ਮੇਅਰ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਾਲਾ ਕ੍ਰਿਸ਼ਨਾ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2025 : ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸਰਹੰਦ ਨਹਿਰ ਵਿੱਚ ਛਾਲ ਮਾਰ ਕੇ ਕਾਰ ਤੋਂ 11 ਸਵਾਰੀਆਂ ਨੂੰ ਬਚਾਉਣ ਵਾਲੇ ਸ਼ਿਵ ਭਗਤ ਕ੍ਰਿਸ਼ਨਾ ਪਾਸਵਾਨ ਨੂੰ ਅੱਜ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਹੈ। ਇਸ ਮੌਕੇ ਉਨਾਂ ਐਲਾਨ ਕੀਤਾ ਕਿ ਕ੍ਰਿਸ਼ਨਾ ਨੂੰ 51000 ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ ਜਾਏਗੀ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਕ੍ਰਿਸ਼ਨਾ ਵੱਲੋਂ ਦਿਖਾਏ ਹੌਸਲੇ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਨਾਲ ਸੋਨੀ ਪ੍ਰਧਾਨ, ਅਮਨ ਡੀਸੀ, ਪ੍ਰਵਾਸੀ ਭਾਰਤੀ ਪ੍ਰਧਾਨ ਧਰਮਿੰਦਰ ਅਤੇ ਸ਼ਿਵ ਕਾਂਵੜ ਯਾਤਰਾ ਸੰਘ ਦੇ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਵੀ ਕ੍ਰਿਸ਼ਨਾ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਭਗਵਾਨ ਭੋਲੇ ਨਾਥ ਦਾ ਆਸ਼ੀਰਵਾਦ ਕ੍ਰਿਸ਼ਨਾ ਅਤੇ ਉਸ ਦੇ ਪਰਿਵਾਰ 'ਤੇ ਹਮੇਸ਼ਾ ਬਣਿਆ ਰਹੇ।
ਉਨ੍ਹਾਂ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਕ੍ਰਿਸ਼ਨਾ ਵਾਂਗ ਸਮਾਜ ਵਿੱਚ ਆਦਰਸ਼ ਸਥਾਪਤ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਉਹ ਕ੍ਰਿਸ਼ਨਾ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨਗੇ। ਇਸ ਮੌਕੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਇਹ ਬਠਿੰਡਾ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਕ੍ਰਿਸ਼ਨਾ ਵਰਗੇ ਨੌਜਵਾਨ ਬਠਿੰਡਾ ਵਿੱਚ ਹਨ, ਜੋ ਦੂਜਿਆਂ ਦੀ ਭਲਾਈ ਲਈ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹਿੰਦ ਨਹਿਰ ਵਿੱਚ ਡਿੱਗਣ ਵਾਲੀ ਕਾਰ ਇੱਕ ਭਿਆਨਕ ਹਾਦਸਾ ਸੀ ਅਤੇ ਉਸ ਸਮੇਂ ਭਗਵਾਨ ਸ੍ਰੀ ਭੋਲੇ ਨਾਥ ਦੇ ਆਸ਼ੀਰਵਾਦ ਨਾਲ ਕ੍ਰਿਸ਼ਨਾ ਨੇ ਛਾਲ ਮਾਰ ਕੇ 11 ਜਾਨਾਂ ਬਚਾਈਆਂ, ਜੋ ਕਿ ਨੌਜਵਾਨਾਂ ਲਈ ਇੱਕ ਆਦਰਸ਼ ਤੋਂ ਘੱਟ ਨਹੀਂ ਹੈ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਨੂੰ ਤਿਆਗਣਾ ਚਾਹੀਦਾ ਹੈ ਅਤੇ ਇੱਕ ਆਦਰਸ਼ ਸਮਾਜ ਦੀ ਸਥਾਪਨਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕ੍ਰਿਸ਼ਨਾ ਨੂੰ ਭਰੋਸਾ ਦਿੱਤਾ ਕਿ ਉਹ ਕ੍ਰਿਸ਼ਨਾ ਅਤੇ ਉਸ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਰਹਿੰਦ ਨਹਿਰ ਦੇ ਕੰਢਿਆਂ 'ਤੇ ਗਰਿੱਲ ਲਗਾਉਣ ਅਤੇ ਨਹਿਰ 'ਤੇ ਜਾਲ ਵਿਛਾਉਣ ਦੀ ਲੋੜ ਹੈ, ਜਿਸ ਲਈ ਉਹ ਜਲਦੀ ਹੀ ਨਹਿਰ ਵਿਭਾਗ ਅਤੇ ਸਰਕਾਰ ਨਾਲ ਤਾਲਮੇਲ ਕਰਨਗੇ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਵਾਪਰਨ। ਉਨ੍ਹਾਂ ਬਠਿੰਡਾ ਦੀਆਂ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਕ੍ਰਿਸ਼ਨਾ ਅਤੇ ਉਸ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਣ, ਤਾਂ ਜੋ ਚੰਗੇ ਕੰਮ ਕਰਨ ਵਾਲਿਆਂ ਦਾ ਮਨੋਬਲ ਵਧਾਇਆ ਜਾ ਸਕੇ।