ਜਵਾਈ ਨੇ ਸਹੁਰੇ ਪਰਿਵਾਰ ਦੇ ਘਰ ਆ ਕੇ ਕੀਤਾ ਹਮਲਾ, ਪਤਨੀ, ਦੋ ਸਾਲਿਆਂ ਅਤੇ ਸਾਲੇਹਾਰ ਨੂੰ ਕੀਤਾ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ 29 ਜੁਲਾਈ 2025 - ਗੁਰਦਾਸਪੁਰ ਦੇ ਪਿੰਡ ਲਿੱਤਰ ਵਿੱਚ ਐਤਵਾਰ ਰਾਤ ਨੂੰ ਇੱਕ ਜਵਾਈ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਘਰੇਲੂ ਕਾਰਨ ਦੇ ਚਲਦੇ ਆਪਣੇ ਸਹੁਰੇ ਪਰਿਵਾਰ ਦੇ ਘਰ ਆ ਕੇ' ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸਨੇ ਆਪਣੀ ਪਤਨੀ ਸਮੇਤ ਚਾਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਦੋਸ਼ੀ ਮੌਕੇ ਤੋਂ ਭੱਜ ਗਿਆ ਜਦੋਂ ਕਿ ਪਰਿਵਾਰ ਨੇ ਇਲਾਕਾ ਵਾਸੀਆਂ ਦੀ ਮਦਦ ਨਾਲ ਦੋ ਦੋਸ਼ੀਆਂ ਅਤੇ ਉਨ੍ਹਾਂ ਦੀਆਂ ਦੋ ਗੱਡੀਆਂ ਨੂੰ ਘੇਰ ਲਿਆ। ਇਸ ਦੌਰਾਨ ਜਵਾਈ ਦੇ ਵੀ ਸੱਟ ਲੱਗਣ ਦੀ ਖਬਰ ਹੈ। ਹਾਲਾਂਕਿ ਸਿਟੀ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਵਾਈ ਅਤੇ ਉਸਦੇ ਇੱਕ ਦੋਸਤ ਅਤੇ ਦੋ ਗੱਡੀਆਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ, ਪਰ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਅਜੇ ਤੱਕ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ।
ਪੀੜਤ ਲਵਦੀਪ ਕੁਮਾਰ ਨੇ ਦੱਸਿਆ ਕਿ ਉਸਦੀ ਭੈਣ ਅਲਕਾ ਦਾ ਵਿਆਹ ਤਿੰਨ ਸਾਲ ਪਹਿਲਾਂ ਪਿੰਡ ਤਿੱਬੜ ਦੇ ਰਹਿਣ ਵਾਲੇ ਪ੍ਰਿੰਸ ਨਾਲ ਹੋਇਆ ਸੀ, ਜੋ ਸ਼ਿਮਲਾ ਵਿੱਚ ਹਾਰਡਵੇਅਰ ਦੀ ਦੁਕਾਨ ਚਲਾਉਂਦਾ ਹੈ, ਪਰ ਕੋਈ ਬੱਚਾ ਨਾ ਹੋਣ ਕਾਰਨ ਉਸਦੀ ਭੈਣ ਦੇ ਸਹੁਰੇ ਉਸਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਉਸਦੀ ਭੈਣ ਪਿਛਲੇ ਛੇ ਮਹੀਨਿਆਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਐਤਵਾਰ ਨੂੰ ਪਿੰਡ ਟਿੱਬੜ ਵਿੱਚ ਇੱਕ ਪੰਚਾਇਤ ਬੁਲਾਈ ਗਈ ਤਾਂ ਜੋ ਦੋਵੇਂ ਪਰਿਵਾਰ ਸਮਝੌਤਾ ਕਰ ਸਕਣ, ਪਰ ਪ੍ਰਿੰਸ ਉਸ ਪੰਚਾਇਤ ਵਿੱਚ ਨਹੀਂ ਆਇਆ।
ਪੰਚਾਇਤ ਵਿੱਚ ਇਹ ਸਹਿਮਤੀ ਬਣੀ ਕਿ ਜਦੋਂ ਪ੍ਰਿੰਸ ਸ਼ਿਮਲਾ ਤੋਂ ਵਾਪਸ ਆਇਆ ਕਰੇਗਾ, ਤਾਂ ਉਹ ਆਪਣੀ ਪਤਨੀ ਅਲਕਾ ਨੂੰ ਪਿੰਡ ਵਾਪਸ ਲੈ ਆਇਆ ਕਰੇਗਾ, ਬਾਕੀ ਸਮਾਂ ਅਲਕਾ ਆਪਣੇ ਪੇਕੇ ਰਿਹਾ ਕਰੇਗੀ।। ਲਵਦੀਪ ਨੇ ਦੱਸਿਆ ਕਿ ਫੈਸਲਾ ਕਰਕੇ ਉਸ ਦਾ ਪਰਿਵਾਰ ਪਿੰਡ ਤਿਬੜ ਤੋਂ ਆਪਣੇ ਘਰ ਵੀ ਨਹੀਂ ਪਹੁੰਚੇ ਸਨ ਕਿ ਪ੍ਰਿੰਸ ਰਾਤ ਨੌਂ ਵਜੇ ਦੇ ਕਰੀਬ ਆਪਣੇ ਚਾਰ-ਪੰਜ ਸਾਥੀਆਂ ਨਾਲ ਆਪਣੇ ਸਹੁਰੇ ਘਰ ਪਹੁੰਚਿਆ ਅਤੇ ਘਰ ਵਿੱਚ ਦਾਖਲ ਹੋ ਕੇ ਆਪਣੀ ਪਤਨੀ, ਦੋ ਸਾਲਿਆਂ ਅਤੇ ਇੱਕ ਸਾਲੇ ਦੀ ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਜਦੋਂ ਅਲਕਾ ਦੇ ਭਰਾ ਨਵਦੀਪ ਅਤੇ ਲੱਕੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਾਹਰ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸਿਟੀ ਪੁਲਿਸ ਸਟੇਸ਼ਨ ਦੇ ਪੀਸੀਆਰ ਸਟਾਫ ਨੇ ਪ੍ਰਿੰਸ ਅਤੇ ਦੀਪਕ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂ ਕਿ ਵਿਕਰਮ ਉੱਥੋਂ ਫਰਾਰ ਹੋ ਗਿਆ। ਪੁਲਿਸ ਨੇ ਮੌਕੇ ਤੋਂ ਮੁਲਜ਼ਮਾਂ ਦੀਆਂ ਦੋ ਗੱਡੀਆਂ ਵੀ ਜ਼ਬਤ ਕਰ ਲਈਆਂ। ਲਵਦੀਪ ਨੇ ਦੱਸਿਆ ਕਿ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ, ਹਾਲਾਂਕਿ ਉਨ੍ਹਾਂ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਚੈੱਕਅੱਪ ਵੀ ਕਰਵਾਇਆ ਗਿਆ ਹੈ। ਜਦੋਂ ਕਿ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਅਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਵੀ ਛੱਡ ਦਿੱਤਾ ਹੈ।
ਇਸ ਸਬੰਧੀ ਜਦੋਂ ਡੀਐਸਪੀ ਸਿਟੀ ਮੋਹਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੀੜਤਾ ਦੀ ਮੈਡੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਪੀੜਤਾਂ ਦੇ ਬਿਆਨ ਲੈਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।