ਸਿਵਲ ਸਰਜਨ ਬਠਿੰਡਾ ਵੱਲੋਂ ਮਰੀਜ਼ਾਂ ਦੀਆਂ ਸਮੱਸਿਆਵਾਂ ਜਾਨਣ ਲਈ ਜੱਚਾ-ਬੱਚਾ ਹਸਪਤਾਲ ਦਾ ਦੌਰਾ
ਅਸ਼ੋਕ ਵਰਮਾ
ਬਠਿੰਡਾ, 8 ਅਗਸਤ 2025 : ਸਿਵਲ ਸਰਜਨ ਡਾ. ਤਪਿੰਦਰਜੋਤ ਵੱਲੋਂ ਸਥਾਨਕ ਜੱਚਾ-ਬੱਚਾ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ, ਡਾਕਟਰਾਂ ਦੀ ਹਾਜ਼ਰੀ, ਦਵਾਈ ਵੰਡ ਪ੍ਰਣਾਲੀ, ਟੈਸਟਾਂ ਦੀ ਉਪਲਬਧਤਾ ਅਤੇ ਸਾਫ-ਸਫਾਈ ਦੀ ਜਾਂਚ ਕੀਤੀ। ਉਨ੍ਹਾਂ ਓ.ਪੀ.ਡੀ ਵਿਚ ਮੌਜੂਦ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਕੁਝ ਮਾਮਲਿਆਂ ਵਿੱਚ ਤੁਰੰਤ ਨਿਰਦੇਸ਼ ਵੀ ਜਾਰੀ ਕੀਤੇ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਵਧੀਆ ਤੇ ਸਮੇਂ-ਸਿਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਾਰੇ ਡਾਕਟਰਾਂ ਅਤੇ ਸਟਾਫ਼ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ।
ਇਸ ਮੌਕੇ ਸਿਵਲ ਸਰਜਨ ਨੇ ਲੈਬ, ਫਾਰਮੇਸੀ ਅਤੇ ਰਜਿਸਟ੍ਰੇਸ਼ਨ ਕਾਊਂਟਰ ਦੀ ਵੀ ਜਾਂਚ ਕੀਤੀ ਅਤੇ ਹਦਾਇਤਾਂ ਦਿੱਤੀਆਂ ਕਿ ਮਰੀਜ਼ਾਂ ਨੂੰ ਕਿਸੇ ਵੀ ਤਕਲੀਫ਼ ਤੋਂ ਬਚਾਇਆ ਜਾਵੇ।ਇਸ ਮੌਕੇ ਉਨ੍ਹਾਂ ਡਾਕਟਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਰੀਜਾਂ ਨੂੰ ਕੋਈ ਵੀ ਦਵਾਈ ਵੀ ਬਾਹਰ ਤੋਂ ਨਾ ਲਿਖੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਹਸਪਤਾਲ ਦੀ ਕਾਰਗੁਜ਼ਾਰੀ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਅਕਸਰ ਅਚਾਨਕ ਦੌਰੇ ਕੀਤੇ ਜਾਣਗੇ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ,ਡਿਪਟੀ ਮਾਸ ਮੀਡੀਆ ਅਫ਼ਸਰ ਮਲਕੀਤ ਕੌਰ ਅਤੇ ਰੋਹਿਤ ਜਿੰਦਲ, ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ,ਬੀ.ਈ.ਈ ਹਰਜਿੰਦਰ ਕੌਰ ਅਤੇ ਗਗਨਦੀਪ ਸਿੰਘ ਭੁੱਲਰ ਆਦਿ ਹਾਜ਼ਰ ਰਹੇ।