ਨਹਿਰ ਵਿੱਚ ਡਿੱਗੀ ਕਾਰ ਚੋਂ ਸਵਾਰੀਆਂ ਕੱਢਣ ਲਈ ਪਹਿਲਾਂ ਛਾਲ ਮਾਰਨ ਵਾਲੇ ਨੂੰ ਸਨਮਾਨਿਤ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 25 ਜੁਲਾਈ 2025 :ਭਾਜਪਾ ਆਗੂ ਸੰਦੀਪ ਅਗਰਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਵਿਸ਼ੇਸ਼ ਚਿੱਠੀ ਈਮੇਲ ਰਾਹੀਂ ਲਿਖੀ ਹੈ ਜਿਸ ਵਿੱਚ ਉਨ੍ਹਾਂ ਬਠਿੰਡਾ ਦੀ ਬਹਿਮਨ ਪੁੱਲ ਦੀ ਕਾਰ ਡੁੱਬਣ ਦੀ ਘਟਨਾ ਦੌਰਾਨ ਲੋਕਾਂ ਦੀ ਜਾਨ ਬਚਾਉਣ ਵਾਲੇ ਨੌਜਵਾਨ ਕ੍ਰਿਸ਼ਨਾ ਨੂੰ ਰਾਜ ਪੱਧਰ ’ਤੇ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਇਹ ਘਟਨਾ ਹਾਲ ਹੀ ਵਿੱਚ ਬਠਿੰਡਾ ਦੀ ਇਕ ਨਹਿਰ ਵਿੱਚ ਵਾਪਰੀ, ਜਿੱਥੇ ਇੱਕ ਕਾਰ ਜਿਸ ਵਿੱਚ 11 ਲੋਕ ਸਵਾਰ ਸਨ । ਅਚਾਨਕ ਕਾਰ ਸੰਤੁਲਨ ਖੋਹ ਕੇ ਨਹਿਰ ਵਿੱਚ ਡੁੱਬਣ ਲੱਗੀ। ਇਸ ਮੌਕੇ ’ਤੇ ਕ੍ਰਿਸ਼ਨਾ ਨਾਮਕ ਨੌਜਵਾਨ ਜੋ ਓਸ ਸਮੇਂ ਕਾਂਵੜ ਲੈ ਕੇ ਪਾਰ ਕਰ ਰਿਹਾ ਸੀ, ਨੇ ਤੁਰੰਤ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਛਾਲ ਮਾਰ ਕੇ ਲੋਕਾਂ ਦੀ ਮਦਦ ਨਾਲ ਬੇਹੱਦ ਹਿੰਮਤ ਦਿਖਾਈ ਤੇ ਜਾਨਾਂ ਬਚਾਈਆਂ।
ਇਸ ਮਾਮਲੇ ਵਿੱਚ ਪੁਲਿਸ ਦੀ ਪੀ ਸੀ ਆਰ. ਟੀਮ ਨੇ ਵੀ ਬਖੂਬੀ ਭੂਮਿਕਾ ਨਿਭਾਈ, ਜਿਸ ਨੂੰ ਪੰਜਾਬ ਸਰਕਾਰ ਵਲੋਂ ਸਨਮਾਨਿਤ ਵੀ ਕੀਤਾ ਗਿਆ ਜੋ ਕਿ ਕਾਬਿਲ-ਏ-ਤਾਰੀਫ਼ ਹੈ। ਪਰ ਕ੍ਰਿਸ਼ਨਾ ਵਾਂਗ ਬਿਨਾਂ ਕਿਸੇ ਸਾਧਨ ਜਾਂ ਸਰਕਾਰੀ ਜਿੰਮੇਵਾਰੀ ਦੇ ਮਨੁੱਖਤਾ ਦੇ ਨਾਤੇ ਆਪਣੀ ਜਾਨ ਖਤਰੇ ’ਚ ਪਾ ਕੇ ਜੋ ਕਰਤੱਬ ਕੀਤਾ, ਉਹ ਸਾਡੇ ਸਮਾਜ ਵਿੱਚ ਵਿਰਲ ਹੀ ਵੇਖਣ ਨੂੰ ਮਿਲਦਾ ਹੈ। ਸੰਦੀਪ ਅਗਰਵਾਲ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਰਾਹੀਂ ਮੰਗ ਕੀਤੀ ਹੈ ਕਿ ਕ੍ਰਿਸ਼ਨਾ ਨੂੰ ਰਾਜ ਪੱਧਰ ’ਤੇ ਤੁਰੰਤ ਸਨਮਾਨਿਤ ਕੀਤਾ ਜਾਵੇ, ਉਨ੍ਹਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਵੇ ਅਤੇ ਕਿਸੇ ਵੀ ਸਰਕਾਰੀ ਇਨਾਮ ਜਾਂ ਹੌਸਲਾ ਅਫ਼ਜ਼ਾਈ ਯੋਜਨਾ ਦੇ ਤਹਿਤ ਕਵਰੇਜ ਦਿੱਤੀ ਜਾਵੇ।
ਸੰਦੀਪ ਅਗਰਵਾਲ ਨੇ ਕਿਹਾ ਕਿ ਕ੍ਰਿਸ਼ਨਾ ਦੀ ਇਹ ਬਹਾਦੁਰੀ ਨਾ ਸਿਰਫ਼ ਇਕ ਪ੍ਰੇਰਨਾ ਹੈ, ਸਗੋਂ ਇਹ ਦਰਸਾਉਂਦੀ ਹੈ ਕਿ ਜਦੋਂ ਜ਼ਿੰਦਗੀ ਦੀ ਉਮੀਦ ਮੁੱਕਣ ਲੱਗੇ, ਤਦ ਵੀ ਕੋਈ ਨੌਜਵਾਨ ਆਪਣੇ ਹੌਸਲੇ ਅਤੇ ਜਿੰਮੇਵਾਰੀ ਨਾਲ ਕਈ ਪਰਿਵਾਰਾਂ ਨੂੰ ਦੁਬਾਰਾ ਜੀਵਨ ਦੇ ਸਕਦਾ ਹੈ। ਸਰਕਾਰ ਵਲੋਂ ਉਸਨੂੰ ਸਨਮਾਨ ਦੇਣਾ ਬਾਕੀ ਨੌਜਵਾਨਾਂ ਲਈ ਇੱਕ ਮਿਸਾਲ ਬਣੇਗਾ। ਸੰਦੀਪ ਅਗਰਵਾਲ ਵਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਕ੍ਰਿਸ਼ਨਾ ਵਰਗੇ ਨੌਜਵਾਨਾਂ ਦੀ ਵੀਰਤਾ ਨੂੰ ਮੰਨਤਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਹੋਰ ਨੌਜਵਾਨ ਵੀ ਮਨੁੱਖਤਾ ਦੇ ਰਾਹ 'ਤੇ ਅੱਗੇ ਵਧਣ ਅਤੇ ਲੋਕ ਭਲਾਈ ਦੇ ਕੰਮਾਂ ਚ ਜੁੜਨ।