ਸੁਲਤਾਨਪੁਰ ਲੋਧੀ ’ਚ ਸਿਆਸਤ ਦਾ ਅਨੋਖਾ ਕਾਰਨਾਮਾ: ਲਗਭਗ 300 ਮੀਟਰ ਸੜਕ, ਕੁਝ ਹੀ ਮਿੰਟਾਂ ਦੇ ਵਕਫ਼ੇ ’ਚ ਦੋ ਵਾਰ ਕੱਟਿਆ ਰਿਬਨ
‘ਆਪ’ ਅਤੇ ‘ਰਾਣਾ ਧੜੇ’ ਵਿਚਾਲੇ ਸਿਹਰਾ ਲੈਣ ਦੀ ਹੋੜ; ਸ਼ਹਿਰ ਦੀਆਂ ਸੱਥਾਂ ’ਚ ਛਿੜੀ ਖੁੰਡ-ਚਰਚਾ
ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ):
ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਦੀ ਦੌੜ ਉਸ ਵੇਲੇ ਹਾਸੋਹੀਣੀ ਅਤੇ ਚਰਚਾ ਦਾ ਵਿਸ਼ਾ ਬਣ ਗਈ, ਜਦੋਂ ਮਹਿਜ਼ ਲਗਭਗ 300 ਮੀਟਰ ਲੰਮੀ ਸੜਕ ਦਾ ਕੁਝ ਹੀ ਮਿੰਟਾਂ ਦੇ ਵਕਫ਼ੇ ਦੌਰਾਨ ਦੋ ਵੱਖ-ਵੱਖ ਧਿਰਾਂ ਵੱਲੋਂ ਉਦਘਾਟਨ ਕਰ ਦਿੱਤਾ ਗਿਆ। ਇੱਕੋ ਸੜਕ 'ਤੇ ਦੋ ਵਾਰ ਰਿਬਨ ਕੱਟੇ ਜਾਣ ਦਾ ਇਹ ਅਨੋਖਾ ਮਾਮਲਾ ਪੂਰੇ ਇਲਾਕੇ ਵਿੱਚ ਖ਼ੂਬ ਸੁਰਖ਼ੀਆਂ ਬਟੋਰ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 2 ਅਤੇ 3 ਵਿੱਚੋਂ ਗੁਜ਼ਰਦੀ ਇਹ ਸੜਕ ਸਿਵਲ ਹਸਪਤਾਲ, ਮੁਹੱਲਾ ਅਰੋੜਾ ਰਸਤਾ ਤੋਂ ਸ਼ੁਰੂ ਹੋ ਕੇ ਝਟਕਈਆ ਬਾਜ਼ਾਰ ਤੱਕ ਜਾਂਦੀ ਹੈ। ਲੰਮੇ ਸਮੇਂ ਤੋਂ ਖ਼ਸਤਾਹਾਲ ਪਈ ਇਸ ਕਰੀਬ 300 ਮੀਟਰ ਸੜਕ ਉੱਤੇ ਜਿਉਂ ਹੀ ਪ੍ਰੀਮਿਕਸ (ਲੁੱਕ-ਬੱਜਰੀ) ਕੰਕਰੀਟ ਪਾਉਣ ਦਾ ਕੰਮ ਸ਼ੁਰੂ ਹੋਇਆ, ਤਾਂ ਸਿਆਸੀ ਧਿਰਾਂ ਵਿੱਚ ਕ੍ਰੈਡਿਟ ਲੈਣ ਦੀ ਦੌੜ ਤੇਜ਼ ਹੋ ਗਈ।
ਪਹਿਲਾਂ ਨਗਰ ਕੌਂਸਲ ਦੀ ਪ੍ਰਧਾਨ ਸੰਦੀਪ ਕੌਰ ਚੀਮਾ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕਾਂ (ਰਾਣਾ ਧੜੇ) ਨੇ ਮੌਕੇ 'ਤੇ ਪਹੁੰਚ ਕੇ ਰਸਮੀ ਤੌਰ 'ਤੇ ਰਿਬਨ ਕੱਟ ਕੇ ਸੜਕ ਦਾ ਉਦਘਾਟਨ ਕੀਤਾ ਅਤੇ ਦਾਅਵਾ ਕੀਤਾ ਕਿ ਨਗਰ ਕੌਂਸਲ ਸ਼ਹਿਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪਰ ਅਜੇ ਇਸ ਸਮਾਗਮ ਨੂੰ ਖ਼ਤਮ ਹੋਇਆਂ ਕੁਝ ਹੀ ਮਿੰਟ ਬੀਤੇ ਸਨ ਕਿ ਦੂਜੇ ਪਾਸਿਓਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੋਰਚਾ ਸੰਭਾਲ ਲਿਆ। ‘ਆਪ’ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਵਾਰਡ ਨੰਬਰ 2 ਤੋਂ ਕੌਂਸਲਰ ਜਤਿੰਦਰ ਸੇਠੀ, ਦਿਨੇਸ਼ ਧੀਰ ਕੌਂਸਲਰ ਅਤੇ ਹੋਰ ਪਾਰਟੀ ਆਗੂਆਂ ਨੇ ਉਸੇ ਥਾਂ ਪਹੁੰਚ ਕੇ ਦੂਜੀ ਵਾਰ ਰਿਬਨ ਕੱਟ ਕੇ ਸੜਕ ਦਾ ਮੁੜ ਉਦਘਾਟਨ ਕਰ ਦਿੱਤਾ। ‘ਆਪ’ ਆਗੂਆਂ ਦਾ ਕਹਿਣਾ ਸੀ ਕਿ ਇਹ ਕੰਮ ਪੰਜਾਬ ਸਰਕਾਰ ਦੇ ਯਤਨਾਂ ਅਤੇ ਫ਼ੰਡਾਂ ਸਦਕਾ ਹੀ ਸੰਭਵ ਹੋਇਆ ਹੈ।
ਇੱਕੋ ਸੜਕ ਦੇ ਮਹਿਜ਼ 300 ਮੀਟਰ ਟੁਕੜੇ ਲਈ ਦੋਹਾਂ ਧੜਿਆਂ ਵੱਲੋਂ ਵਿਖਾਈ ਗਈ ਇਸ ਕਾਹਲ ਕਾਰਨ ਸ਼ਹਿਰ ਵਾਸੀਆਂ ਵਿੱਚ ਚਰਚਾ ਦਾ ਬਾਜ਼ਾਰ ਗਰਮ ਹੈ। ਸ਼ਹਿਰ ਦੀਆਂ ਸੱਥਾਂ ਅਤੇ ਦੁਕਾਨਾਂ 'ਤੇ ਲੋਕ ਵਿਅੰਗ ਕਸ ਰਹੇ ਹਨ ਕਿ ਨੇਤਾਵਾਂ ਨੂੰ ਕੰਮ ਦੀ ਗੁਣਵੱਤਾ ਅਤੇ ਟਿਕਾਊਪੁਣੇ ਦੀ ਥਾਂ ਸਿਰਫ਼ ਕੈਮਰੇ ਮੂਹਰੇ ਫ਼ੋਟੋਆਂ ਖਿਚਵਾਉਣ ਅਤੇ ਰਿਬਨ ਕੱਟਣ ਦੀ ਜ਼ਿਆਦਾ ਚਿੰਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਧਿਰਾਂ ਨੂੰ ਅਜਿਹੀ ਨੁਮਾਇਸ਼ੀ ਸਿਆਸਤ ਛੱਡ ਕੇ ਸ਼ਹਿਰ ਦੇ ਅਸਲ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
- Download Babushahi App
-
-