ਕੈਂਸਰ ਨੇ ਖੋਹਿਆ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਦਾ ਕੜੀ ਵਰਗਾ ਇਕਲੌਤਾ ਗੱਭਰੂ ਪੁੱਤ
ਅਸ਼ੋਕ ਵਰਮਾ
ਬਠਿੰਡਾ,16 ਜੁਲਾਈ2025: ਨਾਮੁਰਾਦ ਕੈਂਸਰ ਦੀ ਬਿਮਾਰੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਆਗੂ ਜਗਸੀਰ ਸਿੰਘ ਝੂੰਬਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨਾਂ ਦੇ ਇਕਲੌਤੇ ਨੌਜਵਾਨ ਪੁੱਤਰ ਰਾਜਦੀਪ ਸਿੰਘ (25) ਦੀ ਕੈਂਸਰ ਦੀ ਭਿਆਨਕ ਬਿਮਾਰੀ ਕਾਰਨ ਮੌਤ ਹੋ ਗਈ। ਰਾਜਦੀਪ ਸਿੰਘ ਪਿਛਲੇ ਚਾਰ-ਪੰਜ ਸਾਲਾਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਿਹਾ ਸੀ ਜਿਸ ਦਾ ਹੁਣ ਚੰਡੀਗੜ ਦੇ ਪੀਜੀਆਈ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਡਾਕਟਰਾਂ ਵੱਲੋਂ ਯਤਨ ਕਰਨ ਦੇ ਬਾਵਜੂਦ ਮੰਗਲਵਾਰ ਰਾਤ 8 ਵਜੇ ਉਹਨਾਂ ਦੀ ਮੌਤ ਹੋ ਗਈ। ਰਾਜਦੀਪ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਆਪਣੀ ਵੱਡੀ ਭੈਣ ਨੂੰ ਛੱਡ ਗਿਆ ਹੈ। ਉਸ ਦਾ ਅੰਤਿਮ ਸੰਸਕਾਰ ਹਜ਼ਾਰਾਂ ਸੇਜ਼ਲ ਅੱਖਾਂ ਦੇ ਨਾਲ ਅੱਜ ਬੁੱਧਵਾਰ ਨੂੰ ਪਿੰਡ ਝੁੰਬਾ ਵਿਖੇ ਕੀਤਾ ਗਿਆ।
ਇਸ ਮੌਕੇ ਦੁਖੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਪ੍ਰੈਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ,ਜਿਲਾ ਆਗੂ ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਬਿੰਦੂ, ਕਰਮਜੀਤ ਕੌਰ ਲਹਿਰਾ ਖਾਨਾ, ਪਰਮਜੀਤ ਕੌਰ ਪਿੱਥੋ ਅਤੇ ਮਾਲਣ ਕੌਰ ਕੋਠਾ ਗੁਰੂ ਸਮੇਤ ਬਲਾਕਾਂ ਤੇ ਪਿੰਡਾਂ ਦੇ ਆਗੂ ਵਰਕਰਾਂ ਤੋਂ ਇਲਾਵਾ ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਅਤੇ ਸੁਖਵਿੰਦਰ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਜਗਰੂਪ ਸਿੰਘ ਲਹਿਰਾ ਮੁਹੱਬਤ, ਨੌਜਵਾਨ ਭਾਰਤ ਸਭਾ ਤੋਂ ਅਸ਼ਵਨੀ ਕੁਮਾਰ ਘੁੱਦਾ ਅਤੇ ਇਲਾਕੇ ਭਰ ਦੇ ਲੋਕ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸਨ। ਰਾਜਦੀਪ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਭੋਗ ਸਮਾਗਮ 24 ਜੁਲਾਈ ਦਿਨ ਵੀਰਵਾਰ ਨੂੰ ਪਿੰਡ ਝੁੰਬਾ ਵਿਖੇ ਹੋਵੇਗਾ।