ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪਿੰਡ ਲਖਨੌਰ, ਭਾਗੋਮਾਜਰਾ ਅਤੇ ਬੈਰੋਪੁਰ ਵਿੱਚ ਕੱਢੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜਾਗਰੂਕਤਾ ਕੀਤੀ ਗਈ
ਹਰਜਿੰਦਰ ਸਿੰਘ ਭੱਟੀ
- ਕਿਹਾ, ਸੂਬੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹਰ ਵਰਗ ਦੀ ਜਿੰਮੇਵਾਰੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਮਈ, 2025 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਮੁਹਿੰਮ ਦੇ ਤਹਿਤ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਮੋਹਾਲੀ ਦੇ ਪਿੰਡ ਲਖਨੌਰ, ਭਾਗੋਮਾਜਰਾ ਅਤੇ ਬੈਰੋਪੁਰ ਵਿੱਚ ਪਿੰਡ ਵਾਸੀਆਂ, ਪੰਚਾਂ-ਸਰਪੰਚਾਂ ਦੀ ਮੌਜੂਦਗੀ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਅਨੇਕਾਂ ਲੋਕ ਸ਼ਾਮਲ ਹੋਏ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨਾਲ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕਰਨ ਲਈ ਸ. ਭਗਵੰਤ ਸਿੰਘ ਮਾਨ ਪਿਛਲੇ 3 ਸਾਲਾਂ ਤੋਂ ਲੱਗੇ ਹੋਏ ਹਨ ਅਤੇ ਹੁਣ ਪੰਜਾਬ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਜੰਗੀ ਪੱਧਰ ਨਸ਼ਾ ਵਿਰੋਧੀ ਮੁਹਿੰਮ ਪੂਰੇ ਪੰਜਾਬ ਵਿੱਚ ਚਲ ਰਹੀ ਹੈ।
ਇਹ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਇਹ ਇੱਕ ਸਮਾਜਿਕ ਸੰਕਲਪ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚੋਂ ਨਸ਼ੇ ਨੂੰ ਖਤਮ ਕਰਨਾ ਸਮਾਜ ਦੇ ਹਰ ਵਿਅਕਤੀ ਦਾ ਫਰਜ਼ ਹੈ ਬਣਦਾ ਹੈ। ਨਸ਼ਾ ਨੂੰ ਜੜ੍ਹ ਤੋਂ ਖਤਮ ਕਰਨ ਲਈ ਹਰ ਵਰਗ, ਹਰ ਪੰਚਾਇਤ, ਹਰ ਨੌਜਵਾਨ, ਹਰ ਮਾਤਾ-ਪਿਤਾ ਨੂੰ ਅਪੀਲ ਕਰਦਾ ਹਾਂ। ਇਸ ਅੰਦੋਲਨ ਨਾਲ ਜੁੜੋ ਪੰਜਾਬ ਨੂੰ ਨਸ਼ਾ ਮੁਕਤ-ਕਰਨ ਦੀ ਇਹ ਲੜਾਈ ਸਾਡੀ ਸਭ ਦੀ ਲੜਾਈ ਹੈ। ਪੁਲਿਸ ਇਕੱਲੀ ਇਹ ਲੜਾਈ ਨਹੀਂ ਜਿੱਤ ਸਕਦੀ ਅਸਲ ਸਿਪਾਹੀ ਤੁਸੀਂ ਹੋ ਜੋ ਆਪਣੇ ਪਿੰਡ ਦੇ ਬੱਚਿਆਂ ਨੂੰ ਇਸ ਨਸ਼ਿਆਂ ਦੀ ਬਿਮਾਰੀ ਤੋਂ ਬਚਾ ਸਕਦੇ ਹਨ।
ਉਨ੍ਹਾਂ ਇਕੱਠ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਹ ਸਮਾਂ ਦੂਰ ਨਹੀਂ ਹੈ, ਜਦੋਂ ਪੰਜਾਬ ਵਿੱਚ ਕੋਈ ਨਸ਼ਾ ਨਹੀਂ ਵਿਕੇਗਾ ਅਤੇ ਨਾ ਕੋਈ ਨਸ਼ਾ ਤਸਕਰ ਪਿੰਡਾਂ ਵਿੱਚ ਦਾਖ਼ਲ ਹੋਣ ਦੀ ਹਿੰਮਤ ਕਰੇਗਾ, ਪ੍ਰੰਤੂ ਇਸ ਸਭ ਲਈ ਤੁਹਾਡੇ ਸਹਿਯੋਗ ਦੀ ਜਰੂਰਤ ਹੈ। ਇਸ ਲਈ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਸਬੰਧੀ ਜਾਣਕਾਰੀ ਵਿਧਾਇਕ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਦਿੱਤੀ ਜਾਵੇ। ਇਸ ਮੌਕੇ ਸਹੁੰ ਚੁਕਵਾਈ ਗਈ ਕਿ ਨਾ ਅਸੀ ਨਸ਼ਾ ਕਰਾਂਗੇ, ਨਾ ਕਰਨ ਦਿਆਂਗੇ। ਨਾ ਨਸ਼ਾ ਵੇਚਣ ਦਿਆਂਗੇ, ਨਾ ਨਸ਼ਾ ਵੇਚਣ ਵਾਲਿਆਂ ਦਾ ਬਚਾਅ ਕਰਾਂਗੇ। ਅਸੀਂ ਸਭ ਮਿਲਕੇ ਪੰਜਾਬ ਨੂੰ ਮੁੜ ਰੋਸ਼ਨ, ਸੁਰੱਖਿਅਤ ਅਤੇ ਨਸ਼ਾ ਮੁਕਤ ਕਰਾਂਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕਈ ਉਪਾਅ ਕੀਤੇ ਹਨ, ਜਿਸ ਵਿੱਚ ਨਸ਼ਿਆਂ ਸੰਬਧੀ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ 9779100200 ਵੀ ਸ਼ੁਰੂ ਕੀਤਾ ਗਿਆ ਹੈ, ਜਿਨ੍ਹਾਂ ਤੇ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਨਾਲ ਸਬੰਧਤ ਜਾਣਕਾਰੀ ਦੇ ਸਕਦਾ ਹੈ। ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਪਿੰਡਾਂ ਵਿੱਚ ਪੋਸਟਰਾਂ ਰਾਹੀਂ ਹੈਲਪਲਾਈਨ ਨੰਬਰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਗਏ ਹਨ ਅਤੇ ਹੋਰ ਖੇਤਰਾਂ ਵਿੱਚ ਵੀ ਇਹਨਾਂ ਦਾ ਵਿਸਤਾਰ ਕੀਤਾ ਜਾਵੇਗਾ।