ਪੰਜਾਬ ਨੂੰ ਸਿਆਸੀ ਮੋਹਰਿਆਂ ਦੀ ਨਹੀਂ, ਆਪਣੇ ਹੱਕਾਂ ਦੀ ਲੜਾਈ ਦੀ ਲੋੜ: ਅਜੇਪਾਲ ਸਿੰਘ ਬਰਾੜ
ਮੌਹਾਲੀ 6 ਅਕਤੂਬਰ,2026
ਸਰਦਾਰ ਅਜੇਪਾਲ ਸਿੰਘ ਬਰਾੜ ਪ੍ਰਧਾਨ ਮਿਸਲ ਸਤਲੁਜ ਪਾਰਟੀ ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਪੰਜਾਬ ਨੂੰ ਸੀਟਾਂ, ਕੁਰਸੀਆਂ ਅਤੇ ਸੱਤਾ ਦੀਆਂ ਛੋਟੀਆਂ-ਛੋਟੀਆਂ ਸਿਆਸੀ ਖੇਡਾਂ ਵਿੱਚ ਉਲਝਾ ਕੇ ਇਸ ਦੇ ਅਸਲ ਮੁੱਦਿਆਂ ਤੋਂ ਧਿਆਨ ਨਹੀਂ ਭਟਕਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਕਿਸੇ ਵੀ ਸਿਆਸੀ ਧਿਰ ਦਾ ਮੋਹਰਾ ਬਣਨ ਲਈ ਤਿਆਰ ਨਹੀਂ,ਪੰਜਾਬ ਦੇ ਲੋਕ ਆਪਣੇ ਸੰਵਿਧਾਨਕ ਹੱਕਾਂ, ਸਰੋਤਾਂ, ਪਾਣੀਆਂ, ਆਰਥਿਕ ਹਿੱਤਾਂ, ਸਨਮਾਨ ਅਤੇ ਭਵਿੱਖ ਲਈ ਫੈਸਲਾਕੁੰਨ ਲੜਾਈ ਲੜਨ ਦਾ ਮਨ ਬਣਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਜਿਸ ਪੰਜਾਬ ਨੇ ਦੇਸ਼ ਦਾ ਅੰਨ ਭੰਡਾਰ ਵਿਚ ਵਡਮੁੱਲਾ ਯੋਗਦਾਨ ਪਾਇਆ,ਸਰਹੱਦਾਂ ਦੀ ਰਾਖੀ ਕੀਤੀ ਅਤੇ ਦੇਸ਼ ਵਿੱਚ ਹਰ ਕੌਮੀ ਸੰਕਟ ਵਿੱਚ ਅੱਗੇ ਹੋ ਕੇ ਜ਼ਿੰਮੇਂਵਾਰੀ ਵੀ ਨਿਭਾਈ। ਉਨ੍ਹਾਂ ਕਿਹਾ ਕਿ ਉਸੇ ਪੰਜਾਬ ਨੂੰ ਅੱਜ ਆਪਣੇ ਹੱਕਾਂ ਲਈ ਵਾਰ-ਵਾਰ ਕਿਉਂ ਸੰਘਰਸ਼ ਕਰਨਾ ਪੈ ਰਿਹਾ ਹੈ? ਇਹ ਸਿਰਫ਼ ਇੱਕ ਸਵਾਲ ਨਹੀਂ, ਸਗੋਂ ਪੰਜਾਬ ਦੀਆਂ ਲਗਾਤਾਰ ਅਣਦੇਖੀਆਂ ਅਤੇ ਰਾਜਨੀਤਿਕ ਬੇਇਨਸਾਫ਼ੀਆਂ ’ਤੇ ਗੰਭੀਰ ਇਲਜ਼ਾਮ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਹੱਕਾਂ ਨੂੰ ਚੋਣੀ ਵਾਅਦਿਆਂ, ਭਾਸ਼ਣਾਂ ਅਤੇ ਸਿਆਸੀ ਸੌਦੇਬਾਜ਼ੀ ਦੀ ਭੇਂਟ ਨਹੀਂ ਚੜ੍ਹਨ ਦਿੱਤਾ ਜਾਵੇਗਾ।
ਮਿਸਲ ਸਤਲੁਜ ਪਾਰਟੀ ਵੱਲੋਂ ਕਾਨੂੰਨੀ ਅਤੇ ਸੰਵਿਧਾਨਕ ਮਾਹਿਰਾਂ ਨਾਲ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਲਗਭਗ ਇੱਕ ਸਾਲ ਦੀ ਮਿਹਨਤ ਨਾਲ ਆਰਟੀਕਲ 371 ਐਲ (Article 371L) ਸਬੰਧੀ ਖਰੜਾ ਤਿਆਰ ਕੀਤਾ ਗਿਆ ਹੈ। ਇਹ ਕੋਈ ਖੋਖਲਾ ਸਿਆਸੀ ਨਾਅਰਾ ਜਾਂ ਚੋਣੀ ਦਸਤਾਵੇਜ਼ ਨਹੀਂ, ਬਲਕਿ ਪੰਜਾਬ ਦੇ ਹੱਕਾਂ ਅਤੇ ਭਵਿੱਖ ਨੂੰ ਸੰਵਿਧਾਨਕ ਪੱਧਰ ’ਤੇ ਮਜ਼ਬੂਤੀ ਨਾਲ ਰੱਖਣ ਦੀ ਇੱਕ ਗੰਭੀਰ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ 1 ਨਵੰਬਰ, ਪੰਜਾਬ ਦਿਵਸ ਦੇ ਮੌਕੇ ’ਤੇ ਇਹ ਖਰੜਾ ਪੰਜਾਬੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਦੇ ਲੋਕ ਇਸ ਨੂੰ ਪੜ੍ਹਨਗੇ, ਪਰਖਣਗੇ, ਆਪਣੀ ਰਾਏ ਦੇਣਗੇ ਅਤੇ ਤੈਅ ਕਰਨਗੇ ਕਿ ਪੰਜਾਬ ਦੇ ਭਵਿੱਖ ਦੀ ਦਿਸ਼ਾ ਕੌਣ ਨਿਰਧਾਰਤ ਕਰੇਗਾ—ਦਿੱਲੀ ਦੇ ਸਿਆਸੀ ਗਲਿਆਰੇ, ਮੌਕਾਪ੍ਰਸਤ ਆਗੂ ਜਾਂ ਪੰਜਾਬ ਦੇ ਲੋਕ ਖੁਦ।
ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪਾਰਟੀ ਪੰਜਾਬ ਦੀਆਂ ਸਾਰੀਆਂ ਸਿਆਸੀ ਅਤੇ ਸਮਾਜਿਕ ਧਿਰਾਂ ਨੂੰ ਸਪਸ਼ਟ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਮੁੱਦਿਆਂ ’ਤੇ ਹੁਣ ਨਿੱਜੀ ਲਾਭ, ਪਾਰਟੀ ਹਿੱਤ ਅਤੇ ਕੁਰਸੀ ਦੀ ਰਾਜਨੀਤੀ ਨਹੀਂ ਚੱਲੇਗੀ। ਜਿਹੜੀ ਵੀ ਧਿਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ, ਉਸ ਨੂੰ ਨਾਅਰਿਆਂ ਤੋਂ ਅੱਗੇ ਵਧ ਕੇ ਨੀਤੀ, ਸੰਵਿਧਾਨਕ ਅਧਿਕਾਰਾਂ ਅਤੇ ਲੰਬੇ ਸਮੇਂ ਦੀ ਦਿਸ਼ਾ ਬਾਰੇ ਆਪਣਾ ਸਪਸ਼ਟ ਮਤ ਪੇਸ਼ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਵੰਡਣ ਵਾਲੀ ਰਾਜਨੀਤੀ ਨਹੀਂ, ਜੋੜਨ ਵਾਲੀ ਸੋਚ ਚਾਹੀਦੀ ਹੈ; ਖੋਖਲੇ ਵਾਅਦੇ ਨਹੀਂ, ਹੱਕਾਂ ਦੀ ਪੱਕੀ ਗਾਰੰਟੀ ਚਾਹੀਦੀ ਹੈ; ਅਤੇ ਸੱਤਾ ਦੀ ਭੁੱਖ ਨਹੀਂ, ਪੰਜਾਬ ਦੇ ਭਵਿੱਖ ਲਈ ਇਮਾਨਦਾਰ ਸੰਘਰਸ਼ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਆਸੀ ਤੌਰ ’ਤੇ ਖੇਰੂ-ਖੇਰੂ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪਾਰਟੀ ਪੰਜਾਬ ਦੇ ਸੰਵਿਧਾਨਕ ਹੱਕਾਂ, ਸਰੋਤਾਂ, ਸਨਮਾਨ ਅਤੇ ਭਵਿੱਖ ਲਈ ਲੋਕਤਾਂਤਰਿਕ, ਸ਼ਾਂਤਮਈ ਪਰ ਪੂਰੀ ਦ੍ਰਿੜਤਾ ਨਾਲ ਲੜਾਈ ਲੜੇਗੀ। ਹੁਣ ਫੈਸਲਾ ਪੰਜਾਬ ਦੇ ਲੋਕ ਕਰਨਗੇ—ਪੰਜਾਬ ਦੀ ਸਿਆਸਤ ਦਾ ਏਜੰਡਾ ਵੀ ਅਤੇ ਪੰਜਾਬ ਦੇ ਭਵਿੱਖ ਦੀ ਦਿਸ਼ਾ ਵੀ।
- Download Babushahi App
-
-