ਡਾ. ਚਰਨਜੀਤ ਸਿੰਘ ਦੀ ਅਗਵਾਈ ਵਿੱਚ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ
ਹਰਜਿੰਦਰ ਸਿੰਘ ਭੱਟੀ
- ਮਾਨ ਸਰਕਾਰ ਵਲੋਂ ਸ਼ੁਰੂ ਕੀਤੇ “ਯੁੱਧ ਨਸਿ਼ਆਂ ਵਿਰੁੱਧ” ਸਮਾਜ ਨੂੰ ਇਕੱਠੇ ਹੋ ਕੇ ਲੜਣ ਦੀ ਲੋੜ : ਡਾ. ਚਰਨਜੀਤ ਸਿੰਘ
- ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਰੈਲੀ ਕੱਢੀ
- ਸਿਹਤ ਵਿਭਾਗ, ਨਗਰ ਪੰਚਾਇਤ, ਸਕੂਲ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਖਿਲਾਫ਼ ਹੰਭਲਾ ਮਾਰਨ ਦਾ ਅਹਿਦ ਲਿਆ
- ਪੰਚਾਇਤਾਂ ਨੂੰ ਮਤੇ ਪਾਸ ਕਰਕੇ ਆਪਣੇ ਪਿੰਡ ਨੂੰ "ਨਸ਼ਾ ਮੁਕਤ ਪਿੰਡ" ਘੋਸ਼ਿਤ ਕਰਨ ਦੀ ਅਪੀਲ
ਖਰੜ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਮਈ 2025 - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਕਰੂਲਾਪੁਰ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਹੱਥਾਂ ਵਿੱਚ ਬੈਨਰ ਤੇ ਤਖਤੀਆਂ ਫੜ੍ਹ ਕੇ ਨਸ਼ਿਆਂ ਵਿਰੁੱਧ ਰੈਲੀ ਵੀ ਕੱਢੀ ਗਈ।
ਡਾ. ਚਰਨਜੀਤ ਸਿੰਘ ਵਿਧਾਇਕ ਹਲਕਾ ਚਮਕੌਰ ਸਾਹਿਬ ਨੇ ਇਸ ਮੌਕੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਾਲ 2022 ਤੋਂ ਹੀ ਨਸ਼ਿਆਂ ਖਿਲਾਫ਼ ਲੜਾਈ ਲੜੀ ਜਾ ਰਹੀ ਸੀ, ਪਰੰਤੂ ਹੁਣ ਇਸ ਨੂੰ ਅੰਜਾਮ ਤੱਕ ਲੈ ਜਾਣ ਲਈ ਸਰਕਾਰ ਵਲੋਂ “ਯੁੱਧ ਨਸ਼ਿਆਂ ਵਿਰੁੱਧ” ਸ਼ੁਰੂ ਕੀਤਾ ਗਿਆ ਹੈ। ਨਸ਼ੇ ਸਮਾਜ ਦੀ ਬਿਮਾਰੀ ਹਨ, ਜਿਸ ਕਰਕੇ ਸਮਾਜ ਨੂੰ ਇਕੱਠੇ ਹੋ ਕੇ ਇਸ ਖਿਲਾਫ਼ ਲੜਣ ਦੀ ਲੋੜ ਹੈ। ਹੁਣ ਸਮਾਂ ਆ ਗਿਆ ਹੈ ਕਿ ਹਰ ਇੱਕ ਨੂੰ ਕਸਮ ਖਾਣੀ ਪਵੇਗੀ ਕਿ ਨਾ ਮੈਂ ਨਸ਼ਾ ਕਰਾਂਗਾ ਅਤੇ ਨਾ ਕਰਨ ਦੇਵਾਂਗਾ। ਨਸ਼ੇ ਦੇ ਖਿਲਾਫ਼ ਸਰਕਾਰ ਦੀ ਜ਼ੀਰੋ ਟੋਲਰੈਂਸ ਹੈ ਅਤੇ ਪੁਲਿਸ ਉਪਰ ਹੁਣ ਕੋਈ ਸਿਆਸੀ ਦਬਾਅ ਨਹੀਂ, ਬਲਕਿ ਨਸ਼ਾ ਵੇਚਣ ਵਾਲਿਆਂ ਵਿਰੁਧ ਸਖਤ ਤੋਂ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਾ ਪੜਾਈ ਕਰਨ, ਕਿਤਾਬਾਂ ਪੜਣ, ਖੇਡਾਂ ਅਤੇ ਕੁੱਝ ਬਣਨ ਦਾ ਹੋਣਾ ਚਾਹੀਦਾ, ਬਲਕਿ ਉਹ ਨਸ਼ਾ ਨਹੀਂ ਕਰਨਾ ਚਾਹੀਦਾ ਜੋ ਸਾਡੇ ਸਰੀਰ ਅਤੇ ਸਮਾਜ ਨੂੰ ਹੀ ਖਾ ਜਾਵੇ। ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦਾ ਖਿਆਲ ਰੱਖਣ ਅਤੇ ਨਸ਼ੇ ਤੇ ਮਾੜੀ ਸੰਗਤ ਤੋਂ ਦੂਰ ਰੱਖਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਸਭ ਤੋਂ ਵੱਧ 1800 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਪੜਾਈ ਅਤੇ ਨਸ਼ੇ ਇਕੱਠੇ ਨਹੀਂ ਰਹਿਣ ਦੇਣੇ, ਜਿਸ ਕਰਕੇ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣੇ। ਹਲਕਾ ਚਮਕੌਰ ਸਾਹਿਬ ਦੇ ਪਿੰਡਾਂ ਵਿੱਚ ਸਟੇਡੀਅਮ ਬਣੇ ਹਨ ਅਤੇ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਉਦਮ ਕੀਤੇ ਹਨ।
ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀ ਅਸਲ ਵਿਚ ਮਾਨਸਿਕ ਤੌਰ ਤੇ ਬਿਮਾਰ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਕੇ ਇਲਾਜ ਕਰਵਾਉਣ ਦੀ ਲੋੜ ਹੈ। ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਸਰਕਾਰ ਦੇ ਟੋਲ ਫਰੀ ਨੰਬਰ 9779100200 ਉਪਰ ਇਤਲਾਹ ਦਿਓ, ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਨਸ਼ਾ ਵੇਚਣ ਵਾਲੇ ਵਿਰੁੱਧ ਪੁਲਿਸ ਸਖਤ ਐਕਸ਼ਨ ਲਵੇਗੀ।
ਇਸ ਮੌਕੇ ਸਿਹਤ ਵਿਭਾਗ ਦੇ ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਤੋਂ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ ਮਜ਼ਬੂਤ ਇਰਾਦੇ ਨਾਲ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਥੇ ਨਸ਼ੇ ਦਾ ਸੇਵਨ ਕਰ ਰਹੇ ਵਿਅਕਤੀਆਂ ਦਾ ਓ.ਓ.ਏ.ਟੀ. ਕਲੀਨਿਕਾਂ ਵਿੱਚ ਮੁਫ਼ਤ ਦਵਾਈ ਦੇ ਕੇ ਅਤੇ ਕੌਂਸਲਿੰਗ ਕਰਕੇ ਇਲਾਜ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਦੇ ਮੁੜ ਵਸੇਬੇ ਲਈ ਮੋਹਾਲੀ ਦੇ ਸੈਕਟਰ 66 ਵਿਖੇ ਨਸ਼ਾ ਮੁਕਤੀ ਕੇਂਦਰ ਵਿੱਚ ਕਿੱਤਾ ਮੁਖੀ ਕੋਰਸ ਵੀ ਮੁਫ਼ਤ ਕਰਵਾਏ ਜਾ ਰਹੇ ਹਨ। ਇਸ ਨਾਲ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਕੇ ਆਤਮ ਨਿਰਭਰ ਬਣਨਗੇ ਅਤੇ ਸਮਾਜ ਦੀ ਮੁੱਖਧਾਰਾ ਦਾ ਹਿੱਸਾ ਬਣਨਗੇ। ਗੌਤਮ ਰਿਸ਼ੀ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਚਾਇਤਾਂ ਆਪਣੇ ਪਿੰਡਾਂ ਵਿੱਚ ਖੁਦ ਨਿਗਰਾਨੀ ਕਰਨ ਅਤੇ ਬਕਾਇਦਾ ਮਤੇ ਪਾਸ ਕਰਕੇ ਆਪਣੇ ਪਿੰਡ ਨੂੰ "ਨਸ਼ਾ ਮੁਕਤ ਪਿੰਡ" ਘੋਸ਼ਿਤ ਕਰਨ ਲਈ ਪਹਿਲਕਦਮੀ ਕਰਨ।
ਐਸ.ਐਚ.ਓ. ਘੜੂੰਆਂ ਬਲਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੂਰੀ ਪੰਜਾਬ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਹੁਣ ਨਸ਼ਾ ਮਾਫੀਆ ਜਾਂ ਤਸਕਰ ਪੰਜਾਬ ਦੀ ਜ਼ਮੀਨ 'ਤੇ ਬਖਸ਼ੇ ਨਹੀਂ ਜਾਣਗੇ। ਜਿੱਥੇ ਪਹਿਲਾਂ ਕਦੇ ਨਸ਼ੇ ਦੇ ਅੱਡਿਆਂ ਨੂੰ ਸਿਆਸੀ ਸਰਪ੍ਰਸਤੀ ਮਿਲਦੀ ਸੀ, ਅੱਜ ਉੱਥੇ ਬੁਲਡੋਜ਼ਰ ਚੱਲ ਰਹੇ ਹਨ। ਸਰਕਾਰ ਦਾ ਸੰਦੇਸ਼ ਬਿਲਕੁਲ ਸਾਫ ਹੈ-"ਜਾਂ ਤਾਂ ਨਸ਼ਾ ਛੱਡ ਦਿਓ, ਜਾ ਪੰਜਾਬ ਛੱਡ ਦਿਓ।" ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਬਾਹਰੋਂ ਪਿੰਡ ਵਿੱਚ ਨਸ਼ਾ ਵੇਚਣ ਆਉਂਦਾ ਹੈ, ਤਾਂ ਸਾਨੂੰ ਦੱਸੋ, ਅਸੀਂ ਤੁਰੰਤ ਕਾਰਵਾਈ ਕਰਾਂਗੇ। ਤੁਹਾਨੂੰ ਤਸਕਰਾਂ ਤੋਂ ਡਰਨ ਦੀ ਲੋੜ ਨਹੀਂ ਹੈ। ਤੁਹਾਡੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਭੰਡਾਰੀ ਨੇ ਸਰਕਾਰ ਦੀ ਇਸ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਸ਼ਾਸਨ ਨੂੰ ਹਰ ਤਰੀਕੇ ਨਾਲ ਸਹਿਯੋਗ ਕਰਨ ਦੀ ਗੱਲ ਆਖੀ।
ਇਸ ਮੌਕੇ ਸਕੂਲ ਵਿਦਿਆਰਥੀਆਂ ਸਹਿਜੋਤ ਕੌਰ, ਜੈਸਮੀਨ ਕੌਰ, ਮਨਪ੍ਰੀਤ ਸਿੰਘ, ਰਵਨੀਤ ਕੌਰ, ਪ੍ਰਭਜੋਤ ਕੌਰ, ਸਹਿਜੋਤ ਕੌਰ ਵਲੋਂ ਨਸ਼ਿਆਂ ਵਿਰੁੱਧ ਗੀਤ, ਕਵਿਤਾਵਾਂ ਤੇ ਭਾਸ਼ਣ ਰਾਹੀ ਜਾਗਰੂਕ ਕੀਤਾ।
ਇਸ ਮੌਕੇ ਹਰਪ੍ਰੀਤ ਸਿੰਘ ਭੰਡਾਰੀ ਸੀਨੀਅਰ ਵਾਇਸ ਪ੍ਰਧਾਨ ਘੜੂੰਆਂ, ਸੁਖਜੀਤ ਕੌਰ ਮੀਤ ਪ੍ਰਧਾਨ, ਪ੍ਰਿੰਸੀਪਲ ਹਰਜੀਤ ਕੌਰ ਗਿੱਲ, ਡਾ. ਹਰਿੰਦਰ ਸਿੰਘ ਹੈਡ ਟੀਚਰ, ਸਿਹਤ ਵਿਭਾਗ ਤੋਂ ਗੌਤਮ ਰਿਸ਼ੀ ਤੇ ਕੁਲਜੀਤ ਸਿੰਘ, ਜਗਤਾਰ ਸਿੰਘ ਘੜੂੰਆਂ ਐਮ ਸੀ, ਨਰਿੰਦਰਜੀਤ ਸਿੰਘ ਐਮਸੀ, ਇੰਦਰਜੀਤ ਸਿੰਘ ਐਮ ਸੀ, ਸ਼ਮਸ਼ੇਰ ਸਿੰਘ ਐਮ ਸੀ, ਨਿਰਪਾਲ ਸਿੰਘ ਮੰਡੇਰ, ਇੰਸਪੈਕਟਰ ਕਰਮਜੀਤ ਸਿੰਘ ਲੌਂਗੀਆ, ਸਕੂਲ ਅਧਿਆਪਕ, ਪਿੰਡ ਦੇ ਮੋਹਤਬਰ ਵਿਅਕਤੀ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।