ਐੱਸ.ਐੱਸ.ਪੀ. ਗੁਰਦਾਸਪੁਰ ਆਦਿੱਤਯ ਨੇ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ
- ਉੱਚੀ ਉਡਾਰੀ ਮਾਰਨ ਦੇ ਚਾਹਵਾਨ ਵਿਦਿਆਰਥੀਆਂ ਨੇ ਸਾਂਝੇ ਕੀਤੇ ਆਪਣੇ ਮਨ ਦੇ ਵਲਵਲੇ
ਰੋਹਿਤ ਗੁਪਤਾ
ਗੁਰਦਾਸਪੁਰ, 22 ਮਈ 2025 - ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ, ਆਈ.ਪੀ.ਐੱਸ. ਵੱਲੋਂ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਰਾਜੇਸ਼ ਸ਼ਰਮਾ ਵੀ ਮੌਜੂਦ ਸਨ।
ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ ਨੇ ਕਿਹਾ ਕਿ ਸਾਨੂੰ ਜੋ ਵੀ ਮੌਕੇ ਮਿਲੇ ਹਨ, ਉਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਕਿਉਂਕਿ ਹਰੇਕ ਬੱਚੇ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਜ਼ਰੂਰ ਛੁਪੀ ਹੁੰਦੀ ਹੈ, ਜਿਸ ਨੂੰ ਬਾਹਰ ਕੱਢਕੇ ਬੱਚੇ ਆਪਣੇ ਮਿਥੇ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ। ਸ੍ਰੀ ਆਦਿੱਤਯ ਨੇ ਆਪਣੇ ਵਿਦਿਆਰਥੀ ਹੋਣ ਤੋਂ ਲੈ ਕੇ ਆਈ.ਪੀ.ਐੱਸ. ਬਣਨ ਤੱਕ ਦੇ ਤਜ਼ਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਹੀ ਰਸਤੇ ਦੀ ਚੋਣ ਕਰਕੇ ਸਖ਼ਤ ਮਿਹਨਤ ਕਰਨ, ਅਨੁਸ਼ਾਸਨ 'ਚ ਰਹਿਣ, ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਸਮੇਂ ਦੇ ਪਾਬੰਦ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਹੀ ਰਸਤੇ ਦੀ ਚੋਣ ਕਿਸੇ ਵੀ ਵਿਅਕਤੀ ਨੂੰ ਉਸਦੀ ਮੰਜ਼ਿਲ ਤੱਕ ਲਾਜ਼ਮੀ ਪੁੱਜਦਾ ਕਰਦੀ ਹੈ। ਇਸ ਮੌਕੇ ਉਨ੍ਹਾਂ ਨੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੀ ਕਈ ਅਹਿਮ ਗੁਰ ਦੱਸੇ।
ਉੱਚੀ ਉਡਾਰੀ ਮਾਰਨ ਦੇ ਚਾਹਵਾਨ ਵਿਦਿਆਰਥੀਆਂ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਸ੍ਰੀ ਆਦਿੱਤਯ ਤੋਂ ਸਫ਼ਲਤਾ ਦੀਆਂ ਬਰੀਕੀਆਂ ਸਿੱਖੀਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਇਸ ਇਸ ਪ੍ਰੇਰਨਾਦਾਇਕ ਦੌਰੇ ਲਈ ਐੱਸ.ਐੱਸ.ਪੀ. ਗੁਰਦਾਸਪੁਰ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਵਿਦਿਆਰਥੀ ਇਸ ਪ੍ਰੇਰਨਾਦਾਇਕ ਦੌਰੇ ਦਾ ਭਰਪੂਰ ਲਾਭ ਉਠਾਉਣਗੇ।