ਪਾਇਲ, ਦੋਰਾਹਾ ਅਤੇ ਮਲੌਦ ‘ਚ ਹੈਨਰੀ ਦਾ ਪੁਤਲਾ ਫੂਕਿਆ, ਦਲਿਤ ਤੇ ਸਿੱਖ ਸਮਾਜ ਦੇ ਅਪਮਾਨ ਖਿਲਾਫ਼ ਰੋਸ
ਸੁਖਮਿੰਦਰ ਭੰਗੂ
ਪਾਇਲ, 16 ਜੁਲਾਈ 2025 - ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਜੂਨੀਅਰ ਹੈਨਰੀ ਵੱਲੋਂ ਐਮ ਐਲ ਏ ਸਾਹਿਬ ਨਾਲ ਕੀਤੀ ਗਈ ਗਾਲੀ-ਗਲੋਚ ਅਤੇ ਅਪਮਾਨਜਨਕ ਟਿੱਪਣੀਆਂ ਦੇ ਖਿਲਾਫ ਅੱਜ ਪਾਇਲ ‘ਚ ਦਲਿਤ ਸਮਾਜ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਗਟ ਕਰਨ ਦੇ ਤੌਰ ‘ਤੇ ਹੈਨਰੀ ਦਾ ਪੁਤਲਾ ਪਾਇਲ ਚੌਕ ‘ਚ ਸੜਕ ‘ਤੇ ਫੂਕਿਆ ਗਿਆ।
ਦਲਿਤ ਸਮਾਜ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਵੱਲੋਂ ਕਦੇ ਦਲਿਤਾਂ ਨੂੰ “ਮਟੀਰਲ” ਆਖ ਕੇ ਬੇਇੱਜ਼ਤ ਕੀਤਾ ਜਾਂਦਾ ਹੈ, ਤਾਂ ਕਦੇ ਸਿੱਖ ਕੌਮ ਦਾ ਮਜ਼ਾਕ ਉਡਾਇਆ ਜਾਂਦਾ ਹੈ ਕਿ ਉਹਨਾਂ ਦੇ “ਬਾਰਾਂ ਵੱਜ ਗਏ”। ਆਗੂਆਂ ਮੁਤਾਬਕ ਇਹ ਮਨੋਵ੍ਰਿਤੀ ਸਿਰਫ਼ ਘਟੀਆ ਗੰਦੀ ਸੋਚ ਦੀ ਪੈਦਾਵਾਰ ਹੈ।
ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੀਨੀਅਰ ਆਗੂਆਂ ਨੇ ਕਿਹਾ ਕਿ ਲੋਕਤੰਤਰ ਵਿੱਚ ਚੁਣੇ ਹੋਏ ਪ੍ਰਤਿਨਿਧੀਆਂ ਨਾਲ ਇੱਜ਼ਤਦਾਰ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਵਿਧਾਨ ਸਭਾ ਵਰਗੇ ਸੰਵਿਧਾਨਕ ਮੰਚ ‘ਤੇ ਅਪਮਾਨਜਨਕ ਭਾਸ਼ਾ ਵਰਤਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਹੈਨਰੀ ਤੁਰੰਤ ਦਲਿਤ ਸਮਾਜ ਤੋਂ ਮੁਆਫ਼ੀ ਮੰਗੇ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਸਿੱਖ ਸਮਾਜ ਤੋਂ ਅਤੇ ਐਮ ਐਲ ਏ ਸਾਹਿਬ ਤੋਂ ਖੁੱਲ੍ਹੀ ਮਾਫ਼ੀ ਮੰਗਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਾਫ਼ੀ ਨਾ ਮੰਗੀ ਗਈ, ਤਾਂ ਅਗਲੇ ਦਿਨਾਂ ਵਿੱਚ ਰੋਸ ਹੋਰ ਤੀਬਰ ਕੀਤਾ ਜਾਵੇਗਾ।
ਇਸ ਪ੍ਰਦਰਸ਼ਨ ਵਿੱਚ ਸੈਂਕੜੇ ਵਰਕਰਾਂ ਅਤੇ ਨਾਗਰਿਕਾਂ ਨੇ ਹਿੱਸਾ ਲੈ ਕੇ ਨਾਅਰੇਬਾਜ਼ੀ ਕੀਤੀ ਤੇ ਆਪਣਾ ਗੁੱਸਾ ਪ੍ਰਗਟ ਕੀਤਾ।