23 ਸਾਲ ਪਹਿਲਾਂ ਦੀ ਇਕ ਘਟਨਾ- ਜਦੋਂ ਮਾਸਟਰਾਂ ਨੂੰ ਮੋਤ ਦੇ ਮੁੰਹ ਚ ਧੱਕਿਆ ਜਾ ਰਿਹਾ ਸੀ -- ਜੋਗਿੰਦਰ ਆਜਾਦ
(ਜੋਗਿੰਦਰ ਆਜਾਦ)
ਕੁਝ ਦਿਨ ਪਹਿਲਾਂ ਲੁਧਿਆਣੇ ਪੰਜਾਬੀ ਭਵਨ ਵਿੱਚ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਤੇ ਬੈਠੇ ਇੱਕ ਸੇਵਾ ਮੁਕਤ ਅਧਿਆਪਕ ਨਾਲ ਮੁਲਾਕਾਤ ਹੁੰਦੀ ਹੈ। ਬੜੀ ਇੱਜਤ ਨਾਲ ਮਿਲਦਾ ਹੈ।ਉਹ ਕਹਿੰਦਾ ਹੈ "ਮੈਨੂੰ ਨਹੀਂ ਸਰ ਜਾਣਦੇ ਤੁਸੀਂ ਪਰ ਅਸੀਂ ਤੁਹਾਨੂੰ ਜਾਣਦੇ ਹਾਂ, ਤੁਹਾਨੂੰ ਕੌਣ ਭੁੱਲ ਸਕਦਾ ਹੈ। ਮੈਂ ਰਿਟਾਇਰਡ ਅਧਿਆਪਕ ਹਾਂ। ਤੁਸੀਂ ਸਾਨੂੰ ਮੌਤ ਦੇ ਮੂੰਹ ਚੋਂ ਬਚਾਇਆ ਸੀ। ਮੌਤ ਦੇ ਮੂੰਹ ਚੋਂ? "ਹਾਂ ਜੀ" ਜਦੋਂ ਸਾਨੂੰ ਜ਼ਬਰਦਸਤੀ ਜੰਮੂ ਕਸ਼ਮੀਰ ਵਿੱਚ ਚੋਣ ਡਿਉਟੀ ਤੇ ਭੇਜਿਆ ਜਾ ਰਿਹਾ ਸੀ ਤਾਂ ਤੁਸੀਂ ਅਧਿਆਪਕ ਜਥੇਬੰਦੀਆਂ ਵੱਲੋਂ ਜਬਰੀ ਡਿਊਟੀਆਂ ਦੇ ਖਿਲਾਫ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਬੜਾ ਰੋਹ ਭਰਪੂਰ ਭਾਸ਼ਣ ਦਿੱਤਾ ਸੀ। ਜੋਰਦਾਰ ਸਾਂਝਾ ਸੰਘਰਸ਼ ਕੀਤਾ ਸੀ। ਸਾਰੇ ਅਧਿਕਾਰੀ ਸਾਨੂੰ ਡਿਊਟੀ ਤੇ ਭੇਜਣ ਬਾਰੇ ਇਕ ਸੁਰ ਸਨ। ਪੰਜਾਬ ਦੇ ਮੁਲਾਜ਼ਮ /ਅਧਿਆਪਕ ਡਰੇ ਹੋਏ ਸਨ। ਜਿੱਥੇ ਡਿਊਟੀ ਤੇ ਭੇਜਿਆ ਜਾ ਰਿਹਾ ਸੀ ਉਥੋਂ ਦੇ ਇੱਕ ਹਥਿਆਰਬੰਦ ਗਰੁੱਪ ਨੇ ਚੋਣ ਦੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਸੀ।
2002 ਚ ਸਤੰਬਰ ਅਕਤੂਬਰ ਦੇ ਉਹ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਫਿਲਮ ਵਾਂਗ ਘੁੰਮਣ ਲੱਗੇ। ਮੈਨੂੰ ਯਾਦ ਆ ਗਿਆ ਤਹਿਰੀਕ ਏ ਹੁਰੀਅਤ ਨਾਮ ਦੀ ਜਥੇਬੰਦੀ ਨੇ ਚੋਣਾਂ ਚ ਹਿੱਸਾ ਲੈਣ ਵਾਲਿਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ ਸੀ।ਇਹੋ ਜਿਹੀ ਹਾਲਤ ਵਿੱਚ ਕੌਣ ਦੂਜੇ ਰਾਜ ਚ ਮੌਤ ਮੂੰਹ ਚ ਜਾਣ ਤਿਆਰ ਹੋ ਸਕਦਾ ਸੀ।ਪਰ ਪ੍ਰਸ਼ਾਸਨ ਜ਼ਬਰਦਸਤੀ ਪੰਜਾਬ ਦੇ ਮੁਲਾਜ਼ਮਾ ਖਾਸ ਕਰਕੇ ਅਧਿਆਪਕਾਂ ਨੂੰ ਡਿਉਟੀ ਤੇ ਭੇਜਣ ਲਈ ਅੜਿਆ ਹੋਇਆ ਸੀ।ਅਧਿਆਪਕਾਂ/ਕਰਮਚਾਰੀਆਂ ਨੂੰ ਫਰਮਾਨ ਜਾਰੀ ਕੀਤੇ ਗਏ ਸਨ ਕਿ ਚੋਣ ਰਿਹਰਸਲ ਚ ਹਾਜ਼ਰ ਨਾ ਹੋਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹਨਾਂ ਫੁਰਮਾਨਾਂ ਕਾਰਨ ਅਧਿਆਪਕਾਂ ਚ ਦਹਿਸ਼ਤ ਦੀ ਲਹਿਰ ਫੈਲ ਗਈ ਸੀ। ਕੋਈ ਅਪੀਲ ਨਹੀਂ ਸੁਣੀ ਜਾ ਰਹੀ ਸੀ। ਜਥੇਬੰਦੀਆਂ ਕੋਲ ਫਰਿਆਦ ਹੋਣ ਲੱਗੀ ਕਿ ਸਾਨੂੰ ਮੋਤ ਦੇ ਮੂੰਹ ਚੋ ਬਚਾਇਆ ਜਾਵੇ। ਡੈਮੋਕਰੇਟਿਕ ਟੀਚਰਜ਼ ਫਰੰਟ ਹੋਰ ਅਧਿਆਪਕ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸੰਘਰਸ਼ ਕਰਨ ਦਾ ਐਲਾਨ ਕਰ ਦਿੰਦਾ ਹੈ। ਅਸੀ ਅਧਿਕਾਰੀਆਂ ਨੂੰ ਮਿਲਦੇ ਹਾਂ, ਨਹੀਂ ਸੁਣਵਾਈ ਹੁੰਦੀ ।ਫਿਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਬਾਹਰ ਲੰਬਾ ਸਮਾਂ ਸੰਘਰਸ਼ ਚੱਲਿਆ। ਲਗਾਤਾਰ ਕਈ ਦਿਨ ਨਾਹਰੇ ਗੁੰਜਾਏ ਜਾਂਦੇ ਰਹੇ। ਡੰਡਾ ਤੰਤਰ ਵੀ ਸਰਗਰਮ ਰਿਹਾ। ਸਾਡੀ ਮੰਗ ਸੀ ਕਿ ਕਿਸੇ ਨੂੰ ਵੀ ਜ਼ਬਰਦਸਤੀ ਡਿਊਟੀ ਤੇ ਭੇਜਣਾ ਗਲਤ ਹੈ। ਇਹ ਉਸਦੇ ਜੀਵਨ ਦੇ ਅਧਿਕਾਰ ਤੇ ਹਮਲਾ ਹੈ। ਫੇਰ ਪੰਜਾਬ ਦੇ ਲੋਕਾਂ ਨੂੰ ਜੰਮੂ ਐਂਡ ਕਸ਼ਮੀਰ ਵਿੱਚ ਡਿਉਟੀ ਤੇ ਭੇਜਣਾ ਜਮਾ ਹੀ ਗਲਤ ਹੈ। ਪਰ ਬੇਤਰਸ ਅਧਿਕਾਰੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ। ਧਮਕੀਆਂ ਦਿੱਤੀਆਂ ਜਾਣ ਲੱਗ ਪਈਆਂ ਕਿ " ਤੁਸੀਂ ਸਰਕਾਰ ਦੇ ਕੰਮ ਚ ਦਾਖਲ ਦੇ ਰਹੇ ਹੋ ਤੁਹਾਨੂੰ ਗਿਰਫਤਾਰ ਕੀਤਾ ਜਾ ਸਕਦਾ ਹੈ। ਡਿਊਟੀ ਤਾਂ ਦੇਣੀ ਹੀ ਪਵੇਗੀ।" ਮੈਨੂੰ ਯਾਦ ਆਇਆ ਖੰਨੇ ਇਲਾਕੇ ਦੇ ਇਕ ਕਾਂਗਰਸ ਪਾਰਟੀ ਦੇ ਇਕ ਬਹੁਤ ਵੱਡੇ ਨੇਤਾ ਅਪਣੇ ਪਿੰਡ ਦੇ ਇਕ ਅਧਿਆਪਕ ਦੀ ਡਿਊਟੀ ਕਟਾਉਣ ਲਈ ਖੁਦ ਡਿਪਟੀ ਕਮਿਸ਼ਨਰ ਨੂੰ ਅਰਜੀ ਦੇ ਕੇ ਆਇਆ। ਪਰ ਕੱਟੀ ਨਹੀਂ ਗਈ। ਜਦੋਂ ਉਸ ਨੇ ਕਰਾਰੇ ਹੱਥ ਦਿਖਾਉਣ ਦੀ ਧਮਕੀ ਦਿੱਤੀ ਤਾਂ "ਹੋ ਜਾਏਗਾ" ਦਾ ਭਰੋਸਾ ਹੀ ਦਿੱਤਾ ਗਿਆ ਸੀ । ਇਹ ਗੱਲ ਉਸਨੇ ਆਪ ਸੁਣਾਈ ਸੀ।
ਸਾਂਝੀ ਲੀਡਰਸ਼ਿਪ ਪੂਰੀ ਤਰ੍ਹਾਂ ਤਨਾਅ ਚ ਸੀ।ਬਾਈਕਾਟ ਦੀ ਕਾਲ ਲਾਗੂ ਕਰਾਉਣ ਦੀ ਸਮਰੱਥਾ ਨਹੀਂ ਸੀ ਜਾਪਦੀ। ਪ੍ਰੈਸ ਵਲੋਂ ਪੂਰਾ ਸਹਿਯੋਗ ਮਿਲ ਰਿਹਾ ਸੀ। ਸਰਕਾਰ ਪਾਸ ਕੋਈ ਵਾਜਬ ਦਲੀਲ ਨਹੀਂ ਸੀ। ਕੁੱਝ ਦਬਾਅ ਵਧਿਆ ਤਾ ਕਹਿਣ ਲੱਗੇ "ਜੋ ਨਹੀਂ ਜਾਣਾ ਚਾਹੁੰਦਾ ਤਾਂ ਆਪਦਾ ਬਦਲ ਦੇ ਸਕਦਾ ਹੈ"। ਹੁਣ ਬਦਲ ਕਿੱਥੋਂ ਆਵੇ? ਹੈਰਾਨੀ ਉਦੋਂ ਹੋਈ ਜਦੋਂ ਅਧਿਆਪਕਾਂ ਦੀ ਡਿਊਟੀ ਕਟਵਾਉਣ ਤੇ ਬਦਲ ਦੇਣ ਦੀ ਸੌਦੇਬਾਜੀ ਕਰਨ ਵਾਲੇ ਦਲਾਲ ਸਰਗਰਮ ਹੋ ਗਏ। ਮੈਨੂੰ ਜਾਣਕਾਰੀ ਦਿੰਦਾ ਉਪਰੋਕਤ ਅਧਿਆਪਕ ਦੇ ਅਨੁਸਾਰ "ਇੱਕ ਬਿਜਲੀ ਮੁਲਾਜ਼ਮ ਨੇ ਮੇਰੇ ਨਾਲ ਪੰਜ ਹਜਾਰ ਰੁਪਏ ਦੇ ਬਦਲੇ ਡਿਊਟੀ ਦੇਣ ਦਾ ਇਕਰਾਰ ਕਰ ਲਿਆ ਸੀ।
ਅੰਤ ਸਾਡਾ ਘੋਲ ਸਫਲ ਹੋਇਆ। ਪ੍ਰਸ਼ਾਸਨ ਨੇ ਆਪਣਾ ਫੈਸਲਾ ਬਦਲ ਲਿਆ ਕਿ ਜਿਹੜਾ ਸਵੈ ਇੱਛਾ ਨਾਲ ਜਾਣਾ ਚਾਹੁੰਦਾ ਹੈ ਉਸ ਨੂੰ ਹੀ ਭੇਜਿਆ ਜਾਵੇਗਾ ਅਤੇ ਨਾਲ ਹੀ ਗਾਂਧੀ ਨਾਲ ਭਰੇ ਟਰੱਕ ਖੋਲ੍ਹ ਦਿੱਤੇ। ਬਿਜਲੀ ਬੋਰਡ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਬੁਲਾ ਲਏ ਗਏ ਸਨ।
ਜਾਣ ਵਾਲੇ ਪ੍ਰਤੀ ਕਰਮਚਾਰੀ ਨੂੰ ਘੱਟੋ ਘੱਟ 10 ਹਜਾਰ ਦੇ ਲਗਭਗ ਚੌਣ ਡਿਊਟੀ ਦੇਣ ਅਤੇ ਹੋਰ ਬਹੁਤ ਸਾਰੇ ਪਰਲੋਭਣ ਦਿੱਤੇ ਗਏ। ਕੈਸ਼ ਮੌਕੇ ਤੇ ਹੀ ਵੰਡਿਆ ਜਾਣ ਲੱਗ ਪਿਆ।
ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ ਕਿ ਨੋਟਾਂ ਦੀ ਤਾਕਤ ਨੇ ਸਾਡੇ ਕੁਝ ਦੇਸ਼ ਭਗਤ ਸਾਥੀਆਂ ਨੂੰ ਜੋਸ਼ ਨਾਲ ਭਰ ਦਿੱਤਾ। ਕਸ਼ਮੀਰ ਦੀਆਂ ਰੰਗੀਨ ਵਾਦੀਆਂ ਆਵਾਜ਼ਾਂ ਮਾਰਨ ਲੱਗੀਆਂ। ਨੋਟਾਂ ਦੀਆਂ ਗੱਠੀਆਂ ਜੇਬਾਂ ਚ ਪੈਣ ਲੱਗ ਪਈਆਂ। ਉਨਾ ਚੋਂ ਦੋ ਮੇਰੇ ਇੱਕ ਵੱਡੇ ਸਕੂਲ ਦੇ ਅਧਿਆਪਕ ਵੀ ਸਨ ਜੋ ਹਰ ਰੋਜ਼ ਇਹ ਕਹਿੰਦੇ ਨਹੀਂ ਥਕਦੇ ਕਿ "ਸਾਡੇ ਤਾਂ ਘਰ ਦੀ ਹਾਲਤ ਬਹੁਤ ਖਰਾਬ ਹੈ, ਮੇਰਾ ਬਾਪ ਹਾਰਟ ਦਾ ਮਰੀਜ਼ ਹੈ।" ਸਾਨੂੰ ਅਪਣੇ ਸੰਘਰਸ਼ ਦੀ ਪ੍ਰਾਪਤੀ ਤੇ ਖੁਸ਼ੀ ਸੀ। ਸੈਂਕੜੇ ਅਧਿਆਪਕਾਂ ਦੀਆਂ ਜਾਨਾਂ ਜਬਰਦਸਤੀ ਮੌਤ ਦੇ ਮੂੰਹ ਚ ਜਾਣ ਤੋਂ ਬਚ ਗਈਆ ਸਨ। '"ਪਰਮਾਤਮਾ ਦੀ ਅਪਾਰ ਕਿਰਪਾ "'ਕਰਕੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਜਲੰਧਰ ਦੇ ਇਕ ਲੈਕਚਰਾਰ ਜੀਵਨ ਲਾਲ ਨੂੰ ਹਾਰਟ ਅਟੈਕ ਕਾਰਨ ਜਾਨ ਗਵਾਉਣੀ ਪਈ ਸੀ। ਕਸ਼ਮੀਰ ਇਲਾਕੇ ਚ 3-5 ਪ੍ਰਤੀਸ਼ਤ ਰਾਜੌਰੀ ਚ 2-7 ਪ੍ਰਤੀਸ਼ਤ ਅਤੇ ਜੰਮੂ ਖੇਤਰ ਚ16-5 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਸਨ। ਮੁਫਤੀ ਮੁਹੰਮਦ ਦੀ ਅਗਵਾਈ ਚ ਸਰਕਾਰ ਗਠਿਤ ਹੋਈ ਸੀ।ਕਾਂਗਰਸ ਨਾਲ ਗਠਬੰਧਨ ਸੀ। ਤਿੰਨ ਸਾਲ ਬਾਅਦ ਕਾਂਗਰਸ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ।

-
ਜੋਗਿੰਦਰ ਆਜਾਦ, writer
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.