Crime Special: ਪੁਲਿਸ ਦੇ ਘਰ ਵਿੱਚ ਹੀ ਪੁਲਸੀਆ ਪ੍ਰਬੰਧਾਂ ਦੀਆਂ ਗੋਡਣੀਆਂ ਲੁਆਉਣ ਲੱਗੇ ਚੋਰ
ਅਸ਼ੋਕ ਵਰਮਾ
ਬਠਿੰਡਾ, 05 ਅਕਤੂਬਰ 2025 : ਬਠਿੰਡਾ ’ਚ ਚੋਰਾਂ ਦਾ ਰਾਜ ਇਸ ਕਦਰ ਕਾਇਮ ਹੋ ਗਿਆ ਹੈ। ਕਿ ਇੱਕ ਵੀ ਦਿਨ ਸੁੱਕਾ ਨਹੀਂ ਜਾਂਦਾ ਜਦੋਂ ਸ਼ਹਿਰ ’ਚ ਕਿਤੇ ਕੋਈ ਚੋਰੀ ਨਾ ਹੋਈ ਹੋਵੇ। ਖਾਸ ਤੌਰ ’ਤੇ ਛੱਤਾਂ ਉੱਪਰ ਲੱਗੇ ਏਸੀ ਯੂਨਿਟਾਂ ਦੀਆਂ ਪਾਈਪਾਂ ਤਾਂ ਚੋਰਾਂ ਦੇ ਨਿਸ਼ਾਨੇ ’ਤੇ ਆ ਗਈਆਂ ਹਨ। ਹਾਲ ਹੀ ਵਿੱਚਾਂ 3 ਚੋਰਾਂ ਅਤੇ ਦੋ ਕਬਾੜੀਆਂ ਨੂੰ ਫੜਕੇ ਪੁਲਿਸ ਅਜੇ ਆਪਣੀ ਪਿੱਠ ਹੀ ਥਾਪੜ ਰਹੀ ਸੀ ਕਿ ਚੋਰਾਂ ਨੇ ਲੰਘੇ ਸ਼ੁੱਕਰਵਾਰ ਇਕੱਠੀਆਂ 12 ਦੁਕਾਨਾਂ ’ਤੇ ਧਾਵਾ ਬੋਲਕੇ ਪੁਲਿਸ ਪ੍ਰਬੰਧਾਂ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ। ਦਲੇਰਾਨਾ ਢੰਗ ਨਾਲ ਕੀਤੀ ਇਸ ਚੋਰੀ ਨੇ ਨਾ ਸਿਰਫ ਸ਼ਹਿਰੀਆਂ ਨੂੰ ਉਂਗਲਾਂ ਟੁੱਕਣ ਲਾ ਦਿੱਤਾ, ਸਗੋਂ ਸ਼ਹਿਰ ਅੰਦਰ ਤਰਥੱਲੀ ਮਚਾ ਦਿੱਤੀ ਹੈ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਇੰੰਨ੍ਹਾਂ ’ਚ 7 ਦੁਕਾਨਾਂ ਉਹ ਹਨ ਜੋ ਪੁਲਿਸ ਚੌਂਕੀ ਤੋਂ ਦੂਰੀ ਮਹਿਜ ਕਰੀਬ 100 ਮੀਟਰ ਦੂਰ ਹਨ।
ਸ਼ਹਿਰ ’ਚ ਇੱਕ ਤੋਂ ਬਾਅਦ ਦੂਸਰੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਚੋਰਾਂ ਨੇ ਇੰਨ੍ਹਾਂ ਦੁਕਾਨਾਂ ਵਿਚ ਲੱਗੇ ਏਸੀਆਂ ਦੀਆਂ ਤਾਂਬੇ ਦੀਆਂ ਪਾਈਪਾਂ ਅਤੇ ਤਾਰਾਂ ਨੂੰ ਨਿਸ਼ਾਨਾ ਬਣਾਇਆ ਤੇ ਫਰਾਰ ਹੋ ਗਏ। ਇਸੇ ਤਰਾਂ ਹੀ ਪੁਲਿਸ ਤੋਂ ਬੇਡਰ ਚੋਰ ਫੌਜੀ ਚੌਂਕ ਕੋਲ ਸਪੇਅਰ ਪਾਰਟਸ ਵਾਲੀਆਂ 5 ਦੁਕਾਨਾਂ ਦੀਆਂ ਛੱਤ ਰਾਹੀਂ ਅੰਦਰ ਦਾਖਲ ਹੋਏ ਅਤੇ ਗੱਲਿਆਂ ’ਚ ਰੱਖੀ ਨਕਦੀ ਚੋਰੀ ਕਰ ਲਈ। ਦੁਕਾਨਦਾਰਾਂ ਨੂੰ ਵਾਰਦਾਤ ਦਾ ਸਵੇਰੇ ਦੁਕਾਨਾਂ ਖੋਹਲਣ ਤੋਂ ਬਾਅਦ ਪਤਾ ਲੱਗਿਆ । ਦੁਕਾਨਦਾਰਾਂ ਨੇ ਦੱਸਿਆ ਕਿ ਚੋਰ ਐਨੇ ਜਿਆਦਾ ਨਿਡਰ ਸਨ ਕਿ ਉਹ ਰਾਤ ਨੂੰ ਮਾਰਕੀਟ ਦੀਆਂ ਛੱਤਾਂ ’ਤੇ ਘੁੰਮਦੇ ਰਹੇ ਅਤੇ ਸੱਤਾਂ ਦੁਕਾਨਾਂ ਦੇ ਏਸੀਆਂ ’ਚ ਲਾਈਆਂ ਤਾਂਬੇ ਦੀਆਂ ਪਾਈਪਾਂ ਅਤੇ ਤਾਰਾਂ ਵੱਢਕੇ ਲੈ ਗਏ। ਸੁਭਾ ਜਦੋਂ ਉਨ੍ਹਾਂ ਨੇ ਏਸੀ ਚਲਾਏ ਤਾਂ ਠੰਢਕ ਨਾ ਹੋਣ ’ਤੇ ਉਨ੍ਹਾਂ ਨੇ ਜਾਕੇ ਦੇਖਿਆ ਕਿ ਪਾਈਪਾਂ ਗਾਇਬ ਹਨ ਅਤੇ ਏਸੀ ਦੇ ਕੰਪਰੈਸ਼ਰਾਂ ਚੋਂ ਗੈਸ ਨਿਕਲ ਗਈ ਹੈ।
ਦੁਕਾਨਦਾਰਾਂ ਦਾ ਕਹਿਣਾ ਸੀ ਕਿ ਪੁਲਿਸ ਚੌਂਕੀ ਬੱਸ ਅੱਡੇ ਵਿੱਚ ਹੈ ਜੋ 24 ਘੰਟੇ ਖੁੱਲ੍ਹਾ ਰਹਿੰਦਾ ਹੈ । ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਚੋਰ 7 ਦੁਕਾਨਾਂ ਨੂੰ ਨਿਸ਼ਾਨਾ ਬਣਾਕੇ ਸੁਰੱਖਿਅਤ ਭੱਜ ਗਏ ਅਤੇ ਇਸ ਵਾਰਦਾਤ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ । ਉਨ੍ਹਾਂ ਕਿਹਾ ਕਿ ਪੁਲਿਸ ਰਾਤ ਨੂੰ ਗਸ਼ਤ ਦੇ ਦਾਅਵੇ ਕਰਦੀ ਹੈ ਪਰ ਸ਼ਹਿਰ ਦੇ ਮੁੱਖ ਕੇਂਦਰ ’ਚ ਇਸ ਤਰਾਂ ਵਾਰਦਾਤ ਹੋਣੀ ਪੁਲਿਸ ਦੀ ਮੁਸਤੈਦੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਚੋਰੀ ਦੀ ਦੂਸਰੀ ਵੱਡੀ ਘਟਨਾ ਫੌਜੀ ਚੌਂਕ ਦੇ ਨਜ਼ਦੀਕ ਆਟੋ ਸਪੇਅਰ ਪਾਰਟ ਦੀਆਂ ਦੁਕਾਨਾਂ ’ਚ ਹੋਈ ਹੈ। ਚੋਰ ਛੱਤ ਦੇ ਰਸਤੇ ਪੰਜ ਦੁਕਾਨਾਂ ਦੇ ਅੰਦਰ ਦਾਖਲ ਹੋਏ ਅਤੇ ਗੱਲਿਆਂ ਦੀ ਫਰੋਲਾ ਫਰਾਲੀ ਕਰਕੇ ਨਕਦੀ ਚੋਰੀ ਕਰ ਲਈ। ਦੁਕਾਨਦਾਰਾਂ ਨੇ ਦੱਸਿਆ ਕਿ ਹਰ ਦੁਕਾਨ ਚੋਂ ਤਕਰੀਬਨ 10 ਤੋਂ 12 ਹਜ਼ਾਰ ਰੁਪਏ ਨਕਦ ਚੋਰੀ ਕੀਤੇ ਗਏ ਹਨ।
ਜਿਕਰਯੋਗ ਹੈ ਕਿ ਬਠਿੰਡਾ ਪੁਲਿਸ ਨੇ ਕੁੱਝ ਦਿਨ ਪਹਿਲਾਂ ਅਜਿਹੇ ਮਾਮਲਿਆਂ ’ਚ 3 ਚੋਰਾਂ ਅਤੇ ਦੋ ਕਬਾੜੀਆਂ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਸੀ। ਇਸ ਗਿਰੋਹ ਨੇ ਦੋ ਵਾਰਦਾਤਾਂ ਕਬੂਲ ਕੀਤੀਆਂ ਸਨ ਜਦੋਂਕਿ ਪਿਛਲੇ ਦਿਨੀਂ ਹੋਰ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੰਨ੍ਹਾਂ ਚੋਂ ਚਾਰ ਤਾਂ ਅਜੇ ਵੀ ਅਣਸੁਲਝੇ ਹਨ। ਇਨ੍ਹਾਂ ਵਿੱਚ 16 ਤੋਂ 17 ਸਤੰਬਰ ਦੇ ਵਿਚਕਾਰ ਨਿਊ ਸ਼ਕਤੀ ਨਗਰ ਦੇ ਇੱਕ ਹੋਟਲ ਤੋਂ ਅੱਠ ਏਸੀਆਂ ਦੀਆਂ ਪਾਈਪਾਂ ਦੀ ਚੋਰੀ ਸ਼ਾਮਲ ਹੈ। ਇਸ ਤੋਂ ਇਲਾਵਾ, ਮੇਲਾ ਰਾਮ ਹਸਪਤਾਲ ਦੇ ਨੇੜੇ ਦੋ ਦੁਕਾਨਾਂ ਤੋਂ ਦੋ ਏਸੀ ਪਾਈਪ ਚੋਰੀ ਹੋ ਗਏ। ਇਸੇ ਤਰ੍ਹਾਂ ਗਊਸ਼ਾਲਾ ਮਾਰਕੀਟ ਵਿੱਚ ਛੇ ਏਸੀ ਦੀਆਂ ਪਾਈਪਾਂ ਕੱਟੀਆਂ ਗਈਆਂ ਸਨ। ਕਾਲਾ ਸਿੰਘ ਸਿੱਧੂ ਕਲੋਨੀ ਵਿੱਚ ਇੱਕ ਦੁਕਾਨ ਤੋਂ ਇੱਕ ਹੋਰ ਏਸੀ ਤਾਂਬੇ ਦੀ ਪਾਈਪ ਕੱਟ ਦਿੱਤੀ ਗਈ ਸੀ। ਇਨ੍ਹਾਂ ਚਾਰਾਂ ਘਟਨਾਵਾਂ ਦੇ ਦੋਸ਼ੀਆਂ ਦੀ ਅਜੇ ਤੱਕ ਪਛਾਣ ਜਾਂ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪੁਲਿਸ ਦੀ ਨੱਕ ਹੇਠ ਵਾਰਦਾਤਾਂ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਵਿਚਾਰਨਯੋਗ ਤਾਂ ਇਹ ਵੀ ਹੈ ਕਿ ਬੱਸਾ ਅੱਡਾ ਪੁਲਿਸ ਚੌਂਕੀ ਦੇ ਬਿਲਕੁਲ ਨਜ਼ਦੀਕ ਵਾਰਦਾਤ ਕਰਨ ਮੌਕੇ ਚੋਰਾਂ ਨੂੰ ਕਿਸੇ ਕਾਨੂੰਨ ਦਾ ਡਰ ਕਿਉਂ ਨਾ ਲੱਗਿਆ ਅਤੇ ਉਹ ਬੇਖੌਫ ਹੋਕੇ ਤਾਂਬੇ ਦੀਆਂ ਪਾਈਪਾਂ ਅਤੇ ਤਾਰਾਂ ਕਿਵੇਂ ਤੋੜਦੇ ਰਹੇ । ਫੌਜੀ ਚੌਂਕ ’ਚ ਦਰਵਾਜੇ ਟੁੱਟਣ ਦੀ ਉੱਚੀ ਅਵਾਜ਼ ‘ਉਸ’ ਪੁਲਿਸ ਨੂੰ ਕਿਉਂ ਸੁਣਾਈ ਨਾ ਦਿੱਤੀ ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਉਹ ਰਾਤ ਨੂੰ ਗਸ਼ਤ ਕਰਦੀ ਹੈ।
ਚੋਰਾਂ ਦੀ ਮਾਰ ਹੇਠ ਸ਼ਹਿਰ
ਨਾਗਰਿਕ ਚੇਤਨਾ ਮੰਚ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਹੁਣ ਪੂਰੀ ਤਰਾਂ ਚੋਰਾਂ ਅਤੇ ਲੁਟੇਰਿਆਂ ਦੀ ਮਾਰ ਹੇਠ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਆਏ ਦਿਨ ਚੋਰੀਆਂ ਆਮ ਜਿਹੀ ਗੱਲ ਬਣ ਗਈ ਹੈ ਪਰ ਪੁਲਿਸ ਗੂੜ੍ਹੀ ਨੀਂਦੇ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਤਾਂ ਆਮ ਆਦਮੀ ਦੀ ਜਾਨ ਮਾਲ ਦਾ ਤਾਂ ਰੱਬ ਹੀ ਰਾਖਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਲੋਕਾਂ ਨੂੰ ਚੋਰਾਂ ਦੀ ਦਹਿਸ਼ਤ ਤੋਂ ਨਿਜਾਤ ਦਿਵਾਉਣ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ।
ਐਸਐਸਪੀ ਨੇ ਫੋਨ ਨਹੀਂ ਚੁੱਕਿਆ
ਇਸ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸ਼ਨ ਦੀ ਰਣਨੀਤੀ ਅਤੇ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਐਸਐਸਪੀ ਸੁਹੇਲ ਕਾਸਮ ਮੀਰ ਨੇ ਫੋਨ ਨਹੀਂ ਚੁੱਕਿਆ।
- Download Babushahi App
-
-