦੀ ਮੁਲਜ਼ਮਾਂ ਨਾਲ ਸਾਂਝ ਤਾਂ ਏਨੀ ਸਪਸ਼ਟ ਹੈ ਕਿ ਉਹ ਐਕਸ਼ਨ ਕਮੇਟੀ ਕੋਲ ਗਮਦੂਰ ਸਿੰਘ ਵਗੈਰਾ ਨੂੰ ਬਚਾਉਣ ਲਈ ਤਾਂ ਖ਼ੁਦ ਮੁਆਫੀ ਮੰਗਣ ਦੀਆਂ ਤਜਵੀਜਾਂ ਭੇਜਦੇ ਰਹੇ ਹਨ।
ਅੱਜ ਦੇ ਧਰਨੇ ਨੂੰ ਐਕਸ਼ਨ ਕਮੇਟੀ ਦੇ ਕਨਵੀਨਰ ਮੰਗਾ ਸਿੰਘ ਵੈਰੋਕੇ, ਗੁਰਤੇਜ ਸਿੰਘ ਹਰੀ ਨੌ, ਗੁਰਪਾਲ ਸਿੰਘ ਨੰਗਲ, ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਲਛਮਣ ਸਿੰਘ ਸੇਵੇਵਾਲਾ, ਗੋਰਾ ਸਿੰਘ ਪਿਪਲੀ, ਸਤਨਾਮ ਸਿੰਘ ਪੱਖੀ, ਸਿਕੰਦਰ ਸਿੰਘ ਅਜਿੱਤਗਿੱਲ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ, ਸਫਾਈ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸ਼ਰਮਾ, ਕ੍ਰਾਂਤੀਕਾਰੀ ਸਾਬਕਾ ਸੈਨਿਕ ਯੂਨੀਅਨ ਦੇ ਆਗੂ ਅਰਜਨ ਸਿੰਘ , ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਸਿੰਘ ਅਜ਼ਾਦ, ਪੀ ਐਸ ਯੂ ਦੇ ਆਗੂ ਸੁਖਪ੍ਰੀਤ ਕੌਰ ,ਐਡਵੋਕੇਟ ਕਰਨ ਸਿੰਘ ਭੁੱਲਰ ਤੇ ਜ਼ਮੀਨ ਪ੍ਰਾਪਤੀ ਕਮੇਟੀ ਫਰੀਦਕੋਟ ਦੇ ਆਗੂ ਅਵਤਾਰ ਸਿੰਘ ਸਹੋਤਾ ਨੇ ਸੰਬੋਧਨ ਕੀਤਾ।ਇਸ ਮੌਕੇ ਸੰਗਰੂਰ ਜ਼ਿਲ੍ਹੇ ਚ ਜ਼ਮੀਨੀ ਸੰਘਰਸ਼ ਲੜ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਮਜ਼ਦੂਰ ਮਰਦ ਔਰਤਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਗਿਰਫ਼ਤਾਰ ਕਰਕੇ ਜੇਲ੍ਹਾਂ ਚ ਡੱਕਣ ਦੀ ਨਿਖੇਧੀ ਕਰਦਿਆਂ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।