ਕੁਲਜੀਤ ਰੰਧਾਵਾ ਵੱਲੋਂ ਲਾਲੜੂ ਇਲਾਕੇ ਦੇ ਪੰਜ ਸਕੂਲਾਂ ਵਿੱਚ 74 ਲੱਖ 56 ਹਜ਼ਾਰ 740 ਰੁਪਏ ਦੇ ਬੁਨਿਆਦੀ ਢਾਂਚੇ ਦੇ ਕੰਮਾਂ ਦਾ ਉਦਘਾਟਨ
- ਕਿਹਾ, ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸਕੂਲਾਂ ਨੂੰ ਦਿੱਤੀਆਂ ਜਾਣ ਵਾਲੀਆ ਅਤਿ-ਆਧੁਨਿਕ ਸਹੂਲਤਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ
ਹਰਜਿੰਦਰ ਸਿੰਘ ਭੱਟੀ
ਲਾਲੜੂ (ਐੱਸ.ਏ.ਐੱਸ ਨਗਰ) 22 ਮਈ, 2025: ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬੱਸੀ ਹਲਕੇ ਦੇ ਲਾਲੜੂ ਇਲਾਕੇ ਦੇ ਪੰਜ ਸਕੂਲਾਂ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 74 ਲੱਖ 56 ਹਜ਼ਾਰ 740 ਰੁਪਏ ਦੇ ਬੁਨਿਆਦੀ ਢਾਂਚੇ ਦੇ ਕੰਮਾਂ ਦਾ ਉਦਘਾਟਨ ਕਰ ਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਇਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਲਕਪੁਰ ਵਿੱਚ 14 ਲੱਖ 93 ਹਜਾਰ 540 ਰੁਪਏ ਦੀ ਲਾਗਤ ਨਾਲ (ਇਕ ਸਮਾਰਟ ਕਲਾਸ ਰੂਮ,ਚਾਰ ਕਮਰਿਆ ਦੀ ਮੁਰੰਮਤ ਤੇ ਹੋਰ) ਹੋਏ ਕੰਮਾਂ ਦਾ ਉਦਘਾਟਨ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਜੋਲਾ ਕਲਾਂ ਵਿੱਚ 19 ਲੱਖ 39 ਹਜਾਰ 200 ਰੁਪਏ ਦੀ ਲਾਗਤ ਨਾਲ (ਚਾਰਦੀਵਾਰੀ, ਦੋ ਸਮਾਰਟ ਕਲਾਸ ਰੂਮ ਤੇ ਹੋਰ) ਹੋਏ ਕੰਮਾਂ ਦਾ ਉਦਘਾਟਨ, ਸਰਕਾਰੀ ਹਾਈ ਸਮਾਰਟ ਸਕੂਲ ਪਿੰਡ ਜੋਲਾ ਕਲਾਂ ਵਿੱਚ 21 ਲੱਖ 15 ਹਜਾਰ ਦੀ ਲਾਗਤ ਨਾਲ (ਨਵੇਂ ਬਲਾਕ ਵਿੱਚ ਬਣੇ ਆਰਟ ਐਂਡ ਕ੍ਰਾਫਟ, ਲਾਇਬ੍ਰੇਰੀ) ਹੋਏ ਕੰਮਾਂ ਦਾ ਉਦਘਾਟਨ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕਸੌਲੀ ਵਿੱਚ 17 ਲੱਖ 9 ਹਜਾਰ ਦੀ ਲਾਗਤ ਨਾਲ (ਨਵੇਂ ਕਮਰੇ ਚਾਰਦੀਵਾਰੀ ਤੇ ਛੱਤ ਦੀ ਰਿਪੇਅਰ) ਹੋਏ ਕੰਮਾਂ ਦਾ ਉਦਘਾਟਨ ਅਤੇ ਅੱਜ ਦੇ ਆਖਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਧੀਰੇਮਾਜਰਾ ਵਿੱਚ 2 ਲੱਖ ਦੀ ਲਾਗਤ ਨਾਲ (ਚਾਰਦੀਵਾਰੀ)ਹੋਏ ਕੰਮਾਂ ਦਾ ਉਦਘਾਟਨ ਕਰਕੇ ਬੱਚਿਆ ਨੂੰ ਸਮਰਪਿਤ ਕੀਤੇ ਗਏ।
ਇਸ ਮੌਕੇ ੳਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਜਾਣ ਤੇ ਪਤਾ ਚਲਦਾ ਹੈ ਕਿ ਸਕੂਲਾਂ ਵਿੱਚ ਪਹਿਲਾਂ ਨਾਲੋਂ ਕਿੰਨਾ ਬਦਲਾਅ ਆ ਚੁੱਕਾ ਹੈ। ਹੁਣ ਪੰਜਾਬ ਦਾ ਕੋਈ ਵੀ ਸਰਕਾਰੀ ਸਕੂਲ ਅਜਿਹਾ ਨਹੀਂ ਹੈ, ਜਿਥੇ ਕੋਈ ਵਿਦਿਆਰਥੀ ਥੈਲੇ ਬੈਠ ਕੇ ਪੜ੍ਹਦੇ ਹੋਣ ਅਤੇ ਕੋਈ ਵੀ ਸਕੂਲ ਅਜਿਹਾ ਨਹੀਂ ਹੈ, ਜਿਥੇ ਚਾਰਦੀਵਾਰੀ ਨਾ ਹੋਵੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਅਤਿ-ਅਧੁਨਿਕ ਸਹੂਲਤਾਂ ਦਿੱਤੀਆ ਗਈਆ ਹਨ। ਉਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਬੁਨਿਆਦੀ ਢਾਂਚੇ ਦੀਆਂ ਵਧਾਈਆਂ ਦਿੰਦੇ ਹੋਏ ਭਰੋਸਾ ਦਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਨਤਕ ਖੇਤਰ ਦੀਆਂ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਮਿਆਰੀ ਅਤੇ ਉੱਚ ਗੁਣਵੱਤਾ ਵਾਲੀਆਂ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ।
ਇਸ ਮੌਕੇ ਇਹਨਾਂ ਸਕੂਲਾਂ ਦੇ ਵਿਦਿਆਰਥੀ, ਉਹਨਾਂ ਦੇ ਮਾਪੇ, ਅਧਿਆਪਕ, ਪੰਚ- ਸਰਪੰਚ ਅਤੇ ਇਲਾਕੇ ਦੇ ਮੋਹਤਬਰ ਸ਼ਾਮਿਲ ਸਨ।