ਨਗਰ ਕੌਂਸਲ ਦਫ਼ਤਰ ਦੇ ਤਾਲੇ ਨੇ ਭਖਾਈ ਸੁਲਤਾਨਪੁਰ ਲੋਧੀ ਦੀ ਸਿਆਸਤ
AAP ਕੌਂਸਲਰਾਂ ਦਾ ਤਿੱਖਾ ਵਿਰੋਧ—‘ਸਰਕਾਰੀ ਦਫ਼ਤਰ ਨੂੰ ਨਿੱਜੀ ਜਾਇਦਾਦ ਨਹੀਂ ਬਣਨ ਦੇਵਾਂਗੇ’; ਪ੍ਰਧਾਨ ਬੋਲੇ—ਸਰਕਾਰੀ ਦਸਤਾਵੇਜ਼ਾਂ ਦੀ ਸੁਰੱਖਿਆ ਲਈ ਲਾਇਆ ਸੀ ਤਾਲਾ
ਸੁਲਤਾਨਪੁਰ ਲੋਧੀ, 6 ਅਕਤੂਬਰ 2026(ਬਲਵਿੰਦਰ ਸਿੰਘ ਧਾਲੀਵਾਲ)—ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ। ਇੱਕ ਪਾਸੇ ਮੌਜੂਦਾ ਵਿਧਾਇਕ ਇੰਦਰ ਪ੍ਰਤਾਪ ਸਿੰਘ ਰਾਣਾ ਦੇ ਸਮਰਥਕਾਂ ਦਾ ਆਜ਼ਾਦ ਗਰੁੱਪ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਜੁੜੇ ਕੌਂਸਲਰਾਂ ਵਿਚਾਲੇ ਚੱਲ ਰਹੀ ਖਿੱਚੋਤਾਣ ਹੁਣ ਨਗਰ ਕੌਂਸਲ ਦਫ਼ਤਰ ਤੱਕ ਪਹੁੰਚ ਗਈ ਹੈ।
ਅੱਜ ਆਮ ਆਦਮੀ ਪਾਰਟੀ ਨਾਲ ਸਬੰਧਤ ਚੁਣੇ ਹੋਏ ਕੌਂਸਲਰ ਰਜੀਵ ਧੀਰ, ਜਤਿੰਦਰ ਸੇਠੀ, ਦਿਨੇਸ਼ ਧੀਰ ਅਤੇ ਹੋਰ ਕੌਂਸਲਰ ਨਗਰ ਕੌਂਸਲ ਦਫ਼ਤਰ ਪਹੁੰਚੇ ਤਾਂ ਪ੍ਰਧਾਨ ਦੇ ਦਫ਼ਤਰ ਨੂੰ ਤਾਲਾ ਲੱਗਾ ਦੇਖ ਕੇ ਭੜਕ ਗਏ। ਕੌਂਸਲਰਾਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਵਿੱਚ ਪ੍ਰਧਾਨ ਦਾ ਦਫ਼ਤਰ ਹੀ ਹਾਊਸ ਦੀਆਂ ਮੀਟਿੰਗਾਂ ਲਈ ਵਰਤਿਆ ਜਾਂਦਾ ਹੈ ਅਤੇ ਉਹ ਉੱਥੇ ਮੀਟਿੰਗ ਕਰਨ ਲਈ ਪਹੁੰਚੇ ਸਨ।
ਕੌਂਸਲਰਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਦਾ ਦਫ਼ਤਰ ਕਈ-ਕਈ ਦਿਨ ਬੰਦ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਰਕਾਰੀ ਦਫ਼ਤਰ ਨੂੰ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਬਣਨ ਦਿੱਤਾ ਜਾਵੇਗਾ।
ਕੌਂਸਲਰਾਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਵੀ ਇਸ ਸਬੰਧੀ ਬੇਨਤੀ ਕਰ ਚੁੱਕੇ ਹਨ ਅਤੇ ਹੁਣ ਇਸ ਨੂੰ ਉਨ੍ਹਾਂ ਦੀ ‘ਪਹਿਲੀ ਤੇ ਆਖਰੀ ਚੇਤਾਵਨੀ’ ਸਮਝਿਆ ਜਾਵੇ।
ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਕਿਹਾ ਕਿ ਨਗਰ ਕੌਂਸਲ ਵਿੱਚ ਹਾਊਸ ਦੀਆਂ ਮੀਟਿੰਗਾਂ ਲਈ ਕੋਈ ਵੱਖਰਾ ਮੀਟਿੰਗ ਹਾਲ ਨਹੀਂ ਹੈ। ਜਿਸ ਕਮਰੇ ਵਿੱਚ ਹਾਊਸ ਦੀਆਂ ਮੀਟਿੰਗਾਂ ਹੁੰਦੀਆਂ ਹਨ, ਉਹੀ ਉਨ੍ਹਾਂ ਦਾ ਦਫ਼ਤਰ ਹੈ।
ਉਨ੍ਹਾਂ ਕਿਹਾ ਕਿ ਉਹ ਇੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਲਈ ਗਈ ਹੋਈ ਸੀ ਅਤੇ ਦਫ਼ਤਰ ਵਿੱਚ ਕਈ ਅਧਿਕਾਰਤ ਤੇ ਸਰਕਾਰੀ ਦਸਤਾਵੇਜ਼ ਪਏ ਰਹਿੰਦੇ ਹਨ। ਇਸ ਲਈ ਦਫ਼ਤਰ ਨੂੰ ਖੁੱਲ੍ਹਾ ਛੱਡਣਾ ਉਚਿਤ ਨਹੀਂ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਤਾਲਾ ਲਾਇਆ ਗਿਆ ਸੀ।
ਤਾਲੇ ਤੋਂ ਸ਼ੁਰੂ ਹੋਇਆ ਵਿਵਾਦ ਕਿੱਥੇ ਜਾ ਕੇ ਰੁਕੇਗਾ?
ਨਗਰ ਕੌਂਸਲ ਦਫ਼ਤਰ ਦੇ ਇੱਕ ਤਾਲੇ ਨੇ ਸੁਲਤਾਨਪੁਰ ਲੋਧੀ ਦੀ ਪਹਿਲਾਂ ਹੀ ਭਖੀ ਹੋਈ ਸਿਆਸਤ ਨੂੰ ਹੋਰ ਗਰਮਾ ਦਿੱਤਾ ਹੈ। ਇੱਕ ਪਾਸੇ ਕੌਂਸਲਰ ਸਰਕਾਰੀ ਦਫ਼ਤਰ ਲੋਕਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਲਈ ਖੁੱਲ੍ਹਾ ਰੱਖਣ ਦੀ ਮੰਗ ਕਰ ਰਹੇ ਹਨ, ਜਦਕਿ ਦੂਜੇ ਪਾਸੇ ਪ੍ਰਧਾਨ ਵੱਲੋਂ ਸਰਕਾਰੀ ਦਸਤਾਵੇਜ਼ਾਂ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਜਾ ਰਿਹਾ ਹੈ।
ਹੁਣ ਸਵਾਲ ਇਹ ਹੈ ਕਿ ਨਗਰ ਕੌਂਸਲ ਦਾ ਇਹ ਤਾਲਾ ਸਿਰਫ਼ ਇੱਕ ਕਮਰੇ ਦੇ ਦਰਵਾਜ਼ੇ ’ਤੇ ਲੱਗਿਆ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਇੱਕ ਹੋਰ ਵੱਡੇ ਟਕਰਾਅ ਦਾ ਰਾਹ ਖੋਲ੍ਹੇਗਾ?
- Download Babushahi App
-
-