ਮਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਨੇ ਰਾਹਤ ਸਮਗਰੀ ਦਾ ਟਰੱਕ ਭੇਜਿਆ
ਰਾਹਤ ਸਮਗਰੀ ਭੇਜਣ ਲਈ ਮਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਦਾ ਧੰਨਵਾਦ ਕੀਤਾ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 01 ਸਤੰਬਰ - ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਮਲੇਰਕੋਟਲੇ ਦਾ ਮੁਸਲਿਮ ਭਾਈਚਾਰਾ ਵੀ ਅੱਗੇ ਆਇਆ ਹੈ। ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਆਪਣੇ ਭਾਈਚਾਰੇ ਵੱਲੋਂ ਰਾਹਤ ਸਮਗਰੀ ਦੇ 700 ਪੈਕੇਟ ਇੱਕ ਵਿਸ਼ੇਸ਼ ਟਰੱਕ ਰਾਹੀਂ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਭੇਜੇ ਗਏ ਹਨ, ਜਿਸ ਨੂੰ ਮਾਰਕਿਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਨਾਬ ਜਾਬਰ ਲੈ ਕੇ ਪਹੁੰਚੇ।
ਮਲੇਰਕੋਟਲਾ ਤੋਂ ਆਈ ਇਸ ਰਾਹਤ ਸਮਗਰੀ ਨੂੰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾ ਵੱਲੋਂ ਪ੍ਰਾਪਤ ਕਰਕੇ ਮਲੇਰਕੋਟਲਾ ਦੀ ਟੀਮ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰ ਪਿੰਡ ਮੂਲਿਆਂ ਵਾਲ, ਡੇਰਾ ਬਾਬਾ ਨਾਨਕ ਅਤੇ ਦੇੜ੍ਹ ਗਵਾਰ ਵਿੱਚ ਵੰਡਿਆ ਗਿਆ। ਇਸ ਰਾਹਤ ਸਮਗਰੀ ਵਿੱਚ ਆਟਾ, ਖੰਡ, ਦਾਲਾਂ ਅਤੇ ਹੋਰ ਸੁੱਕਾ ਅਨਾਜ ਤੇ ਰਸ਼ਦਾਂ ਸਨ।
ਇਹ ਰਾਹਤ ਸਮਗਰੀ ਭੇਜਣ ਲਈ ਮਲੇਰਕੋਟਲਾ ਦੇ ਵਿਧਾਇਕ ਜਨਾਬ ਜਮੀਲ ਉਰ ਰਹਿਮਾਨ ਦਾ ਧੰਨਵਾਦ ਕਰਦਿਆਂ ਚੇਅਰਮੈਨ ਰਜੀਵ ਸ਼ਰਮਾ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਮਲੇਰਕੋਟਲਾ ਤੋਂ ਭੇਜੀ ਗਈ ਰਾਹਤ ਸਮਗਰੀ ਲਈ ਉਹ ਜ਼ਿਲ੍ਹਾ ਵਾਸੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਮਲੇਰਕੋਟਲਾ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਵਿੱਚ ਅਜਿਹੀ ਸਹਾਇਤਾ ਦੀ ਬਹੁਤ ਲੋੜ ਸੀ ਅਤੇ ਜਿਵੇਂ ਮਲੇਰਕੋਟਲੇ ਦੇ ਭਾਈਚਾਰੇ ਵੱਲੋਂ ਹੜ੍ਹ ਪੀੜ੍ਹਤਾਂ ਦਾ ਸਹਿਯੋਗ ਕੀਤਾ ਗਿਆ ਇਸ ਨਾਲ ਹੜ੍ਹ ਪੀੜ੍ਹਤਾਂ ਨੂੰ ਜ਼ਰੂਰ ਕੁਝ ਰਾਹਤ ਮਿਲੇਗੀ। ਚੇਅਰਮੈਨ ਰਜੀਵ ਸ਼ਰਮਾ ਨੇ ਕਿਹਾ ਕਿ ਪੰਜਾਬ ਭਰ ਵਿੱਚੋਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਆਗੂ ਅਤੇ ਵਲੰਟੀਅਰ ਲਗਾਤਾਰ ਹੜ੍ਹ ਪੀੜ੍ਹਤਾਂ ਲਈ ਰਾਹਤ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਮੁੱਚਾ ਪੰਜਾਬ ਹੜ੍ਹ ਪੀੜ੍ਹਤਾਂ ਦੇ ਨਾਲ ਖੜ੍ਹਾ ਹੈ।