Babushahi Special: ਨਰਿੰਦਰਦੀਪ ਹਿਰਾਸਤੀ ਮੌਤ: ਇਸ ਅਦਾਲਤ ’ਚ ਬੰਦੇ ਬਿਰਖ ਹੋ ਗ ਏ- ਆਖੋ ਇੰਨਾਂ ਨੂੰ ਉੱਜੜੇ ਘਰੀਂ ਜਾਣ
ਅਸ਼ੋਕ ਵਰਮਾ
ਬਠਿੰਡਾ, 16 ਜੁਲਾਈ 2025: ਗੋਨਿਆਣਾ ਮੰਡੀ ਦੀ ਓਮੈਕਸ ਕਲੋਨੀ ਵਾਸੀ ਨਰਿੰਦਰਜੀਤ ਸਿੰਘ ਦੀ ਕਥਿਤ ਪੁਲਿਸ ਹਿਰਾਸਤ ਹੋਈ ਮੌਤ ਨੂੰ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਬਠਿੰਡਾ ਪੁਲਿਸ ਇੱਕ ਵੀ ਮੁਲਜਮ ਨੂੰ ਗਿ੍ਰਫਤਾਰ ਨਹੀਂ ਕਰ ਸਕੀ ਹੈ ਜਿਸ ਦਾ ਕਾਰਨ ਇਸ ਮੌਤ ਦਾ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ 2 ਦੀ ਹਿਰਾਸਤ ਦੌਰਾਨ ਹੋਣਾ ਹੈ। ਪੁਲਿਸ ਨੇ ਇਸ ਮਾਮਲੇ ’ਚ ਚਾਰ ਪੁਲਿਸ ਮੁਲਾਜਮਾਂ ਖਿਲਾਫ ਗੈਰਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਹੋਇਆ ਹੈ ਜੋ ਸੀਆਈਏ ਟੂ ਵਿੱਚ ਤਾਇਨਾਤ ਸਨ। ਇਸ ਤੋਂ ਇਲਾਵਾ ਦੋ ਹੋਰ ਨੌਜਵਾਨਾਂ ਨੂੰ ਪੁਲਿਸ ਨੇ ਮੁਕੱਦਮੇ ’ਚ ਦੋਸ਼ੀ ਵਜੋਂ ਨਾਮਜਦ ਕੀਤੇ ਹੋਏ ਹਨ। ਇੰਨਾਂ ਨੌਜਵਾਨਾਂ ਚੋਂ ਇੱਕ ਨੇ ਹਾਈਕੋਰਟ ਚੋਂ ਸਟੇਅ ਹਾਸਲ ਕਰ ਲਿਆ ਹੈ ਜਦੋਂਕਿ ਦੂਸਰਾ ਨੌਜਵਾਨ ਫਰਾਰ ਚੱਲਿਆ ਆ ਰਿਹਾ ਹੈ। ਪ੍ਰੀਵਾਰ ਨੇ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਇਨਸਾਫ ਖਾਤਰ ਪਹਿਲਾਂ ਬਠਿੰਡਾ ’ਚ ਧਰਨਾ ਲਾਇਆ ਸੀ।
ਉਸ ਮਗਰੋਂ ਪੀੜਤ ਪ੍ਰੀਵਾਰ ਨੇ ਜਿਮਨੀ ਚੋਣ ਮੌਕੇ ਲੁਧਿਆਣਾ ’ਚ ਧਰਨੇ ਉਪਰੰਤ ਰੋਸ ਮਾਰਚ ਕੱਢਿਆ ਅਤੇ ਲੰਘੇ ਸ਼ੁੱਕਰਵਾਰ ਨੂੰ ਕਾਲੇ ਕੱਪੜੇ ਪਹਿਨਕੇ ਪ੍ਰਦਰਸ਼ਨ ਕੀਤਾ ਤੇ ਨਿਆਂ ਦੀ ਮੰਗ ਕੀਤੀ ਪਰ ਪੁਲਿਸ ਪ੍ਰਸ਼ਾਸ਼ਨ ਦੇ ਕੰਨਾਂ ਤੇ ਜੂੰਅ ਨਹੀਂ ਸਰਕੀ ਹੈ। ਮਿ੍ਰਤਕ ਨਰਿੰਦਰਦੀਪ ਦੇ ਮਾਪੇ ਅਤੇ ਪਤਨੀ ਉਸ ਦੇ ਪੰਜ ਸਾਲ ਦੇ ਪੁੱਤਰ ਨੂੰ ਇਹ ਦੱਸ ਨਹੀਂ ਸਕੇ ਹਨ ਕਿ ਉਸ ਨੂੰ ਲਾਡ ਲਡਾਉਣਾ ਵਾਲਾ ਪਿਤਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ ਬਲਕਿ ਸਭ ਪਾਪਾ ਦੇ ਜਲਦੀ ਆਉਣ ਬਾਰੇ ਕਹਿ ਰਹੇ ਹਨ। ਐਸਐਸਪੀ ਅਮਨੀਤ ਕੌਂਡਲ ਆਖਦੇ ਹਨ ਕਿ ਹਾਈਕੋਰਟ ਦੇ ਆਦੇਸ਼ਾਂ ਪਿਛੋਂ ਗਗਨਦੀਪ ਜਾਂਚ ’ਚ ਸ਼ਾਮਲ ਹੋਇਆ ਸੀ ਪਰ ਉਸ ਦੀ ਗਿ੍ਰਫਤਾਰੀ ਤੇ ਰੋਕ ਲੱਗੀ ਹੋਈ ਹੈ। ਉਨਾਂ ਕਿਹਾ ਕਿ ਹੈਪੀ ਲੂਥਰਾ ਅਤੇ ਚਾਰਾਂ ਪੁਲਿਸ ਮੁਲਾਜਮਾਂ ਦੇ ਗਿ੍ਰਫਤਾਰੀ ਵਰੰਟ ਹਾਸਲ ਕਰ ਲਏ ਹਨ ਅਤੇ ਉਨਾਂ ਨੂੰ ਗਿ੍ਰਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹਾਈਕੋਰਟ ਦਾ ਰਾਹ ਬਚਿਆ:ਨੈਨਸੀ
ਨਰਿੰਦਰਦੀਪ ਦੀ ਪਤਨੀ ਨੈਨਸੀ ਦਾ ਦੁੱਖ ਵੱਡਾ ਹੈ ਜੋ ਗੱਲ ਕਰਦਿਆਂ ਹੀ ਫੁੱਟ ਫੁੱਟ ਕੇ ਰੋਣ ਲੱਗ ਜਾਂਦੀ ਹੈ। ਭਰੇ ਗਲੇ ਨਾਲ ਉਹ ਆਖਦੀ ਹੈ ਕਿ ਉਨਾਂ ਨੇ ਡੀਆਈਜੀ ਅਤੇ ਐਸਐਸਪੀ ਦੇ ਦਰ ਤੇ ਮੱਥਾ ਰਗੜਿਆ ਪਰ ਅਫਸਰ ਰਟਿਆ ਰਟਾਇਆ ਜਵਾਬ ਦਿੰਦੇ ਕਿ ਦੋਸ਼ੀ ਜਲਦੀ ਹੀ ਫੜੇ ਜਾਣਗੇ। ਡੇਢ ਮਹੀਨੇ ਤੋਂ ਵੱਧ ਦਾ ਸਮਾਂ ਲੰਘ ਗਿਆ ਹੈ ਇਸ ਲਈ ਹੁਣ ਤਾਂ ਪੁਲਿਸ ਤੋਂ ਇਨਸਾਫ ਦੀ ਉਮੀਦ ਹੀ ਖਤਮ ਹੁੰਦੀ ਜਾ ਰਹੀ ਹੈ ਜਿਸ ਕਰਕੇ ਉਹ ਨਿਆਂ ਖਾਤਰ ਹਾਈਕੋਰਟ ਜਾਣਗੇ।
ਮੁਲਾਜਮਾਂ ਨੂੰ ਬਚਾ ਰਹੀ ਪੁਲਿਸ
ਮਿ੍ਰਤਕ ਦੇ ਪਿਤਾ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਜਦੋਂ ਪੁਲਿਸ ਹੋਰਨਾਂ ਮਾਮਲਿਆਂ ’ਚ ਫੁਤੀ ਦਿਖਾਉਂਦੀ ਹੈ ਤਾਂ ਉਨਾਂ ਦੇ ਪੁੱਤ ਦੇ ਮਾਮਲੇ ’ਚ ਇਹ ਢਿੱਲੜ ਰਵਈਆ ਕਿਓਂ ਹੈ। ਉਨਾਂ ਕਿਹਾ ਕਿ ਇਸ ਮਾਮਲੇ ’ਚ ਪੁਲਿਸ ਮੁਲਾਜਮ ਕਥਿਤ ਦੋਸ਼ੀ ਹਨ ਜਿਸ ਕਰਕੇ ਉਨਾਂ ਨੂੰ ਗਿ੍ਰਫਤਾਰ ਨਹੀਂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਪਹਿਲੇ ਹੀ ਦਿਨ ਤੋਂ ਦੋਸ਼ੀਆਂ ਨੂੰ ਬਚਾਉਣ ’ਚ ਲੱਗਿਆ ਹੋਇਆ ਹੈ ਜਿਸ ਕਰਕੇ ਹੁਣ ਪ੍ਰੀਵਾਰ ਦੀ ਆਖਰੀ ਉਮੀਦ ਅਦਾਲਤ ਤੇ ਬਚੀ ਹੈ। ਉਨਾਂ ਕਿਹਾ ਕਿ ਸਾਡੀ ਇੱਕੋ ਮੰਗ ਹੈ ‘ਜਲਦੀ ਤੋਂ ਜਲਦੀ ਇਨਸਾਫ ਮਿਲੇ ’ਤਾਂ ਜੋ ਉਨਾਂ ਦੇ ਪੁੱਤ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ।
ਨਸ਼ੇ ਦੇ ਸ਼ੱਕ ’ਚ ਫੜਿਆ-ਕਰੰਟ ਨਾਲ ਮੌਤ
ਜਾਣਕਾਰੀ ਅਨੁਸਾਰ ਲੰਘੀ 23 ਮਈ ਨੂੰ ਨਰਿੰਦਰਦੀਪ ਸਿੰਘ ਆਪਣੀ ਕਾਰ ਤੇ ਫਿਰੋਜ਼ਪੁਰ ਗਿਆ ਸੀ । ਸ਼ਾਮ ਨੂੰ ਸਾਢੇ ਪੰਜ ਵਜੇ ਉਸ ਦੀ ਪਤਨੀ ਨਾਲ ਫੋਨ ਤੇ ਗੱਲ ਹੋਈ ਸੀ ਜੋ ਬਾਅਦ ’ਚ ਬੰਦ ਹੋ ਗਿਆ। ਉਸੇ ਦਿਨ ਰਾਤ ਵਕਤ ਗਗਨਦੀਪ ਨਾਮੀ ਨੌਜਵਾਨ ਨੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਕੀਤੀ ਵੀਡੀਓ ’ਚ ਦੋਸ਼ ਲਾਇਆ ਸੀ ਕਿ ਉਸ ਦੇ ਦੋਸ਼ ਨਰਿੰਦਰਦੀਪ ਨੂੰ ਸੀਆਈਏ 2 ਦੀ ਟੀਮ ਨੇ ਨਸ਼ੇ ਦੇ ਸ਼ੱਕ ’ਚ ਫੜ ਲਿਆ ਅਤੇ ਥਾਣੇ ਲੈ ਗਏ। ਉੱਥੇ ਉਸ ਦੇ ਦੋਸਤ ਨੂੰ ਕਰੰਟ ਲਾਕੇ ਤਸੀਹੇ ਦਿੱਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਪਿਤਾ ਦੇ ਬਿਆਨਾਂ ਤੇ ਕੇਸ ਦਰਜ
ਨਰਿੰਦਰਜੀਤ ਦੀ ਹਿਰਾਸਤੀ ਮੌਤ ਨੂੰ ਲੈਕੇ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮਿ੍ਰਤਕ ਦੇ ਪਿਤਾ ਰਣਜੀਤ ਸਿੰਘ ਵੱਲੋਂ ਦਿੱਤੇ ਬਿਆਂਨਾਂ ਦੇ ਅਧਾਰ ਤੇ ਸੀਆਈਏ 2 ਦੇ ਏਐਸਆਈ ਅਵਤਾਰ ਸਿੰਘ ਤਾਰੀ ਖਿਲਾਫ ਬੀਐਨਐਸ ਦੀ ਧਾਰਾ 105 (ਗੈਰਇਰਾਦਤਨ ਕਤਲ) ਤਹਿਤ ਮੁਕੱਦਮਾ ਦਰਜ ਕੀਤਾ ਸੀ। ਮਗਰੋਂ ਪੁਲਿਸ ਨੇ ਤਿੰਨ ਹੋਰ ਪੁਲਿਸ ਮੁਲਾਜਮਾਂ ਨੂੰ ਹੌਲਦਾਰ ਹਰਵਿੰਦਰ ਸਿੰਘ, ਸੀਨੀਅਰ ਸਿਪਾਹੀ ਲਖਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਨੂੰ ਵੀ ਨਾਮਜਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗਗਨਦੀਪ ਸਿੰਘ ਤੇ ਹੈਪੀ ਲੂਥਰਾ ਵੀ ਕੇਸ ’ਚ ਸ਼ਾਮਲ ਹਨ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਨਰਿੰਦਰਦੀਪ ਦੀ ਮੌਤ ਸੜਕ ਹਾਦਸੇ ’ਚ ਹੋਈ ਹੈ ਪਰ ਮਿ੍ਰਤਕ ਦੇ ਪਿਤਾ ਦਾ ਸਵਾਲ ਸੀ ਕਿ ਜੇਕਰ ਹਾਦਸਾ ਹੋਇਆ ਹੈ ਤਾਂ ਗੱਡੀ ਤੇ ਇੱਕ ਵੀ ਝਰੀਟ ਕਿਓਂ ਨਹਂੀ ਆਈ ਹੈ।
ਐਸਐਸਪੀ ਦਾ 9 ਜੁਲਾਈ ਨੂੰ ਬਿਆਨ
ਐਸਐਸਪੀੀ ਅਮਨੀਤ ਕੌਂਡਲ ਨੇ 9 ਜੁਲਾਈ ਨੂੰ ਕੱਢੇ ਫਲੈਗ ਮਾਰਚ ਮੌਕੇ ਕਿਹਾ ਸੀ ਕਿ ਬਠਿੰਡਾ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਕਿ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਸਖਤ ਕਾਰਵਾਈ ਕੀਤੀ ਜਾਏਗੀ।