ਮੇਅਰ ਪਦਮਜੀਤ ਮਹਿਤਾ ਤੇ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਦੋ ਵਾਰਡਾਂ ਦਾ ਪੈਦਲ ਦੌਰਾ
ਅਸ਼ੋਕ ਵਰਮਾ
ਬਠਿੰਡਾ, 27 ਜੁਲਾਈ 2025 : ਬਠਿੰਡਾ ਨੂੰ ਸਮੱਸਿਆ ਮੁਕਤ ਬਣਾਉਣ ਲਈ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਅੱਜ ਵਾਰਡ ਨੰਬਰ 48 ਅਤੇ 46 ਦਾ ਪੈਦਲ ਦੌਰਾ ਕਰਕੇ ਸਮੱਸਿਆਵਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ, ਨਗਰ ਨਿਗਮ ਦੇ ਐਕਸੀਅਨ ਸ੍ਰੀ ਨੀਰਜ ਕੁਮਾਰ, ਵਾਰਡ ਨੰਬਰ 46 ਦੇ ਕੌਂਸਲਰ ਅਤੇ ਐਫ ਐਂਡ ਸੀਸੀ ਮੈਂਬਰ ਸ੍ਰੀ ਰਤਨ ਰਾਹੀ, ਸਰਦਾਰ ਗੰਡਾ ਸਿੰਘ ਅਤੇ ਹੋਰ ਇਲਾਕਾ ਵਾਸੀ ਉਨ੍ਹਾਂ ਨਾਲ ਮੌਜੂਦ ਸਨ। ਇਸ ਦੌਰਾਨ ਉਹ ਵਾਰਡ ਨੰਬਰ 48 ਵਿੱਚ ਚੰਡੀਗੜ੍ਹ ਰੋਡ ਪਹੁੰਚੇ ਅਤੇ ਸੜਕ 'ਤੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਚੰਡੀਗੜ੍ਹ ਰੋਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਐਕਸੀਅਨ ਨੀਰਜ ਕੁਮਾਰ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਆਦੇਸ਼ ਦਿੱਤੇ।
ਇਸ ਦੌਰਾਨ ਮੇਅਰ ਸ੍ਰੀ ਮਹਿਤਾ ਨੇ ਵਾਰਡ ਨੰਬਰ 46 ਵਿੱਚ ਸਥਿਤ ਸ੍ਰੀ ਪੰਚ ਮੁਖੀ ਹਨੂੰਮਾਨ ਮੰਦਿਰ ਰੋਡ ਦਾ ਵੀ ਦੌਰਾ ਕਰਕੇ ਸੀਵਰੇਜ ਜਾਮ ਹੋਣ ਦੀ ਸਮੱਸਿਆ ਦਾ ਜਾਇਜ਼ਾ ਲੈਣ ਤੋਂ ਬਾਅਦ, ਐਕਸੀਅਨ ਨੀਰਜ ਕੁਮਾਰ ਨੂੰ ਸਮੱਸਿਆ ਦੇ ਹੱਲ ਲਈ ਢੁਕਵੀਂ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਕੌਂਸਲਰ ਰਤਨ ਰਾਹੀ ਵੀ ਉਨ੍ਹਾਂ ਨਾਲ ਮੌਜੂਦ ਸਨ। ਇਲਾਕਾ ਨਿਵਾਸੀਆਂ ਨੇ ਪੈਦਲ ਦੌਰਾ ਕਰ ਰਹੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ। ਮੇਅਰ ਸ੍ਰੀ ਮਹਿਤਾ ਨੇ ਵਸਨੀਕਾਂ ਨੂੰ ਜਲਦੀ ਹੀ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਣਾ ਉਨ੍ਹਾਂ ਦਾ ਮੁੱਖ ਫਰਜ਼ ਹੈ ਅਤੇ ਅੱਜ ਉਨ੍ਹਾਂ ਨੇ ਪੈਦਲ ਦੌਰਾ ਕਰਕੇ ਸਮੱਸਿਆਵਾਂ ਦਾ ਜਾਇਜ਼ਾ ਲਿਆ ਹੈ ਅਤੇ ਜਲਦੀ ਹੀ ਸਮੱਸਿਆਵਾਂ ਦੇ ਹੱਲ ਲਈ ਯਤਨ ਸ਼ੁਰੂ ਕੀਤੇ ਜਾਣਗੇ।