ਪੰਜਾਬ ਪੁਲਿਸ ਦੀ ਬੱਲੇ-ਬੱਲੇ: 13 ਖਿਡਾਰੀਆਂ ਨੇ ਭਾਰਤ ਦੀ ਝੋਲੀ 'ਚ ਪਾਏ 32 ਸੋਨੇ, 16 ਚਾਂਦੀ ਅਤੇ 11 ਕਾਂਸੇ ਸਮੇਤ 59 ਤਗਮੇ
- ਏ.ਡੀ.ਜੀ.ਪੀ ਨੇ ਕੀਤਾ ਨਿੱਘਾ ਸਵਾਗਤ
- ਖਿਡਾਰੀਆਂ ਨੇ ਪੂਰੀ ਦੁਨੀਆਂ 'ਚ ਪੰਜਾਬ ਪੁਲਿਸ ਦਾ ਨਾਂਅ ਚਮਕਾਇਆ : ਐਮ.ਐਫ. ਫਾਰੂਕੀ
- 9 ਖਿਡਾਰੀਆਂ ਨੇ ਐਥਲੈਟਿਕਸ, ਵਾਟਰ ਸਪੋਰਟਸ, ਕੁਸ਼ਤੀ ਅਤੇ ਜੂਡੋ 'ਚ ਵੀ 10 ਸੋਨੇ, 2 ਚਾਂਦੀ ਅਤੇ 9 ਕਾਂਸੇ ਦੇ ਮੈਡਲਾਂ ਸਮੇਤ 21 ਤਗਮੇ ਜਿੱਤੇ
ਜਲੰਧਰ, 15 ਜੁਲਾਈ 2025 - ਬਰਮਿੰਘਮ, ਯੂ.ਐਸ.ਏ. ਵਿਖੇ 26 ਜੂਨ ਤੋਂ 7 ਜੁਲਾਈ ਤੱਕ ਹੋਈਆਂ ਵਰਲਡ ਪੁਲਿਸ ਖੇਡਾਂ ਵਿੱਚ ਪੰਜਾਬ ਪੁਲਿਸ ਦੇ 13 ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਸ਼ਾਨਦਾਨ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਪੁਲਿਸ ਦੀ ਟੀਮ ਲਈ 32 ਸੋਨੇ, 16 ਚਾਂਦੀ ਅਤੇ 11 ਕਾਂਸੇ ਦੇ ਤਗਮੇ ਕੁੱਲ 59 ਮੈਡਲ ਜਿੱਤ ਕੇ ਪੰਜਾਬ ਪੁਲਿਸ ਦਾ ਨਾਮ ਸਮੂਹ ਦੇਸ਼ ਦੀਆਂ ਪੈਰਾਮਿਲਟਰੀ ਫੋਰਸਜ਼/ਸਟੇਟ ਪੁਲਿਸ/ਯੂ.ਟੀ. ਪੁਲਿਸ ਵਿੱਚ ਨਾਮ ਰੌਸ਼ਨ ਕੀਤਾ ਹੈ।
ਇਸ ਸਫਲਤਾ ਲਈ ਅੱਜ ਪੀ.ਏ.ਪੀ. ਹੈੱਡਕੁਆਟਰ ਪਹੁੰਚਣ 'ਤੇ ਐਮ.ਐਫ. ਫਾਰੂਕੀ, ਏ.ਡੀ.ਜੀ.ਪੀ., ਸਟੇਟ ਆਰਮਡ ਪੁਲਿਸ ਜਲੰਧਰ ਅਤੇ ਮੁੱਖ ਅਫਸਰ ਖੇਡਾਂ, ਪੰਜਾਬ ਪੁਲਿਸ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਸ਼ਾਨਦਾਰ ਉਪਲੱਬਧੀ 'ਤੇ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਪੂਰੀ ਦੁਨੀਆਂ ਵਿੱਚ ਪੰਜਾਬ ਪੁਲਿਸ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਜਿਹੇ ਖਿਡਾਰੀਆਂ ਉੱਤੇ ਮਾਣ ਹੈ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਵੀ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ।
ਖੇਡ ਸਕੱਤਰ ਪੰਜਾਬ ਪੁਲਿਸ ਨਵਜੋਤ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਵੀ ਹੋਰ ਮੈਡਲ ਜਿੱਤਣ ਦਾ ਮੁੱਖ ਅਫਸਰ ਖੇਡਾਂ ਨੂੰ ਭਰੋਸਾ ਦਿਵਾਇਆ।
ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਮਾਹਲ ਨੇ ਦੱਸਿਆ ਕਿ ਖੇਡਾਂ ਵਾਸਤੇ ਸਰਬ ਭਾਰਤੀ ਪੁਲਿਸ ਸਪੋਰਟਸ ਕੰਟਰੋਲ ਬੋਰਡ ਨਵੀਂ ਦਿੱਲੀ ਵਲੋਂ ਪੰਜਾਬ ਪੁਲਿਸ ਦੇ 7 ਐਥਲੈਟਿਕਸ, 3 ਜੂਡੋ, 1 ਤੀਰ-ਅੰਦਾਜ਼ੀ, 1 ਤੈਰਾਕੀ ਅਤੇ 1 ਆਰਮ ਰੈਸਲਿੰਗ ਸਮੇਤ 13 ਖਿਡਾਰੀ/ਖਿਡਾਰਨਾਂ ਨੇ ਖੇਡਾਂ ਵਿੱਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦਾ ਤਿਆਰੀ ਕੈਂਪ ਐਨ.ਆਈ.ਐਸ ਪਟਿਆਲਾ ਵਿਖੇ ਲਗਾਇਆ ਗਿਆ ਸੀ।
ਇਸ ਤੋਂ ਇਲਾਵਾ ਸੈਂਟਰਲ ਸਪੋਰਟਸ, ਪੰਜਾਬ ਪੁਲਿਸ ਦੇ 9 ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ/ਖਿਡਾਰਨਾਂ ਨੇ ਐਥਲੈਟਿਕਸ, ਵਾਟਰ ਸਪੋਰਟਸ, ਕੁਸ਼ਤੀ ਅਤੇ ਜੂਡੋ ਖੇਡ ਵਿੱਚ ਭਾਗ ਲੈ ਕੇ 10 ਸੋਨਾ, 2 ਚਾਂਦੀ ਅਤੇ 9 ਕਾਂਸੇ ਦੇ ਮੈਡਲਾਂ ਸਮੇਤ ਕੁੱਲ 21 ਤਗਮੇ ਜਿੱਤੇ ਹਨ।