ਆਸ਼ਾ ਵਰਕਰਾਂ ਨੇ ਤਨਖਾਹਾਂ ਨਾ ਮਿਲਣ ਕਾਰਨ ਕੀਤੀ ਨਾਅਰੇਬਾਜ਼ੀ
- ਮੰਗਲਵਾਰ ਨੂੰ ਸਿਵਲ ਸਰਜਨ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ
ਰੋਹਿਤ ਗੁਪਤਾ
ਗੁਰਦਾਸਪੁਰ 22 ਮਈ 2025 - ਡੈਮੋਕ੍ਰੇਟਿਕ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗਲਵਾਰ 27 ਮਈ ਨੂੰ ਸਿਵਲ ਸਰਜਨ ਗੁਰਦਾਸਪੁਰ ਨੂੰ ਮੰਗ ਪੱਤਰ ਜਾਵੇਗਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਮੈਡਮ ਬਲਵਿੰਦਰ ਕੌਰ ਅਲੀ ਸ਼ੇਰ ਅਤੇ ਜਰਨਲ ਸਕੱਤਰ ਗੁਰਵਿੰਦਰ ਕੌਰ ਬਹਿਰਾਮਪੁਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋ ਰਹੇ ਹਨ ਜਦੋਂ ਆਸ਼ਾ ਵਰਕਰਾਂ ਨੂੰ 2500 ਰੁਪਏ ਮਹੀਨਾ ਨਿਗੂਣੀਆਂ ਤਨਖ਼ਾਹਾਂ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਆਸ਼ਾ ਵਰਕਰਾਂ ਨੂੰ ਨਹੀਂ ਦਿੱਤੀਆਂ ਗਈਆਂ। ਉਹਨਾਂ ਦੋਸ਼ ਲਾਇਆ ਕਿ ਵਰਕਰਾਂ ਤੋਂ ਉਹਨਾਂ ਦੀ ਡਿਊਟੀ ਤੋਂ ਵਾਧੂ ਕੰਮ ਲਿਆ ਜਾ ਰਿਹਾ ਹੈ।
ਕੀ ਕਮਿਉਨਿਟੀ ਹੈਲਥ ਆਫ਼ੀਸਰ ਵਲੋਂ ਦਵਾਈਆਂ ਲਿਆਉਣ, ਟੀਕਾਕਰਨ ਲਈ ਸਪਲਾਈ ਲਿਆਉਣ ਤੋਂ ਇਲਾਵਾ ਸਬ ਸੈਂਟਰ ਵਿਚ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਤੱਕ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸੈਂਟਰਾਂ ਵਿੱਚ ਆਸ਼ਾ ਵਰਕਰਾਂ ਨੂੰ ਨਸ਼ੇ ਕਰਨ ਵਾਲੇ ਲੋਕਾਂ ਦੀ ਸ਼ਨਾਖਤ ਕਰਨ ਦੀ ਡਿਊਟੀ ਲਗਾਈ ਜਾਂਦੀ ਹੈ। ਇਥੋਂ ਤੱਕ ਗਰਭਵਤੀ ਔਰਤਾਂ। ਨਾਲ ਸਬੰਧਤ ਹਰ ਪ੍ਰਕਾਰ ਦਾ ਮਿਹਨਤਾਨਾ ਬੰਦ ਕਰਨ ਦੇ ਬਾਵਜੂਦ ਵੀ ਆਸ਼ਾ ਵਰਕਰਾਂ ਤੋਂ ਗਰਭਵਤੀ ਔਰਤਾਂ ਦੀ ਪੁਸ਼ਤਪਨਾਹੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਜਥੇਬੰਦੀ ਚੇਅਰਮੈਨ ਹੈਲਥ ਕਾਰਪੋਰੇਸ਼ਨ ਦੇ ਘਰ ਦਾ ਘਿਰਾਓ ਕਰੇਗੀ।
ਉਹਨਾਂ ਸਿਵਲ ਸਰਜਨ ਗੁਰਦਾਸਪੁਰ ਨੂੰ ਅਪੀਲ ਕੀਤੀ ਹੈ ਕਿ ਉਹ ਵਰਕਰਾਂ ਦੀਆਂ ਸਮਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਅਤੇ ਬੇਲੋੜੇ ਟਕਰਾਅ ਤੋਂ ਗ਼ੁਰੇਜ਼ ਕੀਤਾ ਜਾਵੇ।
ਇਸ ਮੌਕੇ ਗੁਰਵਿੰਦਰ ਕੌਰ ਸ਼ਾਹਪੁਰ ਕੋਟਲੀ, ਸਮਾ ਦੇਵੀ ਹਯਾਤ ਨਗਰ, ਕਾਂਤਾ ਦੇਵੀ ਭੁੱਲਰ ਵੀਨਾ ਦੇਵੀ ਬਹਿਰਾਮਪੁਰ ਨਿਰਮਲ ਕੁਮਾਰੀ , ਸਰਬਜੀਤ, ਸੁਖਵਿੰਦਰ, ਰਣਜੀਤ ਬਾਗ਼ ,ਇਕਬਾਲ ਕੋਰ, ਮਨਜੀਤ ਕੌਰ, ਬਲਾਕ ਭਾਮ ਸਰਬਜੀਤ ਪਨਿਆੜ ,ਨਰੇਸ਼,ਅਵਾਖਾ ਹਾਜ਼ਰ ਸਨ।