ਬਹਿਰੀਨ ਵਾਲੀ ਬੀਬੀ ਮਾਮਲੇ 'ਚ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਖ਼ੁਲਾਸਾ: ਸਰਾਵਾਂ ਦੇ ਰਜਿਸਟਰਾਂ ਦੇ ਰਿਕਾਰਡ ਕੀਤੇ ਨਸ਼ਰ
ਕਿਹਾ- ਵਿਰੋਧੀਆਂ ਦਾ 6 ਮਹੀਨੇ ਲਗਾਤਾਰ ਠਹਿਰਨ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ
ਅੰਮ੍ਰਿਤਸਰ, 6 ਅਕਤੂਬਰ, 2026: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇੱਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕਰਕੇ ਚਰਚਿਤ 'ਬਹਿਰੀਨ ਵਾਲੀ ਬੀਬੀ' ਨਾਲ ਜੁੜੇ ਮਾਮਲੇ ਵਿੱਚ ਕਈ ਅਹਿਮ ਤੱਥਾਂ ਦਾ ਖ਼ੁਲਾਸਾ ਕੀਤਾ ਹੈ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਵੱਖ-ਵੱਖ ਸਰਾਵਾਂ ਦੇ ਅਸਲ ਰਜਿਸਟਰਾਂ ਦੀਆਂ ਐਂਟਰੀਆਂ ਮੀਡੀਆ ਸਾਹਮਣੇ ਪੇਸ਼ ਕਰਦਿਆਂ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਨਕਾਰਿਆ। ਧਾਮੀ ਨੇ ਸਪੱਸ਼ਟ ਕੀਤਾ ਕਿ ਵਿਰੋਧੀ ਧਿਰਾਂ ਦਾ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਹੈ ਕਿ ਉਕਤ ਔਰਤ ਲਗਾਤਾਰ 6 ਮਹੀਨੇ ਸ੍ਰੀ ਦਰਬਾਰ ਸਾਹਿਬ ਜਾਂ ਹੋਰ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਵਿੱਚ ਠਹਿਰੀ ਰਹੀ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਰਜਿਸਟਰ ਦਿਖਾਉਂਦਿਆਂ ਐਡਵੋਕੇਟ ਧਾਮੀ ਨੇ ਤਾਰੀਖ਼ਵਾਰ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿਖੇ ਵੱਖ-ਵੱਖ ਸਮਿਆਂ 'ਤੇ ਕਮਰਾ ਨੰਬਰ 38, 36 ਅਤੇ 20 ਵਿੱਚ ਇਹ ਬੀਬੀ ਛੋਟੇ-ਛੋਟੇ ਵਕਫ਼ਿਆਂ ਲਈ ਠਹਿਰੀ, ਜਿਸ ਵਿੱਚ 7 ਤੋਂ 9 ਦਸੰਬਰ, 9 ਤੋਂ 11 ਦਸੰਬਰ, 9 ਤੋਂ 21 ਦਸੰਬਰ, 28 ਤੋਂ 29 ਦਸੰਬਰ, 30 ਦਸੰਬਰ ਤੋਂ 1 ਜਨਵਰੀ, 22 ਤੋਂ 24 ਜਨਵਰੀ ਅਤੇ 1 ਤੋਂ 4 ਫਰਵਰੀ ਤੱਕ ਦੀਆਂ ਐਂਟਰੀਆਂ ਸ਼ਾਮਲ ਹਨ।
ਇਨ੍ਹਾਂ ਮੌਕਿਆਂ 'ਤੇ 1,000 ਤੋਂ 1,500 ਰੁਪਏ ਤੱਕ ਦਾ ਬਕਾਇਦਾ ਕਿਰਾਇਆ ਜਮ੍ਹਾਂ ਕਰਵਾਇਆ ਗਿਆ ਅਤੇ ਰਜਿਸਟਰ ਵਿੱਚ 2 ਤੋਂ ਲੈ ਕੇ 7 ਵਿਅਕਤੀਆਂ ਦੀ ਮੌਜੂਦਗੀ ਦਾ ਰਿਕਾਰਡ ਦਰਜ ਹੈ। ਇਸ ਤੋਂ ਇਲਾਵਾ, ਗੁਰਦੁਆਰਾ ਅੰਬ ਸਾਹਿਬ ਮੋਹਾਲੀ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਸਰਾਂ ਵਿੱਚ ਵੀ ਮਾਰਚ, ਅਪ੍ਰੈਲ, ਜੂਨ ਅਤੇ ਜੁਲਾਈ ਮਹੀਨਿਆਂ ਦੌਰਾਨ ਮਹਿਜ਼ 1-2 ਦਿਨਾਂ ਦੀਆਂ ਹੀ ਵੱਖ-ਵੱਖ ਐਂਟਰੀਆਂ ਹਨ।
ਧਾਮੀ ਨੇ ਆਖਿਆ ਕਿ ਸਾਰਾ ਵੇਰਵਾ ਨਿਯਮਾਂ ਅਨੁਸਾਰ ਤੈਅ ਕਿਰਾਇਆ ਅਦਾ ਕਰਕੇ ਰਹਿਣ ਦਾ ਹੈ ਅਤੇ ਕੋਈ ਵੀ ਸ਼ਰਧਾਲੂ ਨਿਯਮਾਂ ਅਨੁਸਾਰ ਉੱਥੇ ਰਹਿ ਸਕਦਾ ਹੈ। ਇਹ ਸਾਰੇ ਅਸਲ ਰਿਕਾਰਡ ਅਤੇ ਰਜਿਸਟਰਾਂ ਦੀਆਂ ਕਾਪੀਆਂ ਪੁਲਿਸ ਨੂੰ ਵੀ ਸੌਂਪ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਛੇ ਮਹੀਨੇ ਲਗਾਤਾਰ ਰਹਿਣ ਦੇ ਲਗਾਏ ਜਾ ਰਹੇ ਦੋਸ਼ ਪੜਤਾਲ ਤੋਂ ਬਾਅਦ ਪੂਰੀ ਤਰ੍ਹਾਂ ਖਾਰਜ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਲਿਆਉਣ ਲਈ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਸਾਰੇ ਸੂਤਰਧਾਰਾਂ ਤੇ ਤੱਥਾਂ ਨੂੰ ਸੰਗਤ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ।
- Download Babushahi App
-
-