ਚੋਣ ਕਮਿਸ਼ਨ ਖ਼ਿਲਾਫ਼ 'ਇੰਡੀਆ' ਗਠਜੋੜ ਦਾ ਹੱਲਾਬੋਲ- ਰਾਹੁਲ, ਪ੍ਰਿਯੰਕਾ ਤੇ ਅਖਿਲੇਸ਼ ਸੜਕ 'ਤੇ ਬੈਠੇ
CEC ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 6 ਅਕਤੂਬਰ, 2026: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਰੋਧੀ ਧਿਰਾਂ ਦੇ 'ਇੰਡੀਆ' (INDIA) ਗਠਜੋੜ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸੰਸਦ ਭਵਨ ਤੋਂ ਚੋਣ ਭਵਨ ਵੱਲ ਇੱਕ ਵੱਡਾ ਰੋਸ ਮਾਰਚ ਕੱਢਿਆ। ਸੰਸਦ ਦੇ ਮਕਰ ਗੇਟ ਤੋਂ ਸ਼ੁਰੂ ਹੋਏ ਇਸ ਮਾਰਚ ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਸਮੇਤ ਕਈ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸ਼ਿਰਕਤ ਕੀਤੀ। ਸੰਸਦ ਤੋਂ ਲਗਭਗ 500 ਮੀਟਰ ਦੂਰ ਆਕਾਸ਼ਵਾਣੀ ਭਵਨ ਨੇੜੇ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡਾਂ ਦੇ ਸਾਹਮਣੇ ਕਾਂਗਰਸ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਐੱਨਸੀਪੀ ਆਗੂ ਸੁਪ੍ਰੀਆ ਸੁਲੇ ਸਮੇਤ ਸਾਰੇ ਪ੍ਰਮੁੱਖ ਨੇਤਾ ਭਾਰੀ ਗਰਮੀ ਦੇ ਬਾਵਜੂਦ ਸੜਕ 'ਤੇ ਧਰਨੇ 'ਤੇ ਬੈਠ ਗਏ।ਇਸ ਪ੍ਰਦਰਸ਼ਨ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੇ "ਵੋਟ ਚੋਰ, ਗੱਦੀ ਛੱਡੋ" ਦੇ ਨਾਅਰੇ ਲਗਾਏ। ਮੌਕੇ 'ਤੇ ਤਨਾਅਪੂਰਨ ਸਥਿਤੀ ਨੂੰ ਦੇਖਦਿਆਂ ਦਿੱਲੀ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ (RAF) ਦੇ ਜਵਾਨ ਤਾਇਨਾਤ ਕੀਤੇ ਗਏ ਹਨ, ਜਦਕਿ ਡਰੋਨ ਰਾਹੀਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
ਪ੍ਰਦਰਸ਼ਨ ਦੌਰਾਨ ਸਮਾਜਵਾਦੀ ਪਾਰਟੀ ਦੇ ਕਈ ਸੰਸਦ ਮੈਂਬਰ ਪੁਲਿਸ ਬੈਰੀਕੇਡਾਂ 'ਤੇ ਚੜ੍ਹ ਗਏ, ਜਿਸ ਤੋਂ ਬਾਅਦ ਪੁਲਿਸ ਵੱਲੋਂ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਤਿਆਰੀਆਂ ਵੀ ਦੇਖਣ ਨੂੰ ਮਿਲੀਆਂ।ਕਾਂਗਰਸ ਦੇ ਸੰਸਦ ਮੈਂਬਰ ਡਾ. ਸਈਦ ਨਾਸਿਰ ਹੁਸੈਨ ਅਤੇ ਪਵਨ ਖੇੜਾ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਤੁਰੰਤ ਅਸਤੀਫ਼ਾ, ਐੱਸਆਈਆਰ (SIR) ਪ੍ਰਕਿਰਿਆ ਨੂੰ ਰੱਦ ਕਰਨਾ, ਵੋਟਰ ਸੂਚੀ ਵਿੱਚੋਂ ਹਟਾਏ ਗਏ ਵੋਟਰਾਂ ਦੇ ਨਾਂ ਮੁੜ ਸ਼ਾਮਲ ਕਰਨਾ ਅਤੇ ਵੋਟਾਂ ਦੀ ਕਥਿਤ ਧਾਂਦਲੀ ਦੀ ਜਾਂਚ ਲਈ ਉੱਚ-ਪੱਧਰੀ ਕਮੇਟੀ ਦਾ ਗਠਨ ਕਰਨਾ ਸ਼ਾਮਲ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀ ਸਪੱਸ਼ਟ ਕੀਤਾ ਕਿ ਗਠਜੋੜ ਨਿਯਮਾਂ ਦੀ ਉਲੰਘਣਾ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖੇਗਾ।
- Download Babushahi App
-
-