ਪੰਜਾਬ ਦਾ ਸ਼ੇਰ, ਜਿਸ ਨੇ ਹਵਾ ਨੂੰ ਵੀ ਮਾਤ ਦਿੱਤੀ: ਅਰਪਿੰਦਰ ਸਿੰਘ ਦੀ ਸੰਘਰਸ਼ ਤੋਂ ਸੋਨੇ ਤੱਕ ਦੀ ਕਹਾਣੀ
ਸੁਖਮਿੰਦਰ ਭੰਗੂ
ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿੱਚ ਕੁਝ ਨਾਮ ਸਿਰਫ਼ ਰਿਕਾਰਡਾਂ ਕਰਕੇ ਨਹੀਂ, ਸਗੋਂ ਆਪਣੇ ਸੰਘਰਸ਼ ਕਰਕੇ ਯਾਦ ਰਹਿੰਦੇ ਹਨ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਹਰਸ਼ਾ ਛੀਨਾ ਨਾਲ ਸਬੰਧਤ ਟ੍ਰਿਪਲ ਜੰਪਰ ਅਰਪਿੰਦਰ ਸਿੰਘ ਵੀ ਅਜਿਹਾ ਹੀ ਨਾਮ ਹੈ। 30 ਦਸੰਬਰ 1992 ਨੂੰ ਜਨਮੇ ਅਰਪਿੰਦਰ ਨੇ ਗਰੀਬੀ, ਸੱਟਾਂ, ਨਾਕਾਮੀਆਂ ਅਤੇ ਕਰੀਅਰ ਦੇ ਔਖੇ ਦੌਰਾਂ ਨਾਲ ਜੂਝਦਿਆਂ ਉਹ ਮੁਕਾਮ ਹਾਸਲ ਕੀਤਾ, ਜਿਸ ਦਾ ਸੁਪਨਾ ਹਰ ਖਿਡਾਰੀ ਦੇਖਦਾ ਹੈ। ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ, ਕੌਮਾਂਤਰੀ ਪੱਧਰ ’ਤੇ ਤਗਮੇ ਅਤੇ ਰਾਸ਼ਟਰੀ ਰਿਕਾਰਡ—ਇਹ ਸਭ ਉਸ ਸਫ਼ਰ ਦੇ ਪੜਾਅ ਹਨ, ਜਿਸ ਦੀ ਨੀਂਹ ਇੱਕ ਸਧਾਰਨ ਪਰਿਵਾਰ ਦੇ ਅਸਾਧਾਰਣ ਤਿਆਗ ਨਾਲ ਰੱਖੀ ਗਈ।
ਅਰਪਿੰਦਰ ਦਾ ਬਚਪਨ ਕਿਸੇ ਖਾਸ ਸਹੂਲਤਾਂ ਵਾਲੇ ਪਰਿਵਾਰ ਵਿੱਚ ਨਹੀਂ ਬੀਤਿਆ। ਉਨ੍ਹਾਂ ਦੇ ਪਿਤਾ ਜਗਬੀਰ ਸਿੰਘ ਭਾਰਤੀ ਸੈਨਾ ਵਿੱਚ ਹਵਾਲਦਾਰ ਰਹੇ, ਜਦਕਿ ਮਾਤਾ ਹਰਮੀਤ ਕੌਰ ਘਰੇਲੂ ਔਰਤ ਸਨ। ਪਿਤਾ ਨੂੰ ਕਬੱਡੀ ਅਤੇ ਹਾਕੀ ਨਾਲ ਪਿਆਰ ਸੀ ਅਤੇ ਉਨ੍ਹਾਂ ਨੇ ਹੀ ਪੁੱਤਰ ਨੂੰ ਖੇਡਾਂ ਨਾਲ ਜੋੜਿਆ। ਸਵੇਰੇ ਪੰਜ ਵਜੇ ਉੱਠ ਕੇ ਦੌੜਨਾ ਅਰਪਿੰਦਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ। ਨੌਂ ਸਾਲ ਦੀ ਉਮਰ ਵਿੱਚ ਉਹ ਸਕੂਲ ਪੱਧਰ ’ਤੇ 100, 200 ਅਤੇ 300 ਮੀਟਰ ਦੌੜਾਂ ਦੇ ਨਾਲ ਲੰਬੀ ਛਾਲ ਵਿੱਚ ਵੀ ਹਿੱਸਾ ਲੈਣ ਲੱਗ ਪਏ ਸਨ।
ਪਰ ਖੇਡਾਂ ਵਿੱਚ ਅੱਗੇ ਵਧਣਾ ਸਿਰਫ਼ ਜਜ਼ਬੇ ਨਾਲ ਸੰਭਵ ਨਹੀਂ ਸੀ। ਇਸ ਲਈ ਪੈਸੇ ਦੀ ਲੋੜ ਸੀ ਅਤੇ ਪਰਿਵਾਰ ਦੀ ਆਰਥਿਕ ਹਾਲਤ ਇਸ ਦੀ ਇਜਾਜ਼ਤ ਨਹੀਂ ਦਿੰਦੀ ਸੀ। ਪਿਤਾ ਦੀ ਫੌਜ ਤੋਂ ਸੇਵਾਮੁਕਤੀ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਪੈਨਸ਼ਨ ’ਤੇ ਨਿਰਭਰ ਸੀ। ਪੁੱਤਰ ਦੀ ਟ੍ਰੇਨਿੰਗ, ਖੁਰਾਕ ਅਤੇ ਖੇਡ ਕਿੱਟ ਦਾ ਖਰਚਾ ਪੂਰਾ ਕਰਨ ਲਈ ਪਰਿਵਾਰ ਨੂੰ ਆਪਣੀ ਕਰੀਬ ਡੇਢ ਏਕੜ ਜ਼ਮੀਨ ਗਹਿਣੇ ਰੱਖਣੀ ਪਈ। ਇਹ ਉਹ ਦੌਰ ਸੀ ਜਦੋਂ ਅਰਪਿੰਦਰ ਕੋਲ ਵੱਡਾ ਸੁਪਨਾ ਤਾਂ ਸੀ, ਪਰ ਉਸ ਸੁਪਨੇ ਨੂੰ ਪੂਰਾ ਕਰਨ ਲਈ ਸਾਧਨ ਬਹੁਤ ਘੱਟ ਸਨ।
ਸਫ਼ਲਤਾ ਮਿਲਣ ਤੋਂ ਬਾਅਦ ਇਸ ਕਹਾਣੀ ਦਾ ਸਭ ਤੋਂ ਭਾਵੁਕ ਪੰਨਾ ਵੀ ਲਿਖਿਆ ਗਿਆ। 2014 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਤਗਮਾ ਜਿੱਤਣ ਤੋਂ ਬਾਅਦ ਮਿਲੀ ਇਨਾਮੀ ਰਾਸ਼ੀ ਨਾਲ ਅਰਪਿੰਦਰ ਨੇ ਆਪਣੇ ਪਿਤਾ ਦੀ ਗਹਿਣੇ ਪਈ ਜ਼ਮੀਨ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਵਿੱਚ ਮਦਦ ਕੀਤੀ। ਜਿਸ ਜ਼ਮੀਨ ’ਤੇ ਪਰਿਵਾਰ ਨੇ ਪੁੱਤਰ ਦੇ ਸੁਪਨੇ ਲਈ ਦਾਅ ਲਾਇਆ ਸੀ, ਉਹੀ ਜ਼ਮੀਨ ਸਫ਼ਲਤਾ ਤੋਂ ਬਾਅਦ ਮੁੜ ਪਰਿਵਾਰ ਕੋਲ ਆ ਗਈ।
ਅਰਪਿੰਦਰ ਨੇ ਸ਼ੁਰੂਆਤ ਟ੍ਰਿਪਲ ਜੰਪ ਨਾਲ ਨਹੀਂ ਕੀਤੀ ਸੀ। 100, 200, 400 ਮੀਟਰ ਅਤੇ ਲੌਂਗ ਜੰਪ ਵਿੱਚ ਹੱਥ ਅਜ਼ਮਾਉਣ ਤੋਂ ਬਾਅਦ ਅੰਡਰ-17 ਪੱਧਰ ’ਤੇ ਟ੍ਰਿਪਲ ਜੰਪ ਵਿੱਚ ਮਿਲੇ ਚਾਂਦੀ ਦੇ ਤਗਮੇ ਨੇ ਉਨ੍ਹਾਂ ਦੀ ਦਿਸ਼ਾ ਬਦਲ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਚ ਡੀ.ਐੱਸ. ਬਾਲ ਦੀ ਐਂਟਰੀ ਹੋਈ। ਲਗਭਗ 14 ਸਾਲ ਦੀ ਉਮਰ ਵਿੱਚ ਪਿਤਾ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ SAI ਕੋਚ ਡੀ.ਐੱਸ. ਬਾਲ ਕੋਲ ਲੈ ਕੇ ਗਏ। ਲੰਬੇ ਕੱਦ ਅਤੇ ਸਰੀਰਕ ਬਣਤਰ ਨੂੰ ਦੇਖਦਿਆਂ ਕੋਚ ਬਾਲ ਨੇ ਟ੍ਰਿਪਲ ਜੰਪ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਅੱਗੇ ਚੱਲ ਕੇ ਇਹੀ ਫੈਸਲਾ ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਬਣਿਆ।
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕੋਚ ਐੱਸ.ਐੱਸ. ਪੰਨੂ ਦੀ ਨਿਗਰਾਨੀ ਹੇਠ ਅਰਪਿੰਦਰ ਦੀ ਤਕਨੀਕ ਅਤੇ ਖੇਡ ਸਮਰੱਥਾ ਵਿੱਚ ਲਗਾਤਾਰ ਸੁਧਾਰ ਆਇਆ। 2009 ਤੋਂ 2015 ਤੱਕ ਪੰਨੂ ਨੇ ਉਨ੍ਹਾਂ ਨੂੰ ਤਿਆਰ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ਲਈ ਮਜ਼ਬੂਤ ਕੀਤਾ। 2009 ਵਿੱਚ ਯੂਥ ਨੈਸ਼ਨਲ ਗੇਮਜ਼ ਵਿੱਚ ਸਫ਼ਲਤਾ ਨੇ ਉਨ੍ਹਾਂ ਦੇ ਕਰੀਅਰ ਨੂੰ ਨਵੀਂ ਰਫ਼ਤਾਰ ਦਿੱਤੀ। ਬਾਅਦ ਵਿੱਚ ਕੋਚ ਜੇ. ਜੈਕੁਮਾਰ ਅਤੇ ਰੋਮਾਨੀਆਈ ਕੋਚ ਬੈਡਰੋਸ ਬੈਡਰੋਸੀਅਨ ਤੋਂ ਮਿਲੀ ਸਿਖਲਾਈ ਨੇ ਉਨ੍ਹਾਂ ਦੀ ਤਕਨੀਕ ਨੂੰ ਹੋਰ ਨਿਖਾਰਿਆ।
ਪਰ ਜਿਸ ਕਰੀਅਰ ਦੀਆਂ ਅੱਜ ਗੱਲਾਂ ਹੁੰਦੀਆਂ ਹਨ, ਉਸ ਵਿੱਚ ਸੱਟਾਂ ਅਤੇ ਨਿਰਾਸ਼ਾਵਾਂ ਦੇ ਕਈ ਪੰਨੇ ਵੀ ਹਨ। ਸ਼ੁਰੂਆਤੀ ਦੌਰ ਵਿੱਚ ਪਿੱਠ ਦੀ ਗੰਭੀਰ ਸੱਟ ਨੇ ਉਨ੍ਹਾਂ ਨੂੰ ਲੰਮੇ ਸਮੇਂ ਲਈ ਮੈਦਾਨ ਤੋਂ ਦੂਰ ਕਰ ਦਿੱਤਾ। ਡਾਕਟਰਾਂ ਨੇ ਤਿੰਨ ਮਹੀਨੇ ਪੂਰਨ ਆਰਾਮ ਦੀ ਸਲਾਹ ਦਿੱਤੀ। ਉਸ ਸਮੇਂ ਕਰੀਅਰ ’ਤੇ ਸਵਾਲ ਖੜ੍ਹੇ ਹੋਏ, ਪਰ ਅਰਪਿੰਦਰ ਨੇ ਵਾਪਸੀ ਕੀਤੀ।
2014 ਵਿੱਚ ਕਰੀਅਰ ਦੀ ਵੱਡੀ ਉਡਾਣ ਆਈ। ਲਖਨਊ ਵਿਖੇ ਨੈਸ਼ਨਲ ਇੰਟਰ-ਸਟੇਟ ਚੈਂਪੀਅਨਸ਼ਿਪ ਵਿੱਚ ਅਰਪਿੰਦਰ ਨੇ 17.17 ਮੀਟਰ ਦੀ ਛਾਲ ਲਗਾ ਕੇ ਆਪਣਾ ਪਿਛਲਾ 16.84 ਮੀਟਰ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਇਸ ਪ੍ਰਦਰਸ਼ਨ ਨੇ ਭਾਰਤੀ ਐਥਲੈਟਿਕਸ ਵਿੱਚ ਉਨ੍ਹਾਂ ਦੀ ਪਛਾਣ ਪੱਕੀ ਕਰ ਦਿੱਤੀ। ਉਸੇ ਸਾਲ ਗਲਾਸਗੋ ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਗਮਾ ਉਨ੍ਹਾਂ ਦੇ ਖਾਤੇ ਵਿੱਚ ਆਇਆ। ਇਸ ਤੋਂ ਪਹਿਲਾਂ 2013 ਵਿੱਚ ਪੁਣੇ ਵਿਖੇ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਉਹ ਕਾਂਸੀ ਦਾ ਤਗਮਾ ਜਿੱਤ ਚੁੱਕੇ ਸਨ।
ਪਰ ਸਫ਼ਲਤਾ ਦੇ ਤੁਰੰਤ ਬਾਅਦ ਇੱਕ ਹੋਰ ਮੁਸ਼ਕਲ ਦੌਰ ਆ ਗਿਆ। ਓਲੰਪਿਕ ਦੀ ਤਿਆਰੀ ਲਈ ਲੰਡਨ ਜਾਣ ਤੋਂ ਬਾਅਦ ਉਨ੍ਹਾਂ ਦੀ ਕੁਦਰਤੀ ਤਕਨੀਕ ਵਿੱਚ ਬਦਲਾਅ ਕੀਤਾ ਗਿਆ। ਨਤੀਜਾ ਇਹ ਨਿਕਲਿਆ ਕਿ ਪ੍ਰਦਰਸ਼ਨ ਡਿੱਗ ਗਿਆ ਅਤੇ ਅਰਪਿੰਦਰ ਮਾਨਸਿਕ ਤੌਰ ’ਤੇ ਵੀ ਪਰੇਸ਼ਾਨ ਹੋਏ। ਭਾਰਤ ਪਰਤ ਕੇ ਉਨ੍ਹਾਂ ਨੂੰ ਮੁੜ ਆਪਣੀ ਤਕਨੀਕ ਅਤੇ ਆਤਮਵਿਸ਼ਵਾਸ ਬਣਾਉਣਾ ਪਿਆ। 2016 ਰੀਓ ਓਲੰਪਿਕ ਲਈ ਕੁਆਲੀਫਾਈ ਨਾ ਕਰ ਸਕਣਾ ਇਸ ਸੰਘਰਸ਼ ਨੂੰ ਹੋਰ ਵਧਾ ਗਿਆ।
2017 ਵਿੱਚ ਭੁਵਨੇਸ਼ਵਰ ਵਿਖੇ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 16.33 ਮੀਟਰ ਦੀ ਛਾਲ ਨਾਲ ਚੌਥੇ ਸਥਾਨ ’ਤੇ ਰਹਿਣਾ ਵੀ ਉਨ੍ਹਾਂ ਲਈ ਨਿਰਾਸ਼ਾਜਨਕ ਸੀ। ਪਰ ਇਸੇ ਸਾਲ ਅਸ਼ਗਾਬਾਤ ਵਿੱਚ ਹੋਈਆਂ ਏਸ਼ੀਅਨ ਇਨਡੋਰ ਅਤੇ ਮਾਰਸ਼ਲ ਆਰਟਸ ਖੇਡਾਂ ਵਿੱਚ ਅਰਪਿੰਦਰ ਨੇ ਸੋਨ ਤਗਮਾ ਜਿੱਤ ਕੇ ਦੱਸ ਦਿੱਤਾ ਕਿ ਉਹ ਅਜੇ ਵੀ ਵੱਡੇ ਮੁਕਾਬਲਿਆਂ ਦੇ ਖਿਡਾਰੀ ਹਨ।
ਫਿਰ ਆਇਆ 2018। 29 ਅਗਸਤ ਨੂੰ ਜਕਾਰਤਾ ਏਸ਼ੀਅਨ ਗੇਮਜ਼ ਵਿੱਚ ਟ੍ਰਿਪਲ ਜੰਪ ਦਾ ਮੁਕਾਬਲਾ ਸੀ। ਪਹਿਲੀ ਛਾਲ ਫਾਊਲ ਹੋ ਗਈ। ਪਰ ਦਬਾਅ ਵਿੱਚ ਟੁੱਟਣ ਦੀ ਬਜਾਏ ਅਰਪਿੰਦਰ ਨੇ ਆਪਣਾ ਧਿਆਨ ਕਾਇਮ ਰੱਖਿਆ। 16.77 ਮੀਟਰ ਦੀ ਛਾਲ ਨਾਲ ਉਨ੍ਹਾਂ ਨੇ ਸੋਨ ਤਗਮਾ ਜਿੱਤ ਲਿਆ। ਇਸ ਜਿੱਤ ਨਾਲ ਉਹ 1970 ਵਿੱਚ ਮੋਹਿੰਦਰ ਸਿੰਘ ਗਿੱਲ ਤੋਂ ਬਾਅਦ ਏਸ਼ੀਅਨ ਗੇਮਜ਼ ਵਿੱਚ ਟ੍ਰਿਪਲ ਜੰਪ ਦਾ ਸੋਨ ਤਗਮਾ ਜਿੱਤਣ ਵਾਲੇ ਦੂਜੇ ਭਾਰਤੀ ਬਣੇ। ਭਾਰਤ ਨੂੰ ਇਸ ਸਪर्धਾ ਵਿੱਚ 48 ਸਾਲ ਬਾਅਦ ਮੁੜ ਸੋਨ ਤਗਮਾ ਮਿਲਿਆ।
ਇਸੇ ਸਾਲ ਓਸਤਰਾਵਾ, ਚੈੱਕ ਗਣਰਾਜ ਵਿੱਚ ਹੋਏ IAAF ਕੌਂਟੀਨੈਂਟਲ ਕੱਪ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਅਰਪਿੰਦਰ ਨੇ ਇੱਕ ਹੋਰ ਇਤਿਹਾਸਕ ਉਪਲਬਧੀ ਆਪਣੇ ਨਾਮ ਕੀਤੀ। ਉਹ ਇਸ ਮੁਕਾਬਲੇ ਵਿੱਚ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਬਣੇ। 2021 ਵਿੱਚ ਉਨ੍ਹਾਂ ਦੇ ਖੇਡ ਯੋਗਦਾਨ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਵੱਕਾਰੀ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ।
ਅਰਪਿੰਦਰ ਸਿੰਘ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 17.17 ਮੀਟਰ ਹੈ। ਉਨ੍ਹਾਂ ਦੇ ਨਾਮ 2018 ਏਸ਼ੀਅਨ ਗੇਮਜ਼ ਅਤੇ 2017 ਏਸ਼ੀਅਨ ਇਨਡੋਰ ਅਤੇ ਮਾਰਸ਼ਲ ਆਰਟਸ ਗੇਮਜ਼ ਦੇ ਸੋਨ ਤਗਮੇ ਹਨ। ਇਸ ਤੋਂ ਇਲਾਵਾ 2014 ਕਾਮਨਵੈਲਥ ਗੇਮਜ਼, 2013 ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਅਤੇ 2018 IAAF ਕੌਂਟੀਨੈਂਟਲ ਕੱਪ ਦੇ ਕਾਂਸੀ ਦੇ ਤਗਮੇ ਵੀ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਸ਼ਾਮਲ ਹਨ।
ਅਰਪਿੰਦਰ ਦੀ ਕਹਾਣੀ ਦਾ ਸਭ ਤੋਂ ਵੱਡਾ ਪੱਖ ਇਹ ਹੈ ਕਿ ਇਹ ਸਫ਼ਰ ਸਿਰਫ਼ ਇੱਕ ਖਿਡਾਰੀ ਨੇ ਨਹੀਂ ਤੈਅ ਕੀਤਾ। ਇਸ ਦੇ ਪਿੱਛੇ ਇੱਕ ਪਿਤਾ ਦੀ ਮਿਹਨਤ, ਇੱਕ ਪਰਿਵਾਰ ਦੀ ਕੁਰਬਾਨੀ ਅਤੇ ਕਈ ਕੋਚਾਂ ਦੀ ਮਿਹਨਤ ਹੈ। ਜ਼ਮੀਨ ਗਹਿਣੇ ਰੱਖਣ ਤੋਂ ਲੈ ਕੇ ਉਸੇ ਜ਼ਮੀਨ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਤੱਕ, ਸੱਟ ਤੋਂ ਵਾਪਸੀ ਤੋਂ ਲੈ ਕੇ ਏਸ਼ੀਅਨ ਗੇਮਜ਼ ਦੇ ਪੋਡਿਅਮ ਤੱਕ—ਅਰਪਿੰਦਰ ਨੇ ਹਰ ਪੜਾਅ ’ਤੇ ਆਪਣੀ ਲੜਨ ਦੀ ਸਮਰੱਥਾ ਸਾਬਤ ਕੀਤੀ।
ਅੱਜ ਅਰਪਿੰਦਰ ਸਿੰਘ ਦੀ ਪਛਾਣ ਸਿਰਫ਼ ਪੰਜਾਬ ਦੇ ਇੱਕ ਟ੍ਰਿਪਲ ਜੰਪਰ ਵਜੋਂ ਨਹੀਂ, ਸਗੋਂ ਉਨ੍ਹਾਂ ਖਿਡਾਰੀਆਂ ਵਿੱਚ ਹੁੰਦੀ ਹੈ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਨੂੰ ਆਪਣੀ ਤਾਕਤ ਬਣਾਇਆ। ਉਨ੍ਹਾਂ ਦੀ ਕਹਾਣੀ ਪੰਜਾਬ ਅਤੇ ਦੇਸ਼ ਦੇ ਨੌਜਵਾਨ ਖਿਡਾਰੀਆਂ ਲਈ ਇੱਕ ਸਿੱਧਾ ਸੁਨੇਹਾ ਛੱਡਦੀ ਹੈ—ਸ਼ੁਰੂਆਤ ਭਾਵੇਂ ਕਿੰਨੀ ਵੀ ਮੁਸ਼ਕਲ ਹੋਵੇ, ਜੇ ਮੰਜ਼ਿਲ ’ਤੇ ਨਜ਼ਰ ਅਤੇ ਕਦਮਾਂ ਵਿੱਚ ਦਮ ਹੋਵੇ ਤਾਂ ਛਾਲ ਹਮੇਸ਼ਾ ਅੱਗੇ ਵੱਲ ਹੀ ਪੈਂਦੀ ਹੈ।

-
ਸੁਖਮਿੰਦਰ ਭੰਗੂ, writer
bhangoo1164@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.