ਕਾਂਗਰਸ ਦੀ ਨਵੀਂ ਲੀਡਰਸ਼ਿਪ 'ਤੇ ਅਮਨ ਅਰੋੜਾ ਦਾ ਤੰਜ਼: 'ਨਿਰਾਸ਼ਾ 'ਚ ਵਰਕਰ, ਸਮਝੌਤੇ ਵਾਲੇ ਚਿਹਰਿਆਂ ਨਾਲ ਨਹੀਂ ਚੱਲ ਸਕਦੀ ਰਾਜਨੀਤੀ'
Babushahi Network
ਚੰਡੀਗੜ੍ਹ, 5 ਅਕਤੂਬਰ 2026- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਨਵੀਂ ਲੀਡਰਸ਼ਿਪ ਦੀ ਚੋਣ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਅਮਨ ਅਰੋੜਾ ਨੇ ਕਾਂਗਰਸ ਪਾਰਟੀ ਦੀ ਅੰਦਰੂਨੀ ਸਥਿਤੀ 'ਤੇ ਬੋਲਦਿਆਂ ਕਿਹਾ ਕਿ ਇਸ ਵੇਲੇ ਕਾਂਗਰਸ ਦੇ ਆਮ ਵਰਕਰ ਪੂਰੀ ਤਰ੍ਹਾਂ ਮਾਯੂਸੀ ਅਤੇ ਨਿਰਾਸ਼ਾ ਦੇ ਆਲਮ ਵਿੱਚ ਹਨ, ਕਿਉਂਕਿ ਕਾਂਗਰਸ ਹਾਈਕਮਾਂਡ ਨੇ ਆਪਣੇ ਵਰਕਰਾਂ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਮੁਤਾਬਕ ਫੈਸਲੇ ਨਹੀਂ ਲਏ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਨਵੀਂ ਟੀਮ ਦੇ ਆਗਾਜ਼ 'ਤੇ ਕੋਈ ਉਤਸ਼ਾਹ ਨਹੀਂ ਦਿਸ ਰਿਹਾ ਅਤੇ ਹਰ ਪਾਸੇ ਮੁਕੰਮਲ ਖਾਮੋਸ਼ੀ ਛਾਈ ਹੋਈ ਹੈ।
ਉਨ੍ਹਾਂ ਵਿਜੇਇੰਦਰ ਸਿੰਗਲਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਾਲਾਂਕਿ ਉਹ ਵਿਰੋਧੀ ਪਾਰਟੀ ਦੇ ਆਗੂ ਹਨ ਅਤੇ ਸਤਿਕਾਰਯੋਗ ਹਨ, ਪਰ ਮਾਲਵਾ ਅਤੇ ਸੰਗਰੂਰ ਦੇ ਲੋਕਾਂ ਦੀ ਦਿਲੀ ਇੱਛਾ ਸੀ ਕਿ ਜੇਕਰ ਉਨ੍ਹਾਂ ਦੇ ਇਲਾਕੇ ਦਾ ਕੋਈ ਆਗੂ ਵੱਡੀ ਜ਼ਿੰਮੇਵਾਰੀ ਸੰਭਾਲਦਾ ਹੈ ਤਾਂ ਖੇਤਰ ਵਿੱਚ ਵਿਕਾਸ ਅਤੇ ਸ਼ਕਤੀ ਦਾ ਕੇਂਦਰ ਬਣਦਾ ਹੈ। ਪ੍ਰੰਤੂ ਕਾਂਗਰਸ ਹਾਈਕਮਾਂਡ ਨੇ ਐਨ ਮੌਕੇ 'ਤੇ ਵਿਜੇਇੰਦਰ ਸਿੰਗਲਾ ਨੂੰ ਪਾਸੇ ਕਰਕੇ ਸੰਗਰੂਰ ਅਤੇ ਮਾਲਵਾ ਖੇਤਰ ਨਾਲ ਵੱਡਾ ਧੋਖਾ ਕੀਤਾ ਹੈ।
ਅਰੋੜਾ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਸੀਨੀਅਰ ਆਗੂਆਂ (ਜਿਵੇਂ ਪ੍ਰਗਟ ਸਿੰਘ) ਨੂੰ ਮਿਲਣ ਦਾ ਸਮਾਂ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਇਹ ਮਹਿਜ਼ ਇੱਕ 'ਸਮਝੌਤੇ ਵਾਲਾ ਫੈਸਲਾ' ਹੈ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਦੋ ਧਿਰਾਂ ਦੀ ਲੜਾਈ ਵਿੱਚ ਕਿਸੇ 'ਸਾਂਝੇ ਬਾਬੇ' ਨੂੰ ਪ੍ਰਧਾਨ ਬਣਾ ਕੇ ਚਾਰ ਮਹੀਨੇ ਲੰਘਾਏ ਜਾ ਸਕਦੇ ਹਨ, ਪਰ ਅਜਿਹੇ ਫੈਸਲਿਆਂ ਨਾਲ ਨਾ ਤਾਂ ਪਾਰਟੀਆਂ ਚੱਲਦੀਆਂ ਹਨ ਅਤੇ ਨਾ ਹੀ ਸੂਬੇ ਦਾ ਭਲਾ ਹੋ ਸਕਦਾ ਹੈ।
- Download Babushahi App
-
-